-9.4 C
Toronto
Thursday, January 15, 2026
spot_img
Homeਦੁਨੀਆਆਸਟਰੇਲੀਆ ਦੇ ਇਤਿਹਾਸਕ ਸਥਾਨ 'ਤੇ ਇਕੱਤਰ ਹੋਏ ਸਿੱਖ

ਆਸਟਰੇਲੀਆ ਦੇ ਇਤਿਹਾਸਕ ਸਥਾਨ ‘ਤੇ ਇਕੱਤਰ ਹੋਏ ਸਿੱਖ

ਮੈਲਬਰਨ : ਆਸਟਰੇਲੀਆ ਦੇ ਸਿੱਖਾਂ ਨੇ ਉਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ, ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਸਰੋਤਾਂ ਮੁਤਾਬਿਕ ਇਹ ਆਸਟਰੇਲੀਆ ਵਿੱਚ ਹੋਇਆ ਪਹਿਲਾ ਅਖੰਡ ਪਾਠ ਸੀ।
ਵਿਕਟੋਰੀਆ ਦੇ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ਸਥਾਨਾਂ ਵਿੱਚੋਂ ਇੱਕ ਹੈ, ਜੋ ਇਸ ਮੁਲਕ ਵਿੱਚ ਸਿੱਖਾਂ ਦੇ ਸਥਾਪਤੀ ਸਮੇਂ ਨਾਲ ਸਿੱਧੇ ਤੌਰ ‘ਤੇ ਸਬੰਧਿਤ ਹੈ ਪਰ ਇਸ ਜਗ੍ਹਾ ‘ਤੇ ਪੁੱਜਣ ਲਈ ਸਿੱਖਾਂ ਨੂੰ ਕਰੀਬ 97 ਸਾਲ ਦਾ ਸਮਾਂ ਲੱਗ ਗਿਆ। ਇਤਿਹਾਸਕਾਰ ਲਿਨ ਕੇਨਾ ਦੀ ਨਿਰੰਤਰ ਖੋਜ ਨਾਲ ਇਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਗਈ, ਜਿੱਥੇ ਕੁਝ ਖਿੱਲਰਿਆ ਸਾਮਾਨ ਤੇ ਸ਼ੈੱਡ ਦੀ ਉਸਾਰੀ ਮਿਲੀ ਹੈ। ਜਨਵਰੀ 1920 ਵਿੱਚ ਇੱਥੇ ਇੱਕ ਸਿੱਖ ਕਿਸਾਨ ਦੀ ਮੌਤ ਹੋ ਗਈ ਸੀ। ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਰਤ ਤੋਂ ਲਿਆਉਣ ਲਈ ਗਿਆਰਾਂ ਮਹੀਨੇ ਦਾ ਸਮਾਂ ਲੱਗਿਆ ਤੇ ਮ੍ਰਿਤਕ ਹਰਨਾਮ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ ਸੀ। ਇਸ ਮੌਕੇ ਦੂਰ ਦੁਰਾਡੇ ਵਸੇ ਕਰੀਬ 30 ਸਿੱਖ ਇਕੱਠੇ ਹੋਏ ਸਨ। ਇਕੱਤਰਤਾ ਵਿੱਚ ਇਤਿਹਾਸਕਾਰ ਲਿਨ ਕੇਨਾ ਤੇ ਉਸ ਦੀ ਪਤਨੀ ਕ੍ਰਿਸਟਲ ਨੇ ਉਸ ਸਮੇਂ ਨਾਲ ਸਬੰਧਿਤ ਭਾਈਚਾਰਕ ਤੱਥ ਸਾਂਝੇ ਕੀਤੇ, ਜਦੋਂ ਇੱਥੋਂ ਦੀਆਂ ਸਖ਼ਤ ਕਾਨੂੰਨੀ ਸ਼ਰਤਾਂ ਦੇ ਬਾਵਜੂਦ ਸਿੱਖ ਆਪਣੀਆਂ ਧਾਰਮਿਕ ਰਹੁ-ਰੀਤਾਂ ਤੇ ਪਛਾਣ ਨੂੰ ਬਰਕਰਾਰ ਰੱਖਦੇ ਸਨ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਭਾਈਚਾਰੇ ਦੇ ਇਤਿਹਾਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਸਥਾਨ ‘ਤੇ ਕੌਂਸਲ ਵੱਲੋਂ ਪੱਕੀ ਯਾਦਗਾਰ ਬਣਾਈ ਜਾਵੇਗੀ। ਕੇਂਦਰ ਸਰਕਾਰ ਤੋਂ ਸੰਸਦ ਮੈਂਬਰ ਰੌਬ ਮਿਚਲ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

RELATED ARTICLES
POPULAR POSTS