ਇਮਰਾਨ ਸਰਕਾਰ ਨੇ ਨਵਾਜ਼ ਖਿਲਾਫ ਭ੍ਰਿਸ਼ਟਾਚਾਰ ਦੇ ਦਰਜ ਕੀਤੇ ਸਨ ਕਈ ਮਾਮਲੇ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਨਵੀਂ ਸਰਕਾਰ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖਿਲਾਫ ਲੱਗੇ ਦੋਸ਼ਾਂ ਨੂੰ ਰੱਦ ਜਾਂ ਮੁਅੱਤਲ ਕਰਨ ‘ਤੇ ਵਿਚਾਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਦਾਲਤ ‘ਚ ਨਵੇਂ ਸਿਰੇ ਤੋਂ ਪਟੀਸ਼ਨ ਦਾਖ਼ਲ ਕਰਨ ਦਾ ਮੌਕਾ ਮਿਲ ਸਕੇ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਇਸ ਸਮੇਂ ਲੰਡਨ ‘ਚ ਹਨ। ਉਨ੍ਹਾਂ ਨੂੰ ਲਾਹੌਰ ਹਾਈਕੋਰਟ ਨੇ ਨਵੰਬਰ 2019 ‘ਚ ਇਲਾਜ ਕਰਾਉਣ ਲਈ ਚਾਰ ਹਫ਼ਤਿਆਂ ਵਾਸਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੇ ਨਵਾਜ਼ ਸ਼ਰੀਫ਼ ਖਿਲਾਫ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਦਰਜ ਕੀਤੇ ਸਨ। ਅਖ਼ਬਾਰ ‘ਡਾਅਨ’ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਦੇ ਹਵਾਲੇ ਨਾਲ ਖ਼ਬਰ ‘ਚ ਦੱਸਿਆ ਕਿ ਸੰਘੀ ਅਤੇ ਪੰਜਾਬ ਸਰਕਾਰ ਦੋਹਾਂ ਕੋਲ ਇਹ ਹੱਕ ਹਨ ਕਿ ਉਹ ਕਿਸੇ ਮੁਲਜ਼ਮ ਦੀ ਸਜ਼ਾ ਨੂੰ ਰੱਦ ਜਾਂ ਮੁਅੱਤਲ ਕਰ ਸਕਦੀਆਂ ਹਨ ਅਤੇ ‘ਗਲਤ’ ਸਜ਼ਾ ਸੁਣਾਏ ਜਾਣ ਵਿਰੁੱਧ ਅਦਾਲਤ ‘ਚ ਨਵੇਂ ਸਿਰੇ ਤੋਂ ਮਾਮਲਾ ਰੱਖਿਆ ਜਾ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ਼ ਆਪਣੀ ਸਿਹਤ ਨੂੰ ਦੇਖਦਿਆਂ ਮੁਲਕ ਪਰਤਣ ਬਾਰੇ ਵਿਚਾਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ 2017 ‘ਚ ਸ਼ਰੀਫ਼ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ। ਬਾਅਦ ‘ਚ 2018 ‘ਚ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਸੀ।