ਕਿਹਾ : ਪਾਕਿਸਤਾਨ ਦੁਨੀਆ ਸਭ ਤੋਂ ਖਤਰਨਾਕ ਦੇਸ਼
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਪਾਕਿਸਤਾਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆ ਦੇ ਸਭ ਵੱਧ ਖਤਰਨਾਕ ਦੇਸ਼ਾਂ ਵਿਚੋਂ ਇਕ ਹੈ। ਪਾਕਿਸਤਾਨ ਕੋਲ ਬਿਨਾ ਕਿਸੇ ਨਿਗਰਾਨੀ ਦੇ ਪ੍ਰਮਾਣੂ ਹਥਿਆਰ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਕੋਲ 160 ਪ੍ਰਮਾਣੂ ਬੰਬ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਜੋ ਬਾਇਡਨ ਚੀਨ ਅਤੇ ਰੂਸ ਦੇ ਸਬੰਧ ਵਿਚ ਅਮਰੀਕੀ ਵਿਦੇਸ਼ ਨੀਤੀ ਦੀ ਗੱਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ’ਤੇ ਟਿੱਪਣੀ ਕੀਤੀ। ਬਾਇਡਨ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਵੱਧ ਖਤਰਨਾਕ ਦੇਸ਼ ਮੰਨਦੇ ਹਨ। ਪ੍ਰੰਤੂ ਇਸ ਦੇ ਉਲਟ ਅਮਰੀਕਾ ਨੇ ਲੰਘੀ 8 ਸਤੰਬਰ ਨੂੰ ਪਾਕਿਸਤਾਨ ਨੂੰ ਐਫ-16 ਲੜਾਕੂ ਜਹਾਜ਼ਾਂ ਦੀ ਸਾਂਭ-ਸੰਭਾਲ ਲਈ 45 ਕਰੋੜ ਡਾਲਰ ਦੀ ਸਹਾਇਤਾ ਦੇਣ ਨੂੰ ਮਨਜ਼ੂਰੀ ਵੀ ਦਿੱਤੀ ਸੀ। ਇਹ ਲੰਘੇ ਚਾਰ ਸਾਲਾਂ ਦੌਰਾਨ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਸੁਰੱਖਿਆ ਸਹਾਇਤਾ ਸੀ। ਜਦਕਿ ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਪਾਕਿਸਤਾਨਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਦੱਸ ਰਹੇ ਹਨ। ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਜੋ ਰਿਸ਼ਤੇ ਹਨ ਉਨ੍ਹਾਂ ਨਾਲ ਨਾ ਤਾਂ ਕਦੇ ਪਾਕਿਸਤਾਨ ਨੂੰ ਫਾਇਦਾ ਹੋਇਆ ਹੈ ਅਤੇ ਨਾ ਹੀ ਕਦੇ ਅਮਰੀਕਾ ਨੂੰ। ਹੁਣ ਅਮਰੀਕਾ ਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਸਬੰਧ ਰੱਖਣ ਨਾਲ ਕੀ ਫਾਇਦਾ ਮਿਲੇਗਾ। ਦੋਵੇਂ ਦੇਸ਼ਾਂ ਦੇ ਰਿਸ਼ਤੇ ਆਉਣ ਵਾਲੇ ਸਮੇਂ ਕਿੰਨੇ ਮਜ਼ਬੂਤ ਅਤੇ ਲਾਹੇਵੰਦ ਹੁੰਦੇ ਹਨ ਇਸ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।