Breaking News
Home / ਦੁਨੀਆ / ਰੈੱਡ ਵਿੱਲੋ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਵਿੱਚ ‘ਫੈਸਟੀਵਲ ਆਫ ਇੰਡੀਆ’ ਦੇਖਿਆ

ਰੈੱਡ ਵਿੱਲੋ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਵਿੱਚ ‘ਫੈਸਟੀਵਲ ਆਫ ਇੰਡੀਆ’ ਦੇਖਿਆ

Red Willow club pic copy copyਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਰਗੇ ਮੁਲਕਾਂ ਵਿੱਚ ਜਿੱਥੇ ਮੋਹ ਮੁਹੱਬਤ ਖਤਮ ਹੋ ਰਿਹਾ ਹੈ ਉੱਥੇ ਹੀ ਇੱਥੇ ਵਸਦੇ ਸੀਨੀਅਰਜ਼ ਕਲੱਬਾਂ ਬਣਾ ਕੇ ਆਪਸੀ ਸਾਝਾਂ ਵਧਾ ਰਹੇ ਹਨ। ਇਹ ਸੀਨੀਅਰ ਮਿਲ ਬੈਠ ਕੇ ਵਿਚਾਰ ਚਰਚਾ ਕਰਦੇ ਹਨ ਅਤੇ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕਰਦੇ ਹਨ। ਉਹ ਆਪਣੀ ਜਿੰਦਗੀ ਵਿੱਚ ਰੰਗ ਭਰਨ ਲਈ ਵੱਖ ਵੱਖ ਪ੍ਰੋਗਰਾਮ ਉਲੀਕਦੇ ਹਨ। ਟੂਰਾਂ ਤੇ ਜਾਂਦੇ ਹਨ। ਇਸੇ ਲੜੀ ਵਿੱਚ ਇਸ ਵੀਕ -ਐਂਡ ਤੇ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਸੈਂਟਰਲ ਆਈਲੈਂਡ ਦੇ ਟੂਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹਨਾਂ ਦਿਨਾਂ ਵਿੱਚ ਉੱਥੇ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਸੰਸਥਾ ਵਲੋਂ ਫੈਸਟੀਵਲ ਆਫ ਇੰਡੀਆ ਦਾ ਤਿੰਨ ਰੋਜਾ ਪ੍ਰੋਗਰਾਮ ਹੁੰਦਾ ਹੈ। ਮਿੱਥੇ ਸਮੇਂ ਤੇ ਟੂਰ ਲਈ ਉਤਸਕ 200 ਦੇ ਲੱਗਪੱਗ ਮੈਂਬਰ ਚਾਰ ਬੱਸਾਂ ਤੇ ਸਵਾਰ ਹੋਕੇ ਰੈੱਡ ਵਿੱਲੋ ਪਾਰਕ ਤੋਂ ਸੈਂਟਰਲ ਆਈਲੈਂਡ ਟੋਰਾਂਟੋ ਲਈ ਰਵਾਨਾ ਹੋ ਗਏ।
ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਉਹਨਾਂ ਨੂੰ ਟੂਰ ਤੇ ਜਾਣ ਲਈ ਵਿਦਾ ਕੀਤਾ। ਮਰਦ ਮੈਂਬਰਾਂ ਵਾਲੀਆਂ ਬੱਸਾਂ ਵਿੱਚ ਗੱਲਾਂ ਬਾਤਾਂ ਦਾ ਦੌਰ ਤੇ ਬੀਬੀਆਂ ਦੀਆਂ ਬੱਸਾਂ ਵਿੱਚ ਗੀਤਾਂ ਤੇ ਬੋਲੀਆਂ ਦਾ ਦੌਰ ਚਲਦਾ ਰਿਹਾ। ਟਰਾਂਟੋ ਪਹੁੰਚ ਕੇ ਫੈਰੀ ਤੇ ਸਵਾਰ ਹੋ ਕੇ ਰਾਹ ਵਿੱਚ ਨਜ਼ਾਰੇ ਤਕਦੇ ਹੋਏ ਸਾਰੇ ਹਰੇ ਭਰੇ ਆਈਲੈਂਡ ਤੇ ਪਹੁੰਚ ਗਏ ਤੇ ਸੁੰਦਰ ਨਜ਼ਾਰਿਆਂ ਨੂੰ ਮਾਣਦੇ ਹੋਏ ਅੱਡ ਅੱਡ ਗਰੁੱਪਾਂ ਵਿੱਚ ਸੈਂਟਰਲ ਆਈਲੈਂਡ ਦੇ ਖੁਬਸੂਰਤ ਕੁਦਰਤੀ ਨਜ਼ਾਰੇ ਅਤੇ ਝੀਲ ਨੂੰ ਦੇਖ ਕੇ ਆਨੰਦਤ ਹੁੰਦੇ ਰਹੇ। ਬਹੁਤ ਸਾਰੇ ਮੈਂਬਰਾਂ ਨੇ ਹਰੇ ਰਾਮਾ ਹਰੇ ਕ੍ਰਿਸ਼ਨਾ ਪੰਡਾਲ ਵਿੱਚ ਚੱਲ ਰਿਹਾ ਪ੍ਰੋਗਰਾਮ ਦੇਖਿਆ ਜਿਸ ਵਿੱਚ ਫੈਸਨ ਸੋਅ, ਸਾਜਾਂ ਨਾਲ ਸੰਗੀਤ ਤੇ ਮਿਥਿਹਾਸਕ ਘਟਨਾਵਾਂ ਤੇ ਅਧਾਰਿਤ ਝਾਕੀਆ ਦਿਖਾਈਆਂ ਜਾ ਰਹੀਆਂ ਸਨ। ਬਹੁਤਿਆਂ ਲਈ ਇਹ ਕਲਾਵਾਂ ਅਸਲੋਂ ਹੀ ਨਵੀਆਂ ਸਨ। ਸਭ ਤੋਂ ਵੱਧ ਆਕਰਸ਼ਿਤ ਸਨ ਕਲਾਸੀਕਲ ਨ੍ਰਿਤ। ਇਹ ਡਾਂਸ ਕਰ ਰਹੇ ਕਲਾਕਾਰ ਆਪਣੀ ਕਲਾ ਵਿੱਚ ਪੂਰੀ ਤਰ੍ਹਾਂ ਨਿਪੁੰਨ ਸਨ। ਇਸ ਤੋਂ ਬਿਨਾਂ  ੳੱਥੇ ਯੋਗਾ, ਅਧਿਆਤਮਕ ਮੈਡੀਟੇਸ਼ਨ, ਕਲਾ ਭਰਪੂਰ ਵਸਤਾਂ ਦੀ ਵਿਕਰੀ ਅਤੇ ਲੰਗਰ ਦਾ ਪ੍ਰਬੰਧ ਸੀ। ਕਈ ਸੀਨੀਅਰਾਂ ਨੇ ਟਰਾਲੀਨੁਮਾਂ ਬੱਸਾਂ ਤੇ ਬੈਠ ਕੇ ਸਾਰੇ ਆਈਲੈਂਡ ਦਾ ਚੱਕਰ ਲਾਕੇ ਕੁਦਰਤੀ ਦ੍ਰਿਸ਼ਾਂ ਨੂੰ ਮਾਣਿਆ। ਕਈਆਂ ਨੇ ਵੱਖ ਵੱਖ ਗਰੁੱਪਾਂ ਵਿੱਚ ਬੈਠ ਕੇ ਇੱਕ ਦੂਜੇ ਨਾਲ ਹਾਸਾ ਠੱਠਾ ਕੀਤਾ।  ਬਹੁਤ ਸਾਰੀਆਂ ਬੀਬੀਆਂ ਨੇ ਇੱਕ ਪਾਰਕ ਵਿੱਚ ਇਕੱਠੇ ਹੋਕੇ ਗਿੱਧੇ ਦਾ ਦੌਰ ਸ਼ੁਰੂ ਕਰਕੇ ਤੀਆਂ ਦਾ ਮਾਹੌਲ ਸਿਰਜ ਦਿੱਤਾ। ਗਿੱਧੇ ਦੀਆਂ ਧਮਾਲਾਂ ਸੁਣ ਅਤੇ ਦੇਖ ਕੇ ਦੂਜੀਆਂ ਕਮਿਊਨਿਟੀਆਂ ਦੇ ਲੋਕ ਹੈਰਾਨ ਹੋ ਰਹੇ ਸਨ। ਪੰਜ ਵਜੇ ਤੋਂ ਬਾਅਦ ਫੇਰੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਟੋਰਾਂਟੋ ਪਹੁੰਚ ਗਏ ਜਿੱਥੇ ਬੱਸਾਂ ਇੰਤਜਾਰ ਕਰ ਰਹੀਆਂ ਸਨ। ਥਕਾਵਟ ਦੇ ਬਾਵਜੂਦ ਸਾਰਿਆਂ ਦੇ ਚਿਹਰਿਆਂ ਤੇ ਟੂਰ ਦਾ ਆਨੰਦ ਲੈਣ ਦੀ ਖੁਸ਼ੀ ਝਲਕ ਰਹੀ ਸੀ ਤੇ ਉਹ ਵਾਪਸੀ ਤੇ ਹੁੱਬ ਹੁੱਬ ਕੇ ਟੂਰ ਦਾ ਆਪਣਾ ਆਪਣਾ ਤਜਰਬਾ ਇੱਕ ਦੂਜੇ ਨਾਲ ਸਾਂਝਾ ਕਰਦੇ ਹੋਏ ਆਪਣੇ ਆਪਣੇ ਆਲ੍ਹਣਿਆ ‘ਚ ਜਾ ਬਿਰਾਜੇ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …