ਭਗਵੰਤ ਮਾਨ ਕੋਲ 1 ਕਰੋੜ 97 ਲੱਖ ਰੁਪਏ ਦੀ ਸੰਪਤੀ
ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਦੇ ਕੋਲ 931 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 15 ਲੱਖ ਰੁਪਏ ਦੀ ਸੰਪਤੀ ਨਾਲ ਸਭ ਤੋਂ ਗਰੀਬ ਮੁੱਖ ਮੰਤਰੀ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਪਤੀ 1 ਕਰੋੜ 97 ਲੱਖ ਰੁਪਏ ਦੱਸੀ ਗਈ ਹੈ। ਇਸਦੇ ਚੱਲਦਿਆਂ 31 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਔਸਤ ਸੰਪਤੀ 52.59 ਕਰੋੜ ਰੁਪਏ ਹੈ, ਜਦੋਂ ਕਿ ਕੁੱਲ ਸੰਪਤੀ 1630 ਕਰੋੜ ਰੁਪਏ ਹੈ। ਅਰੁਣਾਚਲ ਪ੍ਰਦੇਸ਼ ਦੇ ਪੇਮਾ ਖਾਂਡੂ ਦੂਜੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਕੋਲ ਕੁੱਲ 332 ਕਰੋੜ ਰੁਪਏ ਦੀ ਜਾਇਦਾਦ ਹੈ। ਇਸੇ ਤਰ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ 51 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਨਾਲ ਤੀਜੇ ਨੰਬਰ ‘ਤੇ ਹਨ। ਗ਼ਰੀਬ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਦੂਜੇ ਨੰਬਰ ‘ਤੇ ਹਨ। ਉਨ੍ਹਾਂ ਕੋਲ 55 ਲੱਖ ਰੁਪਏ ਦੀ ਜਾਇਦਾਦ ਹੈ। ਇਸ ਸੂਚੀ ਵਿੱਚ ਪਿਨਾਰਾਈ ਵਿਜਯਨ ਤੀਸਰੇ ਨੰਬਰ ‘ਤੇ ਹਨ। ਉਨ੍ਹਾਂ ਕੋਲ 1.18 ਕਰੋੜ ਰੁਪਏ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ ਪੇਮਾ ਖਾਂਡੂ ‘ਤੇ ਸਭ ਤੋਂ ਵੱਧ 180 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ।
ਸਿੱਧਾਰਮੱਈਆ ‘ਤੇ 23 ਕਰੋੜ ਰੁਪਏ ਅਤੇ ਨਾਇਡੂ ‘ਤੇ ਦਸ ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਹਨ।
42 ਫੀਸਦ ਮੁੱਖ ਮੰਤਰੀਆਂ ਖਿਲਾਫ ਅਪਰਾਧਕ ਮਾਮਲੇ ਦਰਜ : ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 13 (42 ਫੀਸਦ) ਮੁੱਖ ਮੰਤਰੀਆਂ ਨੇ ਆਪਣੇ ਖਿਲਾਫ ਅਪਰਾਧਕ ਮਾਮਲੇ ਹੋਣ ਦਾ ਐਲਾਨ ਕੀਤਾ ਹੈ, ਜਦਕਿ 10 (32 ਫੀਸਦ) ਖਿਲਾਫ ਇਰਾਦਾ ਕਤਲ, ਅਗਵਾ, ਰਿਸ਼ਵਤਖੋਰੀ ਤੇ ਅਪਰਾਧਕ ਧਮਕੀਆਂ ਨਾਲ ਸਬੰਧਤ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਕੁੱਲ 31 ਵਿੱਚ ਮੁੱਖ ਮੰਤਰੀਆਂ ਵਿੱਚੋਂ ਸਿਰਫ਼ ਦੋ ਮਹਿਲਾਵਾਂ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਤੇ ਦਿੱਲੀ ਦੀ ਆਤਿਸ਼ੀ ਹਨ।