Breaking News
Home / ਦੁਨੀਆ / ਰੈੱਡ ਵਿੱਲੋ ਪਾਰਕ ਵਿੱਚ ਤੀਆਂ ਦਾ ਮੇਲਾ

ਰੈੱਡ ਵਿੱਲੋ ਪਾਰਕ ਵਿੱਚ ਤੀਆਂ ਦਾ ਮੇਲਾ

ਬਰੈਂਪਟਨ : ਬਚਪਨ ਦੀਆਂ ਯਾਦਾਂ ਅਤੇ ਪਿਛਲੇ ਦੇਸ਼ ਦਾ ਹੇਰਵਾ ਸਾਡੀ ਪੰਜਾਬੀ ਕਮਿਊਨਿਟੀ ਦੇ ਦਿਲਾਂ ਵਿੱਚ ਹਮੇਸ਼ਾਂ ਰਹਿੰਦੇ ਹਨ। ਅਸੀਂ ਗਾਹੇ ਵਗਾਹੇ ਉੱਥੋਂ ਦੇ ਤਿਉਹਾਰ ਮਨਾ ਕੇ ਇਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰੈੱਡ ਵਿੱਲੋ ਪਾਰਕ ਦੀਆਂ ਸੀਨੀਅਰ ਬੀਬੀਆਂ ਨੇ ਪਿਛਲੇ ਦਿਨੀਂ ਤੀਆਂ ਦਾ ਮੇਲਾ ਲਾਇਆ। ਜਿਸ ਵਿੱਚ ਆਲੇ ਦੁਆਲੇ ਦੇ ਸਮੁੱਚੇ ਇਲਾਕੇ ਦੀਆਂ ਸੀਨੀਅਰ ਬੀਬੀਆਂ, ਨੌਜਵਾਨ ਔਰਤਾਂ ਅਤੇ ਲੜਕੀਆਂ ਹੁੰਮ ਹੁੰਮਾ ਕੇ ਸ਼ਾਮਲ ਹੋਈਆ। ਤੀਆਂ ਵਿੱਚ ਇਕੱਠ ਤੋਂ ਲੱਗਦਾ ਸੀ ਜਿਵੇਂ ਪੰਜਾਬ ਚੱਲ ਕੇ ਕੈਨੇਡਾ ਵਿੱਚ ਆ ਗਿਆ ਹੋਵੇ।
ਡੀ ਜੇ ਉੱਤੇ ਚੱਲ ਰਹੇ ਗਿੱਧੇ ਦੀਆਂ ਬੋਲੀਆਂ ਤੇ ਤਿੰਨੇ ਪੀੜੀ੍ਹਆਂ ਸੀਨੀਅਰ, ਨੌਜਵਾਨ ਤੇ ਬਾਲੜੀਆਂ ਪੂਰੇ ਜੋਸ਼ ਨਾਲ ਗਿੱਧੇ ਦੀਆਂ ਧਮਾਲਾਂ ਪਾ ਰਹੀਆਂ ਸਨ। ਬਹੁਤ ਸਾਰੀਆਂ ਬੀਬੀਆਂ ਆਪਣੀਆਂ ਯਾਦਾਂ ਦੇ ਖਜਾਨੇ ਚੋਂ ਬੋਲੀਆਂ ਪਾ ਕੇ ਆਪਣੀ ਕਲਾ ਦਾ ਪਰਗਟਾਵਾ ਵੀ ਕਰ ਰਹੀਆਂ ਸਨ। ਪੰਜਾਬ ਦੇ ਪੁਰਾਣੇ ਦਿਨਾਂ ਨਾਲੋਂ ਫਰਕ ਬੱਸ ਇੰਨਾ ਕੁ ਸੀ ਕਿ ਪੂੜਿਆਂ ਦੀ ਥਾਂ ਪਕੌੜਿਆਂ ਅਤੇ ਪੀਜ਼ੇ ਦੀ ਮਹਿਕ ਅਤੇ ਖੀਰ ਦੀ ਥਾਂ ਤੇ ਬਰਫੀ, ਰਸਗੁੱਲੇ ਅਤੇ ਜਲੇਬੀਆਂ ਦੀ ਮਿਠਾਸ ਵਾਤਾਵਰਨ ਤੇ ਭਾਰੂ ਸੀ। ਤਿੰਨ ਘੰਟੇ ਤੋਂ ਵੱਧ ਸਮੇਂ ਲਈ ਪਾਰਕ ਵਿੱਚ ਮਾਹੌਲ ਬਹੁਤ ਹੀ ਆਨੰਦਮਈ ਬਣਿਆ ਰਿਹਾ। ਇਸ ਪ੍ਰੋਗਰਾਮ ਵਿੱਚ ਮਹਿੰਦਰ ਕੌਰ ਪੱਡਾ, ਪਰਕਾਸ਼ ਕੌਰ, ਬਲਬੀਰ ਕੌਰ ਬੜਿੰਗ, ਬੇਅੰਤ ਕੌਰ, ਸੁਰਜੀਤ ਕੌਰ ਪਵਾਰ, ਸੁਰਿੰਦਰ ਕੌਰ ਰਹਿਲ, ਅਮਰਜੀਤ ਕੌਰ ਕਲੇਰ, ਹਰਨੇਕ ਥਿਆੜਾ, ਗੁਰਦੇਵ ਕੌਰ ਮੱਟੂ, ਜਤਿੰਦਰ ਕੌਰ ਅਤੇ ਹਰਜਿੰਦਰ ਕੌਰ ਆਦਿ ਨੇ ਸੇਵਾ ਕਰਨ ਵਿੱਚ ਯੋਗਦਾਨ ਪਾਇਆ। ਗੁਰਨਾਮ ਸਿੰਘ ਗਿੱਲ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਜੋਗਿੰਦਰ ਸਿੰਘ ਪੱਡਾ ਅਤੇ ਸ਼ਿਵਦੇਵ ਸਿੰਘ ਰਾਏ ਨੇ ਖਾਣ ਪੀਣ ਦਾ ਸਮਾਨ ਲਿਆਉਣ ਵਿੱਚ ਬੀਬੀਆਂ ਦੀ ਸਹਾਇਤਾ ਕੀਤੀ।

Check Also

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ

ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …