Breaking News
Home / ਦੁਨੀਆ / ਪਾਕਿ ਆਲਮੀ ਦਹਿਸ਼ਤਗਰਦੀ ਦੀ ਜੜ੍ਹ: ਮੋਦੀ

ਪਾਕਿ ਆਲਮੀ ਦਹਿਸ਼ਤਗਰਦੀ ਦੀ ਜੜ੍ਹ: ਮੋਦੀ

logo-2-1-300x105ਦਹਿਸ਼ਤਗਰਦੀ ਖ਼ਿਲਾਫ ਬ੍ਰਿਕਸ ਮੁਲਕਾਂ ਨੇ ਭਾਰਤ ਨੂੰ ਦਿੱਤੀ ਹਮਾਇਤ; ਐਲਾਨਨਾਮੇ ਵਿਚ ਸਾਰੇ ਮੁਲਕਾਂ
ਬੈਨੌਲਿਮ (ਗੋਆ)/ਬਿਊਰੋ ਨਿਊਜ਼
ਭਾਰਤ ਵੱਲੋਂ ਦਹਿਸ਼ਤਗਰਦੀ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਪੰਜ ਬ੍ਰਿਕਸ ਮੁਲਕਾਂ ਨੇ ਉੜੀ ਅਤੇ ਪਠਾਨਕੋਟ ਵਿਚ ਹੋਏ ਦਹਿਸ਼ਤੀ ਹਮਲਿਆਂ ਦੀ ਕਰੜੀ ਨਿਖੇਧੀ ਕਰਦਿਆਂ ਸਪਸ਼ਟ ਕੀਤਾ ਕਿ ਦਹਿਸ਼ਤਵਾਦ ਖ਼ਿਲਾਫ਼ ਕੋਈ ਸਿਆਸੀ ਜਾਂ ਧਾਰਮਿਕ ਬਹਾਨਾ ਨਹੀਂ ਬਣਾਇਆ ਜਾ ਸਕਦਾ। ਚਾਰ ਮੁਲਕਾਂ ਦੇ ਪ੍ਰਮੁੱਖ ਆਗੂਆਂ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਮੁਲਕ ਨੂੰ ਆਲਮੀ ਦਹਿਸ਼ਤਗਰਦੀ ਦੀ ਜੜ੍ਹ ਕਰਾਰ ਦਿੱਤਾ। ਬ੍ਰਿਕਸ ਸੰਮੇਲਨ ਦੌਰਾਨ ਗੋਆ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਜਿਸ ਵਿਚ ਭਾਰਤ ਦੀ ਮੰਗ ਨੂੰ ਹਮਾਇਤ ਦਿੰਦਿਆਂ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸੰਯੁਕਤ ਰਾਸ਼ਟਰ ਵਿਚ ਕੌਮਾਂਤਰੀ ਅੱਤਵਾਦ ਬਾਰੇ ਵਿਆਪਕ ਕਨਵੈਨਸ਼ਨ ਨੂੰ ਲਾਗੂ ਕਰਾਉਣ ਲਈ ਬਿਨਾਂ ਕਿਸੇ ਦੇਰੀ ਦੇ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦੇਣ। ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ ਪੰਜ ਮੁਲਕਾਂ ਦੇ ਆਗੂਆਂ ਨੇ ਕਿਹਾ ਕਿ ਇਹ ਸਾਰੇ ਮੁਲਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਇਲਾਕਿਆਂ ਵਿਚੋਂ ਦਹਿਸ਼ਤੀ ਕਾਰਵਾਈਆਂ ਨੂੰ ਰੋਕਣ ਦੇ ਉਪਰਾਲੇ ਕਰਨ। ਭਾਰਤ ਲਗਾਤਾਰ ਇਹ ਆਵਾਜ਼ ਬੁਲੰਦ ਕਰਦਾ ਰਿਹਾ ਹੈ ਕਿ ਪਾਕਿਸਤਾਨ ਆਪਣੀ ਧਰਤੀ ਤੋਂ ਦਹਿਸ਼ਤੀ ਸਰਗਰਮੀਆਂ ਨੂੰ ਹਮਾਇਤ ਦਿੰਦਾ ਰਿਹਾ ਹੈ ਅਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦਾ ਆ ਰਿਹਾ ਹੈ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਫ਼ੀਰਾਂ ਵੱਲੋਂ ਤਿਆਰ ਕੀਤੇ ਗਏ 102 ਪੈਰਿਆਂ ਦੇ ਐਲਾਨਨਾਮੇ ਵਿਚ ਕਿਹਾ ਗਿਆ ਹੈ, ”ਅਸੀਂ ਭਾਰਤ ਸਮੇਤ ਕੁਝ ਬ੍ਰਿਕਸ ਮੁਲਕਾਂ ਖ਼ਿਲਾਫ਼ ਪਿਛਲੇ ਸਮੇਂ ਦੌਰਾਨ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਹਰ ਤਰ੍ਹਾਂ ਦੇ ਅੱਤਵਾਦ ਦੀ ਵੀ ਕਰੜੇ ਸ਼ਬਦਾਂ ਵਿਚ ਆਲੋਚਨਾ ਕਰਦੇ ਹਾਂ। ਕੌਮਾਂਤਰੀ ਅੱਤਵਾਦ ਨਾਲ ਨਜਿੱਠਣ ਲਈ ਅਸੀਂ ਦੁਵੱਲੇ ਪੱਧਰ ਅਤੇ ਕੌਮਾਂਤਰੀ ਮੰਚਾਂ ‘ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਬਣਾਈ ਹੈ।” ਪੰਜ ਮੁਲਕਾਂ ਦੇ ਗਰੁੱਪ ਨੇ ਜੀ-20 ਮੈਂਬਰਾਂ ਨਾਲ ਰਲ ਕੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਪਾਰ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਲਿਆ ਹੈ। ਮੋਦੀ ਨੇ ਪਾਕਿਸਤਾਨ ਖ਼ਿਲਾਫ਼ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਅੱਤਵਾਦ ਬਾਰੇ ਤਿੱਖਾ ਐਲਾਨਨਾਮਾ ਜਾਰੀ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ, ”ਸਾਡੇ ਆਪਣੇ ਖ਼ਿੱਤੇ ਵਿਚ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਅੱਤਵਾਦ ਵੱਡੀ ਚੁਣੌਤੀ ਬਣਿਆ ਹੋਇਆ ਹੈ। ਮੰਦੇ ਭਾਗੀਂ ਇਸ ਦੀ ਜੜ੍ਹ ਭਾਰਤ ਦੇ ਗੁਆਂਢ ਵਿਚ ਪੈਂਦੇ ਇਕ ਮੁਲਕ ‘ਚ ਹੈ। ਇਸੇ ਜੜ੍ਹ ਨਾਲ ਦੁਨੀਆਂ ਭਰ ਵਿਚ ਦਹਿਸ਼ਤਗਰਦੀ ਦੇ ਸੂਤਰ ਜੁੜੇ ਹੋਏ ਹਨ। ਇਹ ਮੁਲਕ ਨਾ ਸਿਰਫ਼ ਅੱਤਵਾਦੀਆਂ ਦੀ ਪੁਸ਼ਤ ਪਨਾਹੀ ਕਰਦਾ ਹੈ ਸਗੋਂ ਇਹ ਮਾਨਸਿਕਤਾ ਵੀ ਪੈਦਾ ਕਰਦਾ ਹੈ ਕਿ ਸਿਆਸੀ ਲਾਹਿਆਂ ਲਈ ਅੱਤਵਾਦ ਜਾਇਜ਼ ਹੈ। ਬ੍ਰਿਕਸ ਮੁਲਕਾਂ ਨੂੰ ਇਸ ਖ਼ਤਰੇ ਖ਼ਿਲਾਫ਼ ਇਕ ਸੁਰ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।” ਐਲਾਨਨਾਮੇ ਵਿਚ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਗਿਆ ਕਿ ਅੱਤਵਾਦ ਨਾਲ ਸਿੱਝਣ ਵਿਚ ਵਿਆਪਕ ਪਹੁੰਚ ਅਪਣਾਈ ਜਾਵੇ। ਇਸ ਤਹਿਤ ਕੱਟੜਵਾਦ, ਅੱਤਵਾਦੀਆਂ ਦੀ ਭਰਤੀ, ਉਨ੍ਹਾਂ ਦੀਆਂ ਸਰਗਰਮੀਆਂ ਦਾ ਟਾਕਰਾ ਕਰਦਿਆਂ ਉਨ੍ਹਾਂ ਦੇ ਮਾਲੀ ਵਸੀਲਿਆਂ ਅਤੇ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਖ਼ਾਸ ਦਹਿਸ਼ਤਗਰਦ ਅਤੇ ਜਥੇਬੰਦੀਆਂ ਖ਼ਿਲਾਫ਼ ਚੋਣਵੀਂ ਪਹੁੰਚ ਅਪਣਾਉਣਾ ਬੇਕਾਰ ਹੋਏਗਾ। ઠਬ੍ਰਿਕਸ ਆਗੂਆਂ ਦੀ ਹਾਜ਼ਰੀ ਵਿਚ ਪ੍ਰੈਸ ਬਿਆਨ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਜਿਹੜੀਆਂ ਤਾਕਤਾਂ ਦਹਿਸ਼ਤ ਅਤੇ ਹਿੰਸਾ ਨੂੰ ਫੈਲਾਉਣ, ਪਨਾਹ ਅਤੇ ਹਮਾਇਤ ਦਿੰਦੀਆਂ ਹਨ, ਉਹ ਹੋਰਨਾਂ ਮੁਲਕਾਂ ਲਈ ਵੀ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਫੰਡਿੰਗ, ਉਨ੍ਹਾਂ ਨੂੰ ਮਿਲਦੇ ਹਥਿਆਰਾਂ ਦੀ ਸਪਲਾਈ, ਸਿਖਲਾਈ ਅਤੇ ਸਿਆਸੀ ਹਮਾਇਤ ਨੂੰ ਯੋਜਨਾਬੱਧ ਢੰਗ ਨਾਲ ਕੱਟਣਾ ਪਏਗਾ। ਪ੍ਰਧਾਨ ਮੰਤਰੀ ਨੇ ਕਿਹਾ, ”ਇਸ ਲਈ ਸਾਨੂੰ ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਹੈ।” ਭ੍ਰਿਸ਼ਟਾਚਾਰ ਤੇ ਕਾਲੇ ਧਨ ਨਾਲ ਨਜਿੱਠਣ ‘ਤੇ ਦਿੱਤਾ ਜ਼ੋਰ: ਐਲਾਨਨਾਮੇ ਵਿਚ ਬ੍ਰਿਕਸ ਮੁਲਕ ਭ੍ਰਿਸ਼ਟਾਚਾਰ ਅਤੇ ਵਿਦੇਸ਼ਾਂ ਵਿਚ ਕਾਲੇ ਧਨ ਨਾਲ ਨਜਿੱਠਣ ਸਬੰਧੀ ਵੀ ਇਕਜੁੱਟ ਨਜ਼ਰ ਆਏ। ਉਨ੍ਹਾਂ ਕਿਹਾ ਕਿ ਟੈਕਸ ਦਰਾਂ ਇਕਸਾਰ ਨਾ ਹੋਣ ਕਾਰਨ ਬਰਾਬਰ ਦਾ ਵਿਕਾਸ ਅਤੇ ਆਰਥਿਕ ਵਿਕਾਸ ਨਹੀਂ ਹੁੰਦਾ। ਉਨ੍ਹਾਂ ਬ੍ਰਿਕਸ ਐਂਟੀ ਕੁਰੱਪਸ਼ਨ ਵਰਕਿੰਗ ਗਰੁੱਪ ਰਾਹੀਂ ਭ੍ਰਿਸ਼ਟਾਚਾਰ ਖ਼ਿਲਾਫ਼ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹਮਾਇਤ ਦਿੱਤੀ। ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੂੰ ਵੀ ਮਜ਼ਬੂਤ ਬਣਾਉਣ ਲਈ ਵਚਨਬੱਧਤਾ ਦੁਹਰਾਈ ਗਈ। ਕਰੈਡਿਟ ਰੇਟਿੰਗ ਏਜੰਸੀ ‘ਤੇ ਨਹੀਂ ਬਣੀ ਸਹਿਮਤੀ: ਭਾਰਤ ਵੱਲੋਂ ਬ੍ਰਿਕਸ ਕਰੈਡਿਟ ਰੇਟਿੰਗ ਏਜੰਸੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਕੁਝ ਮੈਂਬਰਾਂ ਨੇ ਇਸ ‘ਤੇ ਆਪਣੇ ਇਤਰਾਜ਼ ਪ੍ਰਗਟਾਏ। ਉਂਜ ਉਹ ਏਜੰਸੀ ਬਣਾਉਣ ਲਈ ਰਾਜ਼ੀ ਸਨ ਪਰ ਸਮਝੌਤੇ ‘ਤੇ ਦਸਤਖ਼ਤ ਨਹੀਂ ਕੀਤੇ। ਸੂਤਰਾਂ ਮੁਤਾਬਿਕ ਚੀਨ ਨੇ ਇਸ ਦੀ ਕਾਇਮੀ ‘ਚ ਅੜਿੱਕੇ ਪਾਏ।

Check Also

ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ

ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …