ਆਰਟੀਆਈ ਤਹਿਤ ਮੰਗੀ ਜਾਣਕਾਰੀ ‘ਚ ਖੁਲਾਸਾ
ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਖੁਲਾਸਾ ਕੀਤਾ ਹੈ ਕਿ ਮੇਹੁਲ ਚੋਕਸੀ ਤੇ ਵਿਜੈ ਮਾਲਿਆ ਦੀਆਂ ਫਰਮਾਂ ਸਮੇਤ ਕੁੱਲ ਮਿਲਾ ਕੇ ਮੁਲਕ ਵਿੱਚ 50 ਅਜਿਹੇ ਬੈਂਕ ਡਿਫਾਲਟਰ ਹਨ, ਜਿਨ੍ਹਾਂ ਵੱਲ 68,607 ਕਰੋੜ ਰੁਪਏ ਦੇ ਬਕਾਇਆਂ ‘ਤੇ 30 ਸਤੰਬਰ 2019 ਤਕ ਤਕਨੀਕੀ ਤੌਰ ‘ਤੇ ਲੀਕ ਮਾਰੀ ਜਾ ਚੁੱਕੀ ਹੈ। ਆਰਬੀਆਈ ਵੱਲੋਂ ਜਾਰੀ ਡਿਫਾਲਟਰਾਂ ਦੀ ਇਸ ਸੂਚੀ ਵਿੱਚ 5492 ਕਰੋੜ ਰੁਪਏ ਦੇ ਮੋਟੇ ਬਕਾਏ ਨਾਲ ਭਗੌੜੇ ਹੀਰਾ ਕਾਰੋਬਾਰੀ ਚੋਕਸੀ ਦੀ ਕੰਪਨੀ ਗੀਤਾਂਜਲੀ ਜੈੱਮਜ਼ ਸਿਖਰ ‘ਤੇ ਹੈ। ਆਰਈਆਈ ਐਗਰੋ 4314 ਕਰੋੜ ਰੁਪਏ ਨਾਲ ਦੂਜੇ ਤੇ ਵਿਨਸਮ ਡਾਇਮੰਡਜ਼ 4076 ਕਰੋੜ ਰੁਪਏ ਦੇ ਬਕਾਏ ਨਾਲ ਤੀਜੀ ਥਾਵੇਂ ਹੈ। ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ ਪਹਿਲਾਂ 16 ਫਰਵਰੀ ਨੂੰ ਕੇਂਦਰੀ ਬੈਂਕ ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਸੀ, ਪਰ ਉਸ ਮੌਕੇ ‘ਮੰਗੀ ਗਈ ਜਾਣਕਾਰੀ ਉਪਲੱਬਧ ਨਾ ਹੋਣ’ ਦੇ ਹਵਾਲੇ ਨਾਲ ਨਹੀਂ ਦਿੱਤੀ ਗਈ ਸੀ।ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਵੱਲੋਂ ਐਡਵਾਂਸ ਫੰਡਾਂ ਦੇ ਰੂਪ ਵਿੱਚ ਦਿੱਤੇ 2850 ਕਰੋੜ ਨੂੰ ਤਕਨੀਕੀ ਰੂਪ ਵਿੱਚ ਮੁਆਫ਼ ਕੀਤਾ ਗਿਆ। ਹੋਰਨਾਂ ਕੰਪਨੀਆਂ ਵਿੱਚ ਕੁਡੋਜ਼ ਕੈਮੀ ਲਿਮਟਿਡ ਦੇ 2326 ਕਰੋੜ, ਰੁਚੀ ਸੋਯਾ ਇੰਡਸਟਰੀਜ਼ ਲਿਮਟਿਡ (ਜਿਸ ਦੀ ਮਾਲਕੀ ਹੁਣ ਰਾਮਦੇਵ ਪਤੰਜਲੀ ਕੋਲ ਹੈ) ਦੇ 2212 ਕਰੋੜ ਤੇ ਜ਼ੂਮ ਡਿਵੈਲਪਰਜ਼ ਪ੍ਰਾਈਵੇਟ ਲਿਮਿਟਡ ਦੇ 2012 ਕਰੋੜ ਦੇ ਕਰਜ਼ੇ ‘ਤੇ ਲੀਕ ਮਾਰੀ ਗਈ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਇਸ ਸੂਚੀ ਵਿੱਚ 9ਵੇਂ ਨੰਬਰ ‘ਤੇ ਹੈ, ਜਿਸ ਵੱਲ 1943 ਕਰੋੜ ਰੁਪਏ ਦਾ ਬਕਾਇਆ ਸੀ, ਜਿਸ ਨੂੰ ਬੈਂਕਾਂ ਨੇ ਡੁੱਬਿਆ ਕਰਜ਼ਾ ਦੱਸ ਕੇ ਲੀਕ ਮਾਰ ਦਿੱਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …