ਲੰਡਨ : ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਅਤੇ ਉਸ ਦੇ ਇੱਕ ਨਜ਼ਦੀਕੀ ਨੂੰ ਬਰਤਾਨੀਆ ਵਿੱਚ ਨਸ਼ਾ ਤਸਕਰੀ ਅਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਅਤੇ ਉਸ ਦੇ ਅਤਿ ਨਜ਼ਦੀਕੀ ਸੁਖਜਿੰਦਰ ਪੂਨੀ ਅਤੇ ਉਨ੍ਹਾਂ ਦੇ ਅੱਠ ਮੈਂਬਰੀ ਗਰੋਹ ਨੂੰ ਇਸ ਮਹੀਨੇ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੇ ਉੱਤੇ 50 ਕਿਲੋ ਕੈਟਾਮਾਈਨ ਅਤੇ 18 ਲੱਖ ਪੌਂਡ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਤਬਦੀਲ ਕਰਨ ਦਾ ਦੋਸ਼ ਸੀ। ਇਹ ਇਨ੍ਹਾਂ ਦੀ ਕਰੀਬ ਛੇ ਮਹੀਨੇ ਦੀ ਨਸ਼ਾ ਤਸਕਰੀ ਦੀ ਕਮਾਈ ਸੀ। ਬਲਜਿੰਦਰ ਕੰਗ ਬੇਹੱਦ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰਦਾ ਸੀ। ਉਹ ਗੁੱਚੀ, ਰੋਲਫ ਲੌਰੇਨ ਅਤੇ ਹਾਰੌਡਜ਼ ਵਰਗੇ ਲਗਜ਼ਰੀ ਬਰਾਂਡ ਵਰਤਦਾ ਅਤੇ ਮਹਿੰਗੀਆਂ ਡਿਜ਼ਾਈਨਰ ਘੜੀਆਂ ਲਾਉਂਦਾ ਸੀ। ਬਰਤਾਨੀਆ ਵਿਚਲੇ ਸਰਕਾਰ ਪੱਖੀ ਵਕੀਲਾਂ ਨੇ ਦੱਸਿਆ ਕਿ ਉਹ ਮਹਿੰਗੀਆਂ ਕਾਰਾਂ ਚਲਾਉਣ ਦਾ ਸ਼ੁਕੀਨ ਸੀ ਅਤੇ ਲਗਾਤਾਰ ਸੰਯੁਕਤ ਅਰਬ ਅਮੀਰਾਤ ਦੇ ਗੇੜੇ ਮਾਰਦਾ ਸੀ। ਬਲਜਿੰਦਰ (31) ਨੂੰ ਬਰਤਾਨੀਆ ਤੋਂ ਦੁਬਈ ਜਾਣ ਸਮੇਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਕੌਕੀਨ ਦੀ ਤਸਕਰੀ ਕਰਨ, ਕੈਟਾਮਾਈਨ ਦੀ ਤਸਕਰੀ ਕਰਨ ਅਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਦੇ ਸਾਥੀ ਪੂਨੀ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਗੈਂਗ ਨੂੰ ਚਲਾਉਂਦਾ ਸੀ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …