Breaking News
Home / ਦੁਨੀਆ / ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ

ਡੇਰਾ ਬਾਬਾ ਨਾਨਕ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ ਗਿਆ। ਇਸ ਸਬੰਧ ‘ਚ ਭਾਰਤ ਵਾਲੇ ਪਾਸਿਓਂ 101 ਸਿੱਖ ਸੰਗਤਾਂ ਦਾ ਵਿਸ਼ੇਸ਼ ਜਥਾ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ। ਇਸ ਜਥੇ ‘ਚ ਪ੍ਰਬੰਧਕ ਰੁਪਿੰਦਰ ਸਿੰਘ ਸ਼ਾਮਪੁਰਾ, ਖਾਲਸਾ ਏਡ ਦੇ ਏਸ਼ੀਆ ਮੁਖੀ ਅਮਰਪ੍ਰੀਤ ਸਿੰਘ, ਸਰਬੱਤ ਦਾ ਭਲਾ ਟਰੱਸਟ ਦੇ ਐਸ.ਪੀ. ਸਿੰਘ ਉਬਰਾਏ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਨਿਕ ਅਧਿਕਾਰੀ ਡੀ.ਪੀ. ਸਿੰਘ ਚਾਵਲਾ, ਗਿਆਨੀ ਭਗਵਾਨ ਸਿੰਘ ਜੌਹਲ ਆਦਿ ਸ਼ਾਮਿਲ ਹੋਏ। ਇਸੇ ਸਮਾਗਮ ਦੌਰਾਨ ਪਹਿਲਾਂ ਗ੍ਰੰਥੀ ਭਾਈ ਗੋਬਿੰਦ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ, ਉਪਰੰਤ ਭਾਈ ਅਮਰਜੀਤ ਸਿੰਘ ਅਨਮੋਲ ਤੋਂ ਇਲਾਵਾ ਭਾਈ ਮਰਦਾਨਾ ਦੀ ਅੰਸ-ਬੰਸ ‘ਚੋਂ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ।
ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸਮਾਗਮ ਤੋਂ ਪਹਿਲਾਂ ਪਾਕਿ ਦੇ ਸਿੱਖ ਨੌਜਵਾਨ ਬੱਚਿਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਸਾਈਂ ਰਜਾ ਅਲੀ ਕਾਦਰੀ ਵਲੋਂ ਭਰਵਾਂ ਸਵਾਗਤ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਭਾਰਤੀ ਜਥੇ ਦਾ ਸਾਈਂ ਰਜਾ ਅਲੀ ਕਾਦਰੀ ਤੋਂ ਇਲਾਵਾ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ, ਪੰਜਾਬੀ ਸਿੱਖ ਸੰਗਤ, ਔਕਾਫ ਬੋਰਡ ਦੇ ਆਗੂਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕੀਤਾ ਸੰਬੋਧਨ : ਸ੍ਰੀ ਦਰਬਾਰ ਸਾਹਿਬ ਦੇ ਨੀਂਹ ਪੱਥਰ ਦਿਵਸ ਦੇ ਸਬੰਧ ‘ਚ ਸਮਾਗਮ ‘ਚ ਵੱਖ-ਵੱਖ ਬੁਲਾਰਿਆਂ ਸਾਂਈ ਰਜਾ ਅਲੀ ਕਾਦਰੀ, ਪ੍ਰਧਾਨ ਭਾਈ ਸਤਵੰਤ ਸਿੰਘ, ਗਿਆਨੀ ਭਗਵਾਨ ਸਿੰਘ ਜੌਹਲ, ਸ. ਪ੍ਰਧਾਨ ਬਿਸ਼ਨ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਇੰਦਰਜੀਤ ਸਿੰਘ, ਆਰ. ਸਿੰਘ ਅਰੋੜਾ, ਐਡੀਸ਼ਨਲ ਸਕੱਤਰ ਔਕਾਫ ਬੋਰਡ ਇਮਰਾਨ ਗੋਧਲ ਆਦਿ ਨੇ ਸੰਬੋਧਨ ਦੌਰਾਨ ਸਾਂਈ ਮੀਆ ਮੀਰ ਦੀ ਜੀਵਨੀ ਬਾਰੇ ਸਾਂਝ ਪਾਈ ਗਈ ਅਤੇ ਆਪਸੀ ਭਾਈਚਾਰੇ ਦੀ ਹੋਰ ਮਜ਼ਬੂਤੀ ਦੀ ਅਪੀਲ ਕੀਤੀ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …