ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਬਾਏ ਅਮਰੀਕਨ, ਹਾਇਰ ਅਮੈਰਿਕਨ’ ਨੀਤੀ ਤਹਿਤ ਚੁੱਕੇ ਜਾ ਰਹੇ ਕਦਮ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਕੰਪਨੀਆਂ ਲਈ ਹੁਣ ਐੱਚ-1ਬੀ ਵੀਜ਼ੇ ‘ਤੇ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ‘ਤੇ ਰੱਖਣਾ ਆਸਾਨ ਨਹੀਂ ਹੋਵੇਗਾ। ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਕਿਰਿਆ ਨੂੰ ਸਖ਼ਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਨਵੀਂ ਵਿਵਸਥਾ ਤਹਿਤ ਕੰਪਨੀਆਂ ਨੂੰ ਲਾਜ਼ਮੀ ਤੌਰ ‘ਤੇ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਦੇ ਇੱਥੇ ਪਹਿਲਾਂ ਤੋਂ ਕੁਲ ਕਿੰਨੇ ਵਿਦੇਸ਼ੀ ਕੰਮ ਕਰ ਰਹੇ ਹਨ। ਐੱਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ਵਿਚ ਕਾਫ਼ੀ ਲੋਕਪ੍ਰਿਆ ਹੈ। ਇਸ ਵੀਜ਼ੇ ਦੇ ਆਧਾਰ ‘ਤੇ ਵੱਡੀ ਗਿਣਤੀ ‘ਚ ਭਾਰਤੀ ਅਮਰੀਕਾ ਦੀਆਂ ਆਈਟੀ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਨਵੀਂ ਵਿਵਸਥਾ ਨਾਲ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ‘ਤੇ ਪਵੇਗਾ। ਅਮਰੀਕਾ ਦੇ ਕਿਰਤ ਵਿਭਾਗ ਨੇ ਪਿਛਲੇ ਦਿਨੀਂ ਨਵੀਂ ਵਿਵਸਥਾ ਦੀ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਨਵੇਂ ਫਾਰਮ ਅਗਲੇ ਕੁਝ ਹਫ਼ਤਿਆਂ ‘ਚ ਮੁਹੱਈਆ ਕਰਾ ਦਿੱਤੇ ਜਾਣਗੇ। ਪਿਛਲੇ ਮਹੀਨੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨੇ ਵੀ ਕਿਹਾ ਸੀ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੀ ਅਗਲੇ ਸਾਲ ਜਨਵਰੀ ਤਕ ਐੱਚ-1ਬੀ ਵੀਜ਼ੇ ਤਹਿਤ ਆਉਣ ਵਾਲੇ ਰੁਜ਼ਗਾਰਾਂ ਅਤੇ ਵਿਸ਼ੇਸ਼ ਕਾਰੋਬਾਰੀਆਂ ਦੀ ਪਰਿਭਾਸ਼ਾ ਨੂੰ ਸੋਧਣ ਦੀ ਯੋਜਨਾ ਹੈ। ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਬਾਏ ਅਮਰੀਕਨ, ਹਾਇਰ ਅਮੈਰਿਕਨ’ ਨੀਤੀ ਤਹਿਤ ਉਠਾਇਆ ਜਾ ਰਿਹਾ ਹੈ। ਇਸ ਕਦਮ ਨਾਲ ਅਮਰੀਕਾ ਵਿਚ ਸਥਿਤ ਭਾਰਤੀ ਆਈਟੀ ਕੰਪਨੀਆਂ ‘ਤੇ ਸਭ ਤੋਂ ਜ਼ਿਆਦਾ ਉਲਟ ਅਸਰ ਪੈਣ ਦਾ ਅਨੁਮਾਨ ਹੈ।
ਇਹ ਹਨ ਨਵੀਆਂ ਸਖ਼ਤ ਸ਼ਰਤਾਂ
ੲ ਕੰਪਨੀਆਂ ਨੂੰ ਐੱਚ-1ਬੀ ਵੀਜ਼ੇ ‘ਤੇ ਵਿਦੇਸ਼ੀ ਨੂੰ ਨੌਕਰੀ ਦੇਣ ਤੋਂ ਪਹਿਲਾਂ ਕਿਰਤ ਵਿਭਾਗ ਤੋਂ ਅਰਜ਼ੀ ‘ਤੇ ਮਨਜ਼ੂਰੀ ਲੈਣੀ ਪਵੇਗੀ।
ੲ ਇਹ ਸਰਟੀਫਿਕੇਟ ਮਿਲਣ ਦੇ ਬਾਅਦ ਹੀ ਵਿਦੇਸ਼ੀ ਨੂੰ ਨੌਕਰੀ ‘ਤੇ ਰੱਖਿਆ ਜਾ ਸਕੇਗਾ ਕਿ ਐੱਚ-1ਬੀ ਵੀਜ਼ਾ ਸ਼੍ਰੇਣੀ ਵਿਚ ਜਿਸ ਅਹੁਦੇ ‘ਤੇ ਵਿਦੇਸ਼ੀ ਨੂੰ ਰੱਖਿਆ ਜਾ ਰਿਹਾ ਹੈ ਉਸ ਅਹੁਦੇ ਲਈ ਕੋਈ ਅਮਰੀਕੀ ਨਹੀਂ ਮਿਲਿਆ।
ੲ ਕੰਪਨੀਆਂ ਨੂੰ ਇਹ ਪੂਰਾ ਵੇਰਵਾ ਵੀ ਦੇਣਾ ਲਾਜ਼ਮੀ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਹਰ ਕੈਂਪਸ ਵਿਚ ਕੁਲ ਕਿੰਨੇ ਮੁਲਾਜ਼ਮ ਐੱਚ-1ਬੀ ਵੀਜ਼ੇ ‘ਤੇ ਕੰਮ ਕਰ ਰਹੇ ਹਨ।
ਕੀ ਹੈ ਐੱਚ-1ਬੀ ਵੀਜ਼ਾ
ਭਾਰਤੀ ਪੇਸ਼ੇਵਰਾਂ ਦਰਮਿਆਨ ਖਾਸੇ ਲੋਕਪ੍ਰਿਆ ਐੱਚ-1ਬੀ ਵੀਜ਼ੇ ਦੇ ਜ਼ਰੀਏ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਇਲਾਕਿਆਂ ‘ਚ ਉੱਚ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਵਿਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ ਤੇ ਛੇ ਸਾਲ ਤਕ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਇਸ ‘ਤੇ ਲਗਾਮ ਕੱਸੀ ਜਾ ਰਹੀ ਹੈ।
ਆਮ ਸ਼੍ਰੇਣੀ ‘ਚ 65 ਹਜ਼ਾਰ ਵੀਜ਼ੇ
ਅਮਰੀਕੀ ਸੰਸਦ ਤੋਂ ਯੂਐੱਸਸੀਆਈਐੱਸ ਨੂੰ ਆਮ ਸ਼੍ਰੇਣੀ ਵਿਚ 65 ਹਜ਼ਾਰ ਐੱਚ-1ਬੀ ਵੀਜ਼ੇ ਜਾਰੀ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਦੇ ਇਲਾਵਾ 20 ਹਜ਼ਾਰ ਐੱਚ-1ਬੀ ਵੀਜ਼ੇ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਦੇ ਖੇਤਰ ਵਿਚ ਅਮਰੀਕਾ ਦੇ ਉੱਚ ਵਿੱਦਿਅਕ ਅਦਾਰਿਆਂ ਤੋਂ ਸਿੱਖਿਆ ਹਾਸਲ ਕੀਤੀ ਹੈ।
ਅਮਰੀਕਾ ‘ਚ ਵਧ ਫੁੱਲ ਰਿਹੈ ਬਰਥ ਟੂਰਿਜ਼ਮ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜਨਮ ਦੇ ਅਧਾਰ ‘ਤੇ ਨਾਗਰਿਕਤਾ ਦੇ ਅਧਿਕਾਰ ਨਾਲ ਅਮਰੀਕਾ ‘ਚ ਬਰਥ ਟੂਰਿਜ਼ਮ ਦਾ ਉਦਯੋਗ ਵਧ ਫੁੱਲ ਰਿਹਾ ਹੈ। ਇਸ ਦਾ ਚੀਨੀ ਨਾਗਰਿਕ ਸਭ ਤੋਂ ਜ਼ਿਆਦਾ ਫਾਇਦਾ ਉਠਾ ਰਹੇ ਹਨ। ਟਰੰਪ ਨੇ ਪਿਛਲੇ ਦਿਨੀਂ ਕੋਲੰਬੀਆ ਵਿਚ ਇਕ ਚੋਣ ਰੈਲੀ ‘ਚ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਹ ਅਮਰੀਕਾ ਵਿਚ ਗੈਰ ਨਾਗਰਿਕਾਂ ਤੇ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਜਨਮ ਦੇ ਅਧਾਰ ‘ਤੇ ਮਿਲਣ ਵਾਲੇ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਲਈ ਇਕ ਕਾਰਜਕਾਰੀ ਆਦੇਸ਼ ਜਾਰੀ ਕਰਨ ਦਾ ਇਰਾਦਾ ਰੱਖਦੇ ਹਨ। ਇਸ ਬਰਥ ਟੂਰਿਜ਼ਮ ਵਿਚ ਪੂਰੀ ਦੁਨੀਆ ਦੀਆਂ ਗਰਭਵਤੀ ਔਰਤਾਂ ਅਮਰੀਕਾ ਚਲੀਆਂ ਜਾਂਦੀਆਂ ਹਨ ਤਾਂਕਿ ਉਨ੍ਹਾਂ ਦੇ ਬੱਚੇ ਨੂੰ ਤੁਰੰਤ ਉਮਰ ਭਰ ਲਈ ਨਾਗਰਿਕਤਾ ਮਿਲ ਜਾਵੇ। ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਤਹਿਤ ਅਮਰੀਕਾ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਆਪਣੇ ਆਪ ਹੀ ਅਮਰੀਕਾ ਦੀ ਨਾਗਰਿਕਤਾ ਮਿਲ ਮਿਲ ਜਾਂਦੀ ਹੈ।
ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਲੋਕਾਂ
ਨਾਲ ਟਰੰਪ ਨੇ ਪ੍ਰਗਟਾਈ ਹਮਦਰਦੀ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੌਸਲੇ ਨਾਲ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਸਮੇਤ ਉੱਚ ਹੁਨਰਮੰਦ ਪੇਸ਼ੇਵਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਟਰੰਪ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਭ ਕੁਝ ਵਧੀਆ ਕੀਤਾ ਹੈ ਤੇ ਉਹ ਅਮਰੀਕਾ ਵਿਚ ਦਾਖ਼ਲ ਹੋਣ ਜਾ ਰਹੇ ਹਨ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਤੀਨੀ ਅਮਰੀਕੀ ਦੇਸ਼ਾਂ ਹੋਂਡੂਰਸ, ਅਲਸਲਵਾਡੋਰ ਤੇ ਗੁਆਟੇਮਾਲਾ ਦੇ ਕਰੀਬ ਸੱਤ ਹਜ਼ਾਰ ਸ਼ਰਨਾਰਥੀ ਮੈਕਸੀਕੋ ਦੇ ਰਸਤੇ ਅਮਰੀਕਾ ਦੀ ਦੱਖਣੀ ਹੱਦ ਵੱਲ ਵੱਧ ਰਹੇ ਹਨ। ਸਰਕਾਰੀ ਅਨੁਮਾਨ ਅਨੁਸਾਰ ਅਮਰੀਕਾ ਵਿਚ ਸਥਾਈ ਤੌਰ ‘ਤੇ ਵੱਸਣ ਦਾ ਕਾਨੂੰਨੀ ਦਰਜਾ ਪਾਉਣ ਲਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਉੱਚ ਹੁਨਰਮੰਦ ਪੇਸ਼ੇਵਰਾਂ ਵਿਚ ਛੇ ਲੱਖ ਤੋਂ ਜ਼ਿਆਦਾ ਭਾਰਤੀ ਹਨ। ਇਸ ਦਰਜੇ ਨੂੰ ਗ੍ਰੀਨ ਕਾਰਡ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਟਰੰਪ ਨੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਮਾਮਲੇ ‘ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਗ਼ੈਰ-ਕਾਨੂੰਨੀ ਅਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੇਣਾ ਉੱਚ ਹੁਨਰਮੰਦ ਪੇਸ਼ੇਵਰਾਂ ਦੇ ਨਾਲ ਬੇਇਨਸਾਫ਼ੀ ਹੋਵੇਗੀ।
ਪੱਥਰਬਾਜ਼ੀ ਕੀਤੀ ਤਾਂ ਸ਼ਰਨਾਰਥੀਆਂ ‘ਤੇ ਚਲੇਗੀ ਗੋਲ਼ੀ
ਸ਼ਰਨਾਰਥੀਆਂ ਪ੍ਰਤੀ ਸਖ਼ਤ ਰੁਖ਼ ਰੱਖਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਸ਼ਰਨਾਰਥੀਆਂ ਨੇ ਫ਼ੌਜੀਆਂ ‘ਤੇ ਪੱਥਰ ਸੁੱਟੇ ਤਾਂ ਫ਼ੌਜ ਵੀ ਉਨ੍ਹਾਂ ‘ਤੇ ਗੋਲ਼ੀ ਚਲਾਉਣ ਤੋਂ ਨਹੀਂ ਹਿਚਕੇਗੀ। ਟਰੰਪ ਨੇ ਕਿਹਾ ਕਿ ਮੈਕਸੀਕੋ ਵਿਚ ਸ਼ਰਨਾਰਥੀਆਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਨੂੰ ਵੇਖ ਕੇ ਅਸੀਂ ਫ਼ੌਜ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ।
ਐੱਚ-1ਬੀ ਵੀਜ਼ਾ ਧੋਖਾਧੜੀ ਵਿਚ ਭਾਰਤੀ ਗ੍ਰਿਫ਼ਤਾਰ
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਵਿਚ ਐੱਚ-1ਬੀ ਵੀਜ਼ਾ ਧੋਖਾਧੜੀ ਮਾਮਲੇ ‘ਚ ਭਾਰਤੀ ਮੂਲ ਦੇ ਇਕ 46 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ ਵਿਚ ਖਾਸਾ ਲੋਕਪ੍ਰਿਆ ਹੈ। ਇਸੇ ਵੀਜ਼ੇ ਦੇ ਆਧਾਰ ‘ਤੇ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਇਲਾਕਿਆਂ ਵਿਚ ਉੱਚ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ‘ਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਧੋਖਾਧੜੀ ‘ਚ ਫੜੇ ਗਏ ਕਿਸ਼ੋਰ ਕੁਮਾਰ ਕਵੁਰੂ ਨੂੰ ਅਮਰੀਕੀ ਜੱਜ ਸੁਸੈਨ ਵਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਅਦ ‘ਚ ਉਸ ਨੂੰ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ। ਉਸ ‘ਤੇ ਵੀਜ਼ਾ ਧੋਖਾਧੜੀ ਅਤੇ ਆਪਣੀ ਕੰਸਲਟਿੰਗ ਕੰਪਨੀਆਂ ਦੇ ਗਾਹਕਾਂ ਲਈ ਵਿਦੇਸ਼ੀ ਮੁਲਾਜ਼ਮਾਂ ਦੀ ਉਪਲੱਬਧਤਾ ਬਣਾਈ ਰੱਖਣ ਦੇ ਮਾਮਲੇ ‘ਚ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ। ਵੀਜ਼ਾ ਧੋਖਾਧੜੀ ‘ਚ ਦੋਸ਼ੀ ਪਾਏ ਜਾਣ ‘ਤੇ ਕਿਸ਼ੋਰ ਨੂੰ 10 ਸਾਲ ਦੀ ਜੇਲ੍ਹ ਅਤੇ ਢਾਈ ਲੱਖ ਡਾਲਰ (ਕਰੀਬ 1.8 ਕਰੋੜ ਰੁਪਏ) ਦਾ ਜੁਰਮਾਨਾ ਹੋ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …