Breaking News
Home / ਦੁਨੀਆ / ਵਿਦੇਸ਼ ਜਾਣ ਲਈ ਜਲਦੀ ਲੱਗ ਸਕੇਗੀ ਕੋਵੀਸ਼ੀਲਡ ਦੀ ਦੂਜੀ ਡੋਜ਼

ਵਿਦੇਸ਼ ਜਾਣ ਲਈ ਜਲਦੀ ਲੱਗ ਸਕੇਗੀ ਕੋਵੀਸ਼ੀਲਡ ਦੀ ਦੂਜੀ ਡੋਜ਼

ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਪਹਿਲੀ ਡੋਜ਼ ਮਗਰੋਂ 28 ਦਿਨਾਂ ਦਾ ਵਕਫਾ ਲਾਜ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਅਥਲੀਟ ਤੇ ਸਹਾਇਕ ਸਟਾਫ਼, ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਸਮੁੰਦਰੀ ਨੌਕਰੀਆਂ ‘ਚ ਲੱਗੇ ਵਿਅਕਤੀ ਕੋਵੀਸ਼ੀਲਡ ਦੀ ਦੂਜੀ ਡੋਜ਼ ਇਸ ਦੀ ਪਹਿਲੀ ਡੋਜ਼ ਤੋਂ ਬਾਅਦ ਲਾਜ਼ਮੀ ਕਰਾਰ ਦਿੱਤੇ ਗਏ 84 ਦਿਨਾਂ ਦੇ ਵਕਫ਼ੇ ਤੋਂ ਪਹਿਲਾਂ ਲੈ ਸਕਣਗੇ, ਪਰ ਇਸ ਲਈ ਪਹਿਲੀ ਡੋਜ਼ ਮਗਰੋਂ 28 ਦਿਨਾਂ ਦਾ ਵਕਫਾ ਜ਼ਰੂਰੀ ਹੈ। ਸਰਕਾਰ ਨੇ ਸੋਮਵਾਰ ਨੂੰ ਇਹ ਫ਼ੈਸਲਾ ਕਈ ਵਫ਼ਦਾਂ ਵੱਲੋਂ ਕੋਵੀਸ਼ੀਲਡ ਦੀ ਦੂਜੀ ਡੋਜ਼ ਦੇਣ ਲਈ ਮਨਜ਼ੂਰੀ ਦੇਣ ਵਾਸਤੇ ਦਿੱਤੇ ਮੰਗ ਪੱਤਰਾਂ ਮਗਰੋਂ ਲਿਆ ਹੈ।
ਦਰਅਸਲ, ਇਨ੍ਹਾਂ ਵਿਅਕਤੀਆਂ ਨੇ ਜਾਂ ਤਾਂ ਸਿੱਖਿਆ ਜਾਂ ਰੁਜ਼ਗਾਰ ਲਈ ਕੌਮਾਂਤਰੀ ਸਫ਼ਰ ਕਰਨਾ ਹੈ ਜਾਂ ਉਹ ਟੋਕੀਓ ਓਲੰਪਿਕਸ ਵਿੱਚ ਜਾਣ ਵਾਲੀ ਭਾਰਤੀ ਟੁਕੜੀ ਵਿੱਚ ਸ਼ਾਮਲ ਹਨ, ਪਰ ਉਨ੍ਹਾਂ ਦੀ ਸਫ਼ਰ ਕਰਨ ਸਬੰਧੀ ਤਰੀਕ 84 ਦਿਨਾਂ ਦੇ ਘੱਟੋ-ਘੱਟ ਲਾਜ਼ਮੀ ਵਕਫਾ ਖਤਮ ਹੋਣ ਤੋਂ ਪਹਿਲਾਂ ਬਣਦੀ ਹੈ। ਇਹ ਵਿਸ਼ੇਸ਼ ਟੀਕਾਕਰਨ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ, ਬਾਹਰਲੇ ਮੁਲਕਾਂ ਵਿੱਚ ਨੌਕਰੀਆਂ ਲਈ ਜਾਣ ਵਾਲੇ ਵਿਅਕਤੀਆਂ, ਅਥਲੀਟਾਂ ਤੇ ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੁਕੜੀ ਦੇ ਸਹਾਇਕਾਂ ਲਈ ਹੀ ਉਪਲੱਬਧ ਹੋਵੇਗਾ। ਸੂਬਿਆਂ ਨੂੰ ਇਸ ਸਬੰਧੀ ਮਨਜ਼ੂਰੀ ਦੇਣ ਲਈ ਹਰ ਜ਼ਿਲ੍ਹੇ ਵਿੱਚ ਇੱਕ ਸਮਰੱਥ ਅਧਿਕਾਰੀ ਨਿਯੁਕਤ ਕਰਨਾ ਪਵੇਗਾ ਜੋ ਸਾਰੇ ਕਾਗਜ਼ਾਤਾਂ ਦੀ ਜਾਂਚ ਕਰਨ ਮਗਰੋਂ ਇਸ ਸਬੰਧੀ ਆਗਿਆ ਦੇਵੇਗਾ। ਸਰਕਾਰ ਮੁਤਾਬਕ ਇਹ ਸਹੂਲਤ 31 ਅਗਸਤ 2021 ਤੱਕ ਦੀ ਸਮਾਂ-ਸੀਮਾ ਵਿੱਚ ਉਪਰੋਕਤ ਉਦੇਸ਼ਾਂ ਲਈ ਕੌਮਾਂਤਰੀ ਸਫ਼ਰ ਕਰਨ ਵਾਲੇ ਵਿਅਕਤੀਆਂ ਲਈ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ‘ਚ ਕੋਵੀਸ਼ੀਲਡ ਦੀ ਦੂਜੀ ਡੋਜ਼ ਲਵਾਉਣ ਲਈ ਵਕਫ਼ਾ ਘਟਾ ਕੇ ਪਹਿਲੀ ਡੋਜ਼ ਲੱਗਣ ਦੇ 12 ਤੋਂ 16 ਹਫ਼ਤਿਆਂ ਬਾਅਦ ਕਰ ਦਿੱਤਾ ਹੈ।

 

Check Also

ਆਸਿਫ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਹਲਫ ਲਿਆ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜ਼ਰਦਾਰੀ ਨੂੰ ਵਧਾਈ ਦਿੱਤੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਪੀਪਲਜ਼ …