ਕਿਹਾ, ਪੰਜਾਬ ਦੇ ਲੋਕਾਂ ਨੂੰ ਦਿਆਂਗੇ ਤੀਜਾ ਬਦਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਸਮੇ ਉਨ੍ਹਾਂ ਦਾ ਧੜਾ ਅਸਲੀ ਆਮ ਆਦਮੀ ਪਾਰਟੀ ਹੈ ਤੇ ਪਾਰਟੀ ਅੰਦਰ ਕੇਜਰੀਵਾਲ ਧੜਾ ਫਰਜ਼ੀ ਹੈ। ਇਸੇ ਤਰ੍ਹਾਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਆਪਣੇ ਇਸ ਧੜੇ ਨੂੰ ਹੋਰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤੇ ਉਨ੍ਹਾਂ ਦੀ 6-7 ਹੋਰ ਵਿਧਾਇਕਾਂ ਨਾਲ ਗੱਲਬਾਤ ਚੱਲ ਰਹੀ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਅਜੇ ਤੱਕ ਪਾਰਟੀ ਹਾਈਕਮਾਂਡ ਵੱਲੋਂ ਗੱਲਬਾਤ ਲਈ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ।
ਸੁਖਪਾਲ ਖਹਿਰਾ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਪਾਰਟੀ ਪਹਿਲਾਂ ਨਾਲੋਂ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਨੇ ਸਾਡੀ ਖੁਦਮੁਖਤਿਆਰੀ ਦੀ ਗੱਲ ਮਨ ਲਈ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਜ਼ਰੂਰ ਦਿਆਂਗੇ। ਖਹਿਰਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਹ ਕੋਈ ਹੋਰ ਰਸਤਾ ਅਪਣਾ ਕੇ ਲੋਕਾਂ ਦੀ ਕਚਹਿਰੀ ਵਿਚ ਜਾਣਗੇ।