Breaking News
Home / ਮੁੱਖ ਲੇਖ / ਕਲਾਈਮੇਟ ਐਕਸ਼ਨ ਦੇ ਮੁੱਦੇ ਤੇ ਸਭ ਨੂੰ ਇਕਜੁੱਟ ਹੋਣ ਦੀ ਲੋੜ

ਕਲਾਈਮੇਟ ਐਕਸ਼ਨ ਦੇ ਮੁੱਦੇ ਤੇ ਸਭ ਨੂੰ ਇਕਜੁੱਟ ਹੋਣ ਦੀ ਲੋੜ

Catherine-Abreu-Portrait-
ਕੈਥਰੀਨ ਅਬਰੇਯੂ

ਮੈਂ ਇਕ ਅਜਿਹੇ ਪਰਿਵਾਰ ਵਿੱਚ ਵੱਡੀ ਹੋਈ, ਜਿੱਥੇ ਜ਼ਿਆਦਾ ਪੈਸਾ ਨਹੀਂ ਸੀ। ਮੇਰੀ ਨਿਰਭਰਤਾ ਮੇਰੇ ਪਰਿਵਾਰ ਦੇ ਪਿਆਰ ਤੇ ਸੀ, ਜਾਂ ਉਨ੍ਹਾਂ ਸਰੋਕਾਰਾਂ ਤੇ ਜੋ ਉਨ੍ਹਾਂ ਮੈਨੂੰ ਮੇਰੇ ਬਾਰੇ, ਦੂਜਿਆਂ ਨਾਲ ਮੇਰੇ ਸੰਬੰਧਾਂ ਬਾਰੇ ਅਤੇ ਕੁਦਰਤੀ ਸੰਸਾਰ ਨਾਲ ਸਾਡੇ ਸੰਬੰਧਾਂ ਬਾਰੇ ਦਿੱਤੇ।

ਇਹੀ ਇਕ ਵੱਡੀ ਵਜ੍ਹਾ ਸੀ ਕਿ ਮੈਂ ਕਲਾਈਮੇਟ ਚੇਂਜ ਬਾਰੇ ਕੰਮ ਕਰਨ ਲੱਗੀ। ਮੈਂ ਲੋਕਾਂ ਨੂੰ ਪਿਆਰ ਕਰਦੀ ਹਾਂ, ਜਾਨਵਰਾਂ ਨੂੰ ਪਿਆਰ ਕਰਦੀ ਹਾਂ ਅਤੇ ਉਸ ਘਰ ਨੂੰ ਪਿਆਰ ਕਰਦੀ ਹਾਂ, ਜੋ ਸਾਡਾ ਸਾਂਝਾ ਹੈ। ਜੇ ਅਸੀਂ ਇਸ ਦੀ ਜੜ੍ਹ ਵਿੱਚ ਜਾਈਏ, ਕਲਾਈਮੇਟ ਐਕਸ਼ਨ ਧਰਤੀ ਨੂੰ ਬਚਾਉਣ ਬਾਰੇ ਨਹੀਂ ਹੈ-ਧਰਤੀ ਸਾਡੇ ਨਾਲ ਜਾਂ ਸਾਥੋਂ ਬਿਨਾਂ ਦੀ ਚੱਲਦੀ ਰਹੇਗੀ। ਮੈਂ ਜੋ ਕਰਦੀ ਹਾਂ, ਉਹ ਇਸ ਕਰਕੇ ਕਰਦੀ ਹਾਂ, ਕਿਉਂਕਿ ਮੈਂ ਸਾਡੇ ਸਾਰਿਆਂ ਦੇ ਰਹਿਣ ਵਾਸਤੇ ਧਰਤੀ ਨੂੰ ਇਕ ਵਧੀਆ ਥਾਂ ਬਣਾਉਣ ਵਿੱਚ ਮਦਦ ਕਰਨਾ ਚਾਹੁੰਦੀ ਹਾਂ।

ਮੈਂ ਕੋਈ ਵਿਲੱਖਣ ਨਹੀਂ ਹਾਂ। ਅਸੀਂ ਸਾਰੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੀ ਫਿਕਰ ਕਰਦੇ ਹਾਂ ਅਤੇ ਉਨ੍ਹਾਂ ਦੀ ਹਿਫਾਜ਼ਤ ਲਈ ਕੁੱਝ ਵੀ ਕਰ ਸਕਦੇ ਹਾਂ, ਇਥੋਂ ਤੱਕ ਕਿ ਇਸ ਵਾਸਤੇ ਲੜਾਈਆਂ ਤੇ ਵੀ ਜਾਂਦੇ ਹਾਂ ਅਤੇ ਉਨ੍ਹਾਂ ਵਾਸਤੇ ਬਿਹਤਰ ਜ਼ਿੰਦਗੀ ਲਈ ਸੱਤ ਸਮੁੰਦਰ ਪਾਰ ਵੀ ਜਾਂਦੇ ਹਾਂ। ਇਤਿਹਾਸ ਦੇ ਇਸ ਬਿੰਦੂ ਤੇ, ਆਪਣੇ ਪਰਿਵਾਰਾਂ ਜਾਂ ਮਿਤਰਾਂ ਦੀ ਰਾਖੀ ਕਰਨ ਜਾਂ ਉਨ੍ਹਾਂ ਦੀ ਫਿਕਰ ਕਰਨ ਦਾ ਅਰਥ ਇਹ ਹੈ ਕਿ ਅਸੀਂ ਕਲਾਈਮੇਟ ਚੇਂਜ ਦੇ ਮੁੱਦੇ ਤੇ ਕੁੱਝ ਕਰੀਏ।

ਮੈਨੂੰ ਜੋ ਵੀ ਮਿਲਦਾ ਹੈ, ਹਰ ਕੋਈ ਕੁੱਝ ਕਰਨਾ ਚਾਹੁੰਦਾ ਹੈ। ਸਾਡੇ ਚੋਂ ਕੁੱਝ ਭਵਿੱਖ ਬਾਰੇ ਸਾਡੇ ਡਰ ਕਾਰਨ ਕੁੱਝ ਕਰਨਾ ਚਾਹੁੰਦੇ ਹਨ। ਕੁੱਝ ਦੇ ਘਰਾਂ ਅਤੇ ਕਮਿਊਨਿਟੀਜ਼ ਵਿੱਚ ਮੌਸਮ ਦੀਆਂ ਖਰਾਬੀਆਂ ਨੇ ਨੁਕਸਾਨ ਕੀਤਾ ਹੈ। ਜ਼ਿਆਦਾਤਰ ਇਸ ਵਾਸਤੇ ਕੁੱਝ ਕਰਨਾ ਚਾਹੁੰਦੇ ਹਨ ਕਿ ਉਹ ਉਸ ਸੰਸਾਰ ਬਾਰੇ ਚਿੰਤਤ ਹਨ, ਜੋ ਅਸੀਂ ਆਪਣੇ ਬੱਚਿਆਂ ਲਈ ਛੱਡਕੇ ਜਾ ਰਹੇ ਹਾਂ। ਸਭ ਲਈ ਇਹ ਵਿਅਕਤੀਗਤ ਹੈ-ਅਤੇ ਵੱਧ ਤੋਂ ਵੱਧ ਇਹ ਇਕ ਮਿਸ਼ਨ ਬਣ ਰਿਹਾ ਹੈ।

ਪਰ ਕੁੱਝ ਤਾਕਤਾਂ ਅਜਿਹੀਆਂ ਹਨ, ਜਿਹੜੀਆਂ ਸਾਨੂੰ ਵੰਡਣਾ ਚਾਹੁੰਦੀਆਂ ਹਨ ਅਤੇ ਸਾਨੂੰ ਇਕ ਦੂਜੇ ਦੇ ਖਿਲਾਫ ਖੜ੍ਹਾ ਕਰਨਾ ਚਾਹੁੰਦੀਆਂ ਹਨ ਤਾਂ ਜੋ ਮੌਜੂਦਾ ਸਥਿਤੀ ਨੂੰ ਜਿਉਂ ਦਾ ਤਿਓਂ ਰੱਖਿਆ ਜਾ ਸਕੇ।

ਅਸੀਂ ਕਲਾਈਮੇਟ ਚੇਂਜ ਨੁੰ ਅਕਸਰ ਇਕ ਅਸੰਭਵ ਚੀਜ਼ ਸਮਝਦੇ ਹਾਂ ਅਤੇ ਇਸ ਦਾ ਕਾਰਨ ਇਹ ਹੈ ਕਿ ਸਾਨੂੰ ਇਹ ਦੱਸਿਆ ਗਿਆ ਹੈ ਕਿ ਇਹ ਅਸੰਭਵ ਹੈ। ਜਾਂ, ਸਾਨੂੰ ਇਹ ਦੱਸਿਆ ਗਿਆ ਹੈ ਕਿ ਇਹ ਸਾਡਾ ਕਸੂਰ ਹੈ। ਜਾਂ, ਸਾਨੂੰ ਇਹ ਦੱਸਿਆ ਗਿਆ ਹੈ ਕਿ ਜੋ ਕਲਾਈਮੇਟ ਚੇਂਜ ਦੀਆਂ ਗੱਲਾਂ ਕਰਦੇ ਹਨ, ਉਹ ਤੁਹਾਡੇ ਬਾਰੇ ਜਾਂ ਤੁਹਾਡੀ ਨੌਕਰੀ ਬਾਰੇ ਨਹੀਂ ਸੋਚਦੇ ਅਤੇ ਉਹ ਤੁਹਾਡੇ ਦੁਸ਼ਮਣ ਹਨ। ਇਨ੍ਹਾਂ ਸਭ ਗੱਲਾਂ ਦਾ ਕੀ ਅਰਥ ਹੈ? ਇਨ੍ਹਾਂ ਨਾਲ ਕਿਸ ਨੂੰ ਫਾਇਦਾ ਹੁੰਦਾ ਹੈ? ਸਾਨੂੰ ਇਨ੍ਹਾਂ ਨਾਲ ਕੋਈ ਫਾਇਦਾ ਨਹੀਂ ਹੁੰਦਾ। ਇਨ੍ਹਾਂ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ, ਜਿਨ੍ਹਾਂ ਦਾ ਫੌਸਿਲ ਫਿਊਲ ਇੰਡਸਟਰੀ ਵਿੱਚ ਵਿਤੀ ਜਾਂ ਸਵਾਰਥੀ ਹਿੱਤ ਹੈ ਅਤੇ ਜਿਨ੍ਹਾਂ ਦਾ ਉਸ ਰਾਜਨੀਤੀ ਵਿੱਚ ਹਿੱਤ ਹੈ, ਜਿਹੜੀ ਹਾਲਤ ਨੂੰ ਜਿਉਂ ਦਾ ਤਿਓਂ ਰੱਖਣਾ ਚਾਹੁੰਦੀ ਹੈ ਅਤੇ ਜਿਹੜੀ ਫੌਸਿਲ ਫਿਊਲ ਇੰਡਸਟਰੀ ਦੇ ਇਸ਼ਾਰਿਆਂ ਤੇ ਚੱਲਦੀ ਹੈ।

ਇਹ ਜੋ ਵੀ ਦਲੀਲਾਂ ਹਨ, ਜਿਹੜੀਆਂ ਹਕੀਕਤ ਤੋਂ ਦੂਰ ਹਨ, ਜਿਹੜੀਆਂ ਡਰ ਬਾਰੇ ਹਨ, ਜਿਹੜੀਆਂ ਮੰਨਦੀਆਂ ਹਨ ਕਿ ਇਹ ਕੰਮ ਅਸੰਭਵ ਹੈ, ਸਾਨੂੰ ਇਨ੍ਹਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਡੇ ਕੋਲ ਇਕ ਹਕੀਕੀ ਮੌਕਾ ਹੈ, ਇਕ ਵਧੀਆ ਅਤੇ ਸੁਰੱਖਿਅਤ ਸੰਸਾਰ ਬਣਾਉਣ ਦਾ। ਅਸੀਂ ਸਾਰੇ ਚਾਹੇ ਅਸੀਂ ਬਲੂ ਨੂੰ ਵੋਟ ਦਈਏ, ਚਾਹੇ ਰੈੱਡ ਨੂੰ ਚਾਹੇ ਔਰੰਜ ਨੂੰ ਅਤੇ ਚਾਹੇ ਗਰੀਨ ਨੂੰ, ਸਾਨੂੰ ਵੱਧ ਤੋਂ ਵੱਧ ਅਤੇ ਬਿਹਤਰ ਦੀ ਮੰਗ ਕਰਨੀ ਚਾਹੀਦੀ ਹੈ। ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਹਰ ਰੰਗ ਦਾ ਸਿਆਸਤਦਾਨ ਇਸ ਸੰਕਟ ਨੂੰ ਗੰਭੀਰਤਾ ਨਾਲ ਲਵੇ ਅਤੇ ਇਸ ਦਾ ਹੱਲ ਕੱਢਣ ਲਈ ਉਹ ਕੋਈ ਮਹੱਤਵਕਾਂਖੀ ਅਤੇ ਕਾਰਗਰ ਯੋਜਨਾ ਬਣਾਉਣ।

ਹਰ ਉਹ ਕਦਮ ਜੋ ਅਸੀਂ ਇਕੱਠੇ ਹੋ ਕੇ ਲੈਂਦੇ ਹਾਂ, ਉਸ ਰਾਹੀਂ ਅਸੀਂ ਔਟਵਾ ਵਿੱਚ ਸਿਆਸਤਦਾਨਾਂ ਨੂੰ ਇਹ ਸੰਦੇਸ਼ ਭੇਜਦੇ ਹਾਂ ਕਿ ਇਹ ਕੋਈ ਲੜਾਈ ਨਹੀਂ ਹੈ, ਇਹ ਪਿਆਰ ਦਾ ਇਕ ਸੰਦੇਸ਼ ਹੈ। ਅਸੀਂ ਮਿਸ਼ਨ ਦੀ ਇਸ ਭਾਵਨਾ ਨੂੰ ਸਟਰੀਟਾਂ ਤੋਂ ਲੈ ਕੇ 21 ਅਕਤੂਬਰ ਨੂੰ ਬੈਲਟ ਬੌਕਸ ਤੱਕ ਲਿਜਾਣ ਦਾ ਇਰਾਦਾ ਰੱਖਦੇ ਹਾਂ।

*ਅਗਜ਼ੈਕਟਿਵ ਡਾਇਰੈਕਟਰ, ਕਲਾਈਮੇਟ ਐਕਸ਼ਨ ਨੈਟਵਰਕ ਕੈਨੇਡਾ, ਜੋ ਕਿ ਪੂਰੇ ਕੈਨੇਡਾ ਚੋਂ ਕਲਾਈਮੇਟ ਚੇਂਜ ਅਤੇ ਊਰਜਾ ਸੰਕਟ ਬਾਰੇ ਕੰਮ ਕਰ ਰਹੇ 100 ਤੋਂ ਵੱਧ ਸੰਗਠਨਾਂ ਦਾ ਇਕ ਨੈਟਵਰਕ ਹੈ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …