Breaking News
Home / ਦੁਨੀਆ / ਲਾਹੌਰ ‘ਚ ਵਿਸ਼ਵ ਪੰਜਾਬੀ ਅਮਨ ਕਾਨਫਰੰਸ

ਲਾਹੌਰ ‘ਚ ਵਿਸ਼ਵ ਪੰਜਾਬੀ ਅਮਨ ਕਾਨਫਰੰਸ

ਵਿਸ਼ਵ ਅਮਨ ਲਈ ਕਲਮਕਾਰ, ਚਿੱਤਰਕਾਰ ਤੇ ਸੰਗੀਤਕਾਰ ਇਕੱਠੇ ਹੋਣ: ਫਖ਼ਰ ਜ਼ਮਾਨ
ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਉਣ ਦੀ ਲੋੜ ‘ਤੇ ਜ਼ੋਰ
ਅਟਾਰੀ/ਬਿਊਰੋ ਨਿਊਜ਼ : ਲਾਹੌਰ ਵਿੱਚ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦੇ ਉਦਘਾਟਨੀ ਭਾਸ਼ਨ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮਾਂਤਰੀ ਚੇਅਰਮੈਨ ਜਨਾਬ ਫ਼ਖ਼ਰ ਜ਼ਮਾਨ ਨੇ ਕਿਹਾ ਕਿ ਵਿਸ਼ਵ ਅਮਨ ਦੀ ਸਦੀਵੀਂ ਰਖਵਾਲੀ ਲਈ ਕਲਮਕਾਰਾਂ, ਚਿੱਤਰਕਾਰਾਂ ਤੇ ਸੰਗੀਤਕਾਰਾਂ ਨੂੰ ਮਜ਼ਬੂਤ ਕਾਫ਼ਲੇ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੇ ਦੋਵੇਂ ਮੁਲਕ ਭਾਰਤ ਤੇ ਪਾਕਿਸਤਾਨ ਇਸ ਕਾਫ਼ਲੇ ਦੀ ਅਗਵਾਈ ਕਰਨ ਦੇ ਸਮਰੱਥ ਹਨ। ਉਨ੍ਹਾਂ ਡਾ. ਦੀਪਕ ਮਨਮੋਹਨ ਸਿੰਘ ਅਤੇ ਸਹਿਜਪ੍ਰੀਤ ਸਿੰਘ ਮਾਂਗਟ ਦੀ ਸ਼ਲਾਘਾ ਕੀਤੀ, ਜੋ 50 ਮੈਂਬਰੀ ਵਫ਼ਦ ਲੈ ਕੇ ਭਾਰਤ ਤੋਂ ਲਾਹੌਰ ਪੁੱਜੇ ਹਨ। ਇਸ ਸਬੰਧੀ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਗੁਜਰਾਤ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਨਿਜ਼ਾਮੂਦੀਨ ਨੇ ਮੁੱਖ ਭਾਸ਼ਣ ਦੌਰਾਨ ਕਿਹਾ ਕਿ ਜ਼ੁਬਾਨਾਂ ਸਿਰਫ਼ ਸਿਰਜਣਾਤਮਕ ਸਾਹਿਤ ਨਾਲ ਹੀ ਵਿਕਾਸ ਨਹੀਂ ਕਰਦੀਆਂ ਸਗੋਂ ਤਕਨੀਕੀ ਗਿਆਨ, ਮੈਡੀਕਲ ਸਿੱਖਿਆ ਅਤੇ ਸਮਾਜ ਵਿਗਿਆਨ ਨੂੰ ਮਾਂ ਬੋਲੀ ਵਿੱਚ ਪੜ੍ਹਨ-ਪੜ੍ਹਾਉਣ ਨਾਲ ਹੀ ਵਿਕਾਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੰਧ ਵਿੱਚ ਸਿੰਧੀ, ਪਖ਼ਤੂਨਖਵਾ ‘ਚ ਪਸ਼ਤੋ ਵਾਂਗ ਪੰਜਾਬ ‘ਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਪੰਜਾਬੀ ਅਕੈਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਕੇਂਦਰ ਸਰਕਾਰ ਦੇ ਮੁੱਖ ਸਕੱਤਰ ਵਿਜੈ ਦੇਵ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਫ਼ਾਤਿਮਾ ਹੁਸੈਨ ਨੇ ਆਪਣਾ ਖੋਜ ਪੱਤਰ ਪੜ੍ਹਦਿਆਂ ਕਿਹਾ ਕਿ ਸੂਫ਼ੀ ਸਿਲਸਿਲੇ ਦੇ ਚਿਸ਼ਤੀ ਫ਼ਕੀਰਾਂ ਨੇ ਹਿੰਦੂ-ਮੁਸਲਿਮ ਪਾੜਾ ਘਟਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਪਾਇਆ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਤੇ ਪੰਜਾਬੀ ਆਲੋਚਕ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਰਾਹੀਂ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਨੂੰ ਵਿਸ਼ਵ ਪੱਧਰ ‘ਤੇ ਆਪਣੀ ਗੱਲ ਕਹਿਣ ਦੀ ਆਧਾਰ ਭੂਮੀ ਮਿਲੀ ਹੈ। ਉਰਦੂ ਨਾਵਲਕਾਰ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਡਾ. ਅਬਦਾਲ ਬੇਲਾ ਨੇ ਕਿਹਾ ਕਿ ਬਾਬਾ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਗੁਲਾਮ ਫ਼ਰੀਦ, ਮੀਆਂ ਮੁਹੰਮਦ ਬਖ਼ਸ਼ ਵਰਗੇ ਸੂਫ਼ੀ ਸ਼ਾਇਰਾਂ ਨੇ ਪੰਜਾਬੀ ਕਾਵਿ ਸਿਰਜਣ ਰਾਹੀਂ ਧਰਤੀ ਨੂੰ ਜ਼ੁਬਾਨ ਦਿੱਤੀ ਹੈ। ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਸਮਾਨਾਂਤਰ ਮੀਡੀਆ ਅਨੇਕ ਦੁਸ਼ਵਾਰੀਆਂ ਦੇ ਬਾਵਜੂਦ ਅਨੇਕਾਂ ਨਵੇਂ ਦਿਸਹੱਦੇ ਸਿਰਜ ਰਿਹਾ ਹੈ। ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀਆਂ ਦੀ ਵੰਨ- ਸੁਵੰਨੀ ਫੁਲਕਾਰੀ ਬਚਾਉਣ ਲਈ ਸਾਨੂੰ ਰੇਸ਼ਮੀ ਧਾਗਿਆਂ ਵਾਲਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਗਮ ਵਿੱਚ ਪਾਕਿਸਤਾਨ ਦੇ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ, ਕਵੀ ਦਰਸ਼ਨ ਬੁੱਟਰ, ਗੁਰਭਜਨ ਗਿੱਲ ਤੇ ਗੁਰਤੇਜ ਕੋਹਾਰਵਾਲਾ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਡਾ. ਇਕਬਾਲ ਕੈਸਰ, ਜ਼ੁਬੈਰ ਅਹਿਮਦ, ਅੱਬਾਸ ਮਿਰਜ਼ਾ, ਡਾ. ਕਲਿਆਣ ਸਿੰਘ ਕਲਿਆਣ, ਹਰਵਿੰਦਰ ਗੁਲਾਬਾਸੀ, ਕਵਿੱਤਰੀ ਬੁਸ਼ਰਾ ਐਜਾਜ਼, ਕਵੀ ਤੇ ਚਿੱਤਰਕਾਰ ਮੁਹੰਮਦ ਆਸਿਫ਼ ਰਜ਼ਾ, ਕਵਿਤਰੀ ਸਾਨੀਆ ਸ਼ੇਖ ਤੇ ਅਫ਼ਜ਼ਲ ਸਾਹਿਰ ਵੀ ਹਾਜ਼ਰ ਸਨ।
ਦਰਸ਼ਨ ਬੁੱਟਰ ਦਾ ਕਾਵਿ ਸੰਗ੍ਰਹਿ ‘ਗੰਠੜੀ’ ਲੋਕ ਅਰਪਣ
ਸਮਾਗਮ ਦੌਰਾਨ ਦਰਸ਼ਨ ਬੁੱਟਰ ਦਾ ਸੱਜਰਾ ਕਾਵਿ ਸੰਗ੍ਰਹਿ ‘ਗੰਠੜੀ’ ਨੂੰ ਫ਼ਖਰ ਜ਼ਮਾਨ, ਡਾ. ਦੀਪਕ ਮਨਮੋਹਨ ਸਿੰਘ, ਗੁਰਭਜਨ ਗਿੱਲ, ਗੁਰਭੇਜ ਸਿੰਘ ਗੋਰਾਇਆ, ਸਤੀਸ਼ ਗੁਲਾਟੀ ਅਤੇ ਡਾ. ਅਬਦਾਲ ਬੇਲਾ ਨੇ ਲੋਕ ਅਰਪਣ ਕੀਤਾ। ਇਸੇ ਤਰ੍ਹਾਂ ਫਾਰੂਖ਼ ਫਖ਼ਰ ਵੱਲੋਂ ਸੁਲਤਾਨ ਬਾਹੂ ਬਾਰੇ ਬਣਾਈ ਗਈ ਦਸਤਾਵੇਜ਼ੀ ਵੀ ਦਿਖਾਈ ਗਈ।

 

Check Also

ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …