ਬਰਮਿੰਘਮ ਦੀ ਜਥੇਬੰਦੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੂੰ ਸੌਂਪੀ ਗਈ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਚ ਲੱਗੇ ਸੋਨੇ ਦੇ ਪੱਤਰਿਆਂ ਦੀ ਮੁਰੰਮਤ, ਸਫਾਈ ਅਤੇ ਮੀਨਾਕਾਰੀ ਦੀ ਸੰਭਾਲ ਦੀ ਸੇਵਾ ਗੁਰਮਤਿ ਰਵਾਇਤਾਂ ਅਨੁਸਾਰ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਬਰਮਿੰਘਮ ਦੀ ਜਥੇਬੰਦੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੂੰ ਸੌਂਪੀ ਗਈ ਹੈ। ਇਸ ਦੀ ਪੁਰਾਤਨਤਾ ਹੂਬਹੂ ਕਾਇਮ ਰੱਖਣ ਲਈ ਜਥੇਬੰਦੀ ਵੱਲੋਂ ਇਹ ਸੇਵਾ ਮਾਹਿਰਾਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਸੋਨੇ ਦੇ ਪੱਤਰੇ ਲਗਵਾਉਣ ਅਤੇ ਮੀਨਾਕਾਰੀ ਆਦਿ ਦੀ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ 1803 ਤੋਂ 1830 ਵਿਚਾਲੇ ਕਰਵਾਈ ਗਈ ਸੀ। ਉਸ ਤੋਂ ਬਾਅਦ ਵੱਡੇ ਪੱਧਰ ‘ਤੇ ਹੁਣ ਪਹਿਲੀ ਵਾਰ ਅੰਦਰੂਨੀ ਹਿੱਸੇ ਦੀ ਸੰਭਾਲ ਅਤੇ ਮੁਰੰਮਤ ਦੀ ਸੇਵਾ ਕੀਤੀ ਜਾ ਰਹੀ ਹੈ। ਇਮਾਰਤ ਦੇ ਬਾਹਰ ਲੱਗੇ ਸੋਨੇ ਦੇ ਪੱਤਰੇ ਆਦਿ ਬਦਲਣ ਦੀ ਸੇਵਾ 1995 ਤੋਂ 1999 ਤੱਕ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵੱਲੋਂ ਕੀਤੀ ਗਈ ਸੀ। ਸੇਵਾ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਸੇਵਾ ਆਈਆਈਟੀ ਰੁੜਕੀ ਦੇ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਕਾਇਜ਼ਾਕ ਅਤੇ ਪੰਕਜ ਦੱਤਾ ਆਦਿ ਮਾਹਿਰਾਂ ਦੀ ਨਿਗਰਾਨੀ ਹੇਠ ਹੋਵੇਗੀ। ਨਿਸ਼ਕਾਮ ਸੇਵਕ ਜਥੇ ਦੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਰੇ ਸੋਨੇ ਦੇ ਪੱਤਰੇ ਹਟਾਏ ਜਾਣਗੇ ਤਾਂ ਜੋ ਥੱਲੇ ਕੰਧਾਂ ‘ਤੇ ਹੋਏ ਪਲਸਤਰ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਪੱਤਰੇ ਉਤਾਰੇ ਜਾਣ ਮਗਰੋਂ ਪਤਾ ਲੱਗਾ ਹੈ ਕਿ ਨਾਨਕਸ਼ਾਹੀ ਇੱਟਾਂ ਦੀ ਮਜ਼ਬੂਤੀ ਤਾਂ ਠੀਕ ਹੈ ਪਰ ਚੂਨੇ ਦਾ ਚਿਣਾਈ ਕਈ ਥਾਵਾਂ ਤੋਂ ਕਮਜ਼ੋਰ ਹੋ ਚੁੱਕਾ ਹੈ, ਜਿਸ ਨੂੰ ਦਰੁਸਤ ਕੀਤਾ ਜਾਵੇਗਾ। ਇੱਥੇ ਹੋਈ ਮੋਹਰਾਕਸ਼ੀ, ਗਲਾਸ ਕੱਟ ਵਰਕ ਆਦਿ ਦੀ ਵੀ ਸੰਭਾਲ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ 1965, 1974 ਅਤੇ 1984 ਵਿਚ ਕੀਤੀ ਗਈ ਸੀ। ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਮੁੜ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਪਿਛਲੇ ਕੁਝ ਸਾਲਾਂ ਤੋਂ ਨਿਰੰਤਰ ਹਰ ਸਾਲ ਕੀਤੀ ਜਾ ਰਹੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …