Breaking News
Home / ਦੁਨੀਆ / ਭਾਰਤ ਤੇ ਰੂਸ ‘ਚ 43 ਹਜ਼ਾਰ ਕਰੋੜ ਦੇ ਤਿੰਨ ਵੱਡੇ ਰੱਖਿਆ ਸੌਦੇ

ਭਾਰਤ ਤੇ ਰੂਸ ‘ਚ 43 ਹਜ਼ਾਰ ਕਰੋੜ ਦੇ ਤਿੰਨ ਵੱਡੇ ਰੱਖਿਆ ਸੌਦੇ

1529890__11ਮਿਜ਼ਾਈਲ ਪ੍ਰਣਾਲੀ, ਚਾਰ ਜੰਗੀ ਬੇੜੇ ਖ਼ਰੀਦਣ ਤੇ ਸਾਂਝੇ ਤੌਰ ‘ਤੇ ਹੈਲੀਕਾਪਟਰ ਬਣਾਉਣ ਸਮੇਤ ਕੁੱਲ 16 ਸਮਝੌਤੇ
ਬੈਨੌਲਿਮ (ਗੋਆ)/ਬਿਊਰੋ ਨਿਊਜ਼
ਭਾਰਤ ਨੇ ਰੂਸ ਨਾਲ 43 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਵੱਡੇ ਰੱਖਿਆ ਸੌਦਿਆਂ ‘ਤੇ ਦਸਤਖ਼ਤ ਕੀਤੇ ਹਨ ਜਿਨ੍ਹਾਂ ਵਿਚ ਅਤਿ ਆਧੁਨਿਕ ਮਿਜ਼ਾਈਲ ਪ੍ਰਣਾਲੀ ਖ਼ਰੀਦਣਾ ਵੀ ਸ਼ਾਮਲ ਹੈ। ਬ੍ਰਿਕਸ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਈ ਗੱਲਬਾਤ ਤੋਂ ਬਾਅਦ ਕੁਲ 16 ਸਮਝੌਤਿਆਂ ਉੱਤੇ ਸਹੀ ਪਾਈ ਗਈ। ਦੋਹਾਂ ਮੁਲਕਾਂ ਨੇ ਵਪਾਰ ਅਤੇ ਨਿਵੇਸ਼, ਹਾਈਡਰੋਕਾਰਬਨ, ਪੁਲਾੜ ਅਤੇ ਸਮਾਰਟ ਸ਼ਹਿਰਾਂ ਵਰਗੇ ਸੈਕਟਰਾਂ ਵਿਚ ਰਿਸ਼ਤਿਆਂ ਨੂੰ ਹੁਲਾਰਾ ਦੇਣ ਲਈ ਤਿੰਨ ਐਲਾਨ ਵੀ ਕੀਤੇ। ਮੋਦੀ ਅਤੇ ਪੂਤਿਨ ਨੇ ਕੁਡਾਨਕੁਲਮ ਪਰਮਾਣੂ ਪਾਵਰ ਪਲਾਂਟ ਦੀਆਂ ਦੋ ਯੂਨਿਟਾਂ ਦੇਸ਼ ਨੂੰ ਸਮਰਪਿਤ ਕੀਤੀਆਂ ਅਤੇ ਯੂਨਿਟ ਤਿੰਨ ਤੇ ਚਾਰ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਰੂਸੀ ਅਖਾਣ ਦਾ ਹਵਾਲਾ ਦਿੰਦਿਆਂ ਕਿਹਾ, ”ਪੁਰਾਣਾ ਮਿੱਤਰ ਦੋ ਨਵੇਂ ਮਿੱਤਰਾਂ ਨਾਲੋਂ ਕਿਤੇ ਬਿਹਤਰ ਹੈ।” ਇਸ ਟਿੱਪਣੀ ਨੂੰ ਰੂਸ ਵੱਲੋਂ ਪਾਕਿਸਤਾਨ ਨਾਲ ਕੀਤੀਆਂ ਗਈਆਂ ਫ਼ੌਜੀ ਮਸ਼ਕਾਂ ‘ਤੇ ਭਾਰਤੀ ਦੀ ਨਾਰਾਜ਼ਗੀ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਦੋਵੇਂ ਮੁਲਕਾਂ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਸਖ਼ਤੀ ਵਰਤਣ ਦੀ ਵਕਾਲਤ ਕੀਤੀ।
ਭਾਰਤ ਵੱਲੋਂ ਰੂਸ ਤੋਂ ਲੰਬੀ ਦੂਰੀ ਦੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਐਸ-400 ਟਰਿੰਫ ਨੂੰ 5 ਅਰਬ ਡਾਲਰ (33,350 ਕਰੋੜ) ਵਿਚ ਖ਼ਰੀਦਣ ਦਾ ਸਮਝੌਤਾ ਕੀਤਾ ਗਿਆ। ਦੋ ਹੋਰ ਰੱਖਿਆ ਸੌਦਿਆਂ ਵਿਚ ਐਡਮਿਰਲ ਗ੍ਰਿਗੋਰੋਵਿਚ ਸ਼੍ਰੇਣੀ (ਪ੍ਰਾਜੈਕਟ 11356) ਦੇ ਮਿਜ਼ਾਈਲਾਂ ਵਾਲੇ ਚਾਰ ਜੰਗੀ ਬੇੜੇ (3,336 ਕਰੋੜ) ਖ਼ਰੀਦਣ ਅਤੇ ਕਾਮੋਵ ਹੈਲੀਕਾਪਟਰ (6672 ਕਰੋੜ) ਸਾਂਝੇ ਤੌਰ ‘ਤੇ ਬਣਾਉਣਾ ਸ਼ਾਮਲ ਹਨ। ਇਹ ਸਮਝੌਤੇ ਅਹਿਮੀਅਤ ਰੱਖਦੇ ਹਨ ਕਿਉਂਕਿ ਭਾਰਤ ਵੱਲੋਂ ਫ਼ੌਜੀ ਸਾਜ਼ੋ ਸਾਮਾਨ ਦੇ ਲੈਣ-ਦੇਣ ਸਬੰਧੀ ਸਮਝੌਤੇ ‘ਤੇ ਦਸਤਖ਼ਤ ਨਾਲ ਉਹ ਰਵਾਇਤੀ ਰੱਖਿਆ ਭਾਈਵਾਲ ਰੂਸ ਤੋਂ ਦੂਰ ਹੋ ਗਿਆ ਸੀ ਅਤੇ ਅਮਰੀਕਾ ਦੀਆਂ ਰੱਖਿਆ ਕੰਪਨੀਆਂ ਨੂੰ ਭਾਰਤ ਨਾਲ ਕਾਰੋਬਾਰ ਦੀ ਖੁੱਲ੍ਹ ਮਿਲ ਗਈ ਸੀ। ਭਾਰਤ-ਰੂਸ ਵੱਲੋਂ ਅੱਤਵਾਦ ਨਾਲ ਨਜਿੱਠਣ ਲਈ ਕਾਨੂੰਨ ਬਣਾਉਣ ‘ਤੇ ਜ਼ੋਰ: ਸਰਹੱਦ ਪਾਰ ਤੋਂ ਅੱਤਵਾਦ ਨੂੰ ਸ਼ਹਿ ਦਿੱਤੇ ਜਾਣ ਨੂੰ ਅਪ੍ਰਵਾਨ ਕਰਦਿਆਂ ਭਾਰਤ ਅਤੇ ਰੂਸ ਨੇ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਣ ਤੋਂ ਰੋਕਣ ਲਈ ਕਦਮ ਚੁੱਕੇ ਜਾਣ ਦੀ ਵਕਾਲਤ ਕਰਦਿਆਂ ਸੱਦਾ ਦਿੱਤਾ ਕਿ ਕੌਮਾਂਤਰੀ ਅੱਤਵਾਦ ਬਾਰੇ ਵਿਆਪਕ ਕਨਵੈਨਸ਼ਨ (ਸੀਸੀਆਈਟੀ) ਸਬੰਧੀ ਸੰਯੁਕਤ ਰਾਸ਼ਟਰ ਛੇਤੀ ਕੋਈ ਫ਼ੈਸਲਾ ਲਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਾਂਝੇ ਬਿਆਨ ਵਿਚ ਹਰ ਤਰ੍ਹਾਂ ਦੇ ਅੱਤਵਾਦ ਦੀ ਤਿੱਖੇ ਲਫ਼ਜ਼ਾਂ ਵਿਚ ਨਿਖੇਧੀ ਕੀਤੀ । ਪੂਤਿਨ ਵੱਲੋਂ ਉੜੀ ਹਮਲੇ ਦੀ ਨਿਖੇਧੀ ਕਰਨ ਲਈ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨਾਲ ਨਜਿੱਠਣ ਲਈ ਸਖ਼ਤੀ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ ਕਿ ਰੂਸ ਸਰਹੱਦ ਪਾਰੋਂ ਅੱਤਵਾਦ ਨਾਲ ਲੜਾਈ ਵਿਚ ਭਾਰਤ ਦੇ ਨਾਲ ਹੈ। ਇਸ ਮੌਕੇ ਪੂਤਿਨ ਨੇ ਕਿਹਾ ਕਿ ਦੋਵੇਂ ਮੁਲਕ ਅੱਤਵਾਦ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਇਕਜੁੱਟ ਹਨ।
ਚੀਨੀ ਮੀਡੀਆ ਤੇ ਭਾਰਤੀ ਸੁਰੱਖਿਆ ਅਧਿਕਾਰੀਆਂ ਵਿਚਾਲੇ ਤਲਖੀ : ਚੀਨੀ ਮੀਡੀਆ ਅਤੇ ਭਾਰਤੀ ਸੁਰੱਖਿਆ ਅਧਿਕਾਰੀਆਂ ਵਿਚਕਾਰ ਇਥੇ ਤਾਜ ਹੋਟਲ ਵਿਚ ਉਸ ਸਮੇਂ ਗਰਮਾ ਗਰਮੀ ਹੋ ਗਈ ਜਦੋਂ ਚੀਨੀ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋ ਰਹੀ ਬੈਠਕ ਵਾਲੀ ਥਾਂ ‘ਤੇ ਜਾਣ ਦੀ ਕੋਸ਼ਿਸ਼ ਕੀਤੀ। ਪ੍ਰਤੱਖਦਰਸ਼ੀਆਂ ਮੁਤਾਬਿਕ ਚੀਨੀ ਮੀਡੀਆ ਦੇ ਗੁੱਟ ਨੂੰ ਹਾਲ ‘ਚ ਦਾਖ਼ਲ ਹੋਣ ਤੋਂ ਰੋਕ ઠਦਿੱਤਾ ਗਿਆ ਜਿਸ ਤੋਂ ઠਉਹ ਔਖੇ ਹੋ ઠਗਏ। ਇਸ ਬਾਰੇ ਜਦੋਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਤੋਂ ਪੁੱਛਿਆ ઠਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਠੋਸ ઠਮੁੱਦਿਆਂ ‘ਤੇ ਹੀ ਪ੍ਰਤੀਕਰਮ ਦੇਣਗੇ।
ਚੀਨ ਨੇ ਅੱਤਵਾਦ ਨੂੰ ਅਹਿਮ ਮੁੱਦਾ ਦੱਸਿਆ ਪਰ ਅਜ਼ਹਰ ਬਾਰੇ ਖਾਮੋਸ਼ੀ
ਬੈਨੌਲਿਮ (ਗੋਆ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਤਵਾਦ ਨੂੰ ਅਹਿਮ ਮੁੱਦਾ ਕਰਾਰ ਦਿੱਤਾ ਹੈ। ਦੋਵੇਂ ਆਗੂਆਂ ਵਿਚਕਾਰ ਹੋਈ ਬੈਠਕ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ ਕਿ ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਖ਼ਿਲਾਫ਼ ਸੰਯੁਕਤ ਰਾਸ਼ਟਰ ਵਿਚ ਪਾਬੰਦੀ ਦੀ ਮੰਗ ਬਾਰੇ ਭਾਰਤ ਨੂੰ ਕੋਈ ਭਰੋਸਾ ਨਹੀਂ ਦਿੱਤਾ। ਉਂਜ ਜਿਨਪਿੰਗ ਨੇ ਕਿਹਾ ਕਿ ਦੋਹਾਂ ਮੁਲਕਾਂ ਨੂੰ ਸੁਰੱਖਿਆ ਬਾਰੇ ਵਾਰਤਾ ਵਿਚ ਹੋਰ ਮਜ਼ਬੂਤੀ ਚਾਹੀਦੀ ਹੈ। ਬ੍ਰਿਕਸ ਸੰਮੇਲਨ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਬੀਚ ਰਿਜ਼ੌਰਟ ਵਿਚ ਮੁਲਾਕਾਤ ਕੀਤੀ। ਸਵਰੂਪ ਨੇ ਕਿਹਾ ਕਿ ਮੋਦੀ ਅਤੇ ਜਿਨਪਿੰਗ ਨੇ ਪਰਮਾਣੂ ਸਪਲਾਇਰਜ਼ ਗਰੁੱਪ ਵਿਚ ਭਾਰਤ ਦੇ ਦਾਖ਼ਲੇ ਦੀ ਸੰਭਾਵਨਾ ਬਾਰੇ ਵੀ ਸੰਖੇਪ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਚੀਨ ਨੇ ਐਨਐਸਜੀ ‘ਤੇ ਦੂਜੇ ਦੌਰ ਦੀ ਗੱਲਬਾਤ ਛੇਤੀ ਸ਼ੁਰੂ ਕਰਨ ਦਾ ਐਲਾਨ ਕੀਤਾ। ਦੋਵੇਂ ਆਗੂਆਂ ਨੇ ਦੁਵੱਲੇ ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਬਾਰੇ ਵੀ ਸਹਿਮਤੀ ਪ੍ਰਗਟਾਈ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …