ਚੰਡੀਗੜ੍ਹ : ਭਾਰਤ-ਆਸਟ੍ਰੇਲੀਆ ਵਿਚਕਾਰ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਹੈ। ਇਸ ਮੌਕੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਗੁਜਰਾਤ ਤੇ ਮਹਾਰਾਸ਼ਟਰ ਦੀ ਤਰਜ਼ ‘ਤੇ ਪੰਜਾਬ ਨਾਲ ਖਾਸ ਤੌਰ ‘ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਿਰ ਕੀਤੀ। ਮਾਨ ਨੇ ਬੈਰੀ ਓ ਫੈਰਲ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਵਿਕਾਸ ਦੀ ਲੀਹ ‘ਤੇ ਲਿਜਾਇਆ ਜਾ ਸਕੇ। ਇਸ ਮੌਕੇ ਆਸਟ੍ਰੇਲੀਆ ਤੋਂ ਮੈਂਬਰ ਪਾਰਲੀਮੈਂਟ ਗੁਰਮੇਸ਼ ਸਿੰਘ ਅਤੇ ਸਿਆਸੀ ਸਕੱਤਰ ਜੈਕ ਟੇਲਰ ਸਣੇ ਤਿੰਨ ਮੈਂਬਰੀ ਆਸਟ੍ਰੇਲੀਆਈ ਵਫਦ ਵੀ ਮੌਜੂਦ ਸੀ। ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਇੰਡਆਸ ਈਸੀਟੀਏ 10 ਸਾਲਾਂ ‘ਚ ਵਿਸ਼ਾਲ ਤੇ ਵਿਕਸਤ ਅਰਥਵਿਵਸਥਾ ਨਾਲ ਭਾਰਤ ਦਾ ਪਹਿਲਾ ਦੁਵੱਲਾ ਵਪਾਰ ਸਮਝੌਤਾ ਹੈ, ਜਿਸ ਦਾ ਮਨੋਰਥ ਦੋ-ਪੱਖੀ ਵਪਾਰ ਨੂੰ ਦੁੱਗਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦਾ ਟੀਚਾ 2035 ਤੱਕ ਭਾਰਤ ਨੂੰ ਆਪਣੇ ਚੋਟੀ ਦੇ ਤਿੰਨ ਬਰਾਮਦ ਬਾਜ਼ਾਰਾਂ ਵਿੱਚ ਲਿਆਉਣਾ ਹੈ। ਫੈਰਲ ਨੇ ਕਿਹਾ ਕਿ ਪੰਜਾਬ ਨੂੰ ਆਸਟ੍ਰੇਲੀਆ ਨਾਲ ਖਾਸ ਤੌਰ ‘ਤੇ ਖੇਤੀਬਾੜੀ ਅਤੇ ਖੇਤੀ-ਉਦਯੋਗ ਦੇ ਖੇਤਰ ਵਿੱਚ ਸਹਿਯੋਗ ਕਰਨ ਨਾਲ ਬਹੁਤ ਲਾਭ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਉੱਦਮੀ ਤੇ ਮਿਹਨਤੀ ਸੁਭਾਅ ਕਾਰਨ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਕੇ, ਅਮਰੀਕਾ, ਇਟਲੀ ਸਮੇਤ ਦੁਨੀਆ ਭਰ ਦੇ ਸਾਰੇ ਪ੍ਰਮੁੱਖ ਦੇਸ਼ਾਂ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਰਪੂਰ ਯੋਗਦਾਨ ਪਾਇਆ ਹੈ।