ਨਵੀਂ ਦਿੱਲੀ/ਬਿਊਰੋ ਨਿਊਜ਼
ਸਵਿੱਟਜ਼ਰਲੈਂਡ ਵਿਚ ਅੱਜ ਤੋਂ ਜਨਤਕ ਥਾਵਾਂ ’ਤੇ ਮਹਿਲਾਵਾਂ ਦੇ ਹਿਜਾਬ, ਬੁਰਕਾ ਜਾਂ ਕਿਸੇ ਹੋਰ ਤਰੀਕੇ ਨਾਲ ਪੂਰੀ ਤਰ੍ਹਾਂ ਮੂੰਹ ਢੱਕਣ ’ਤੇ ਰੋਕ ਲਗਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਨੂੰਨ ਦਾ ਉਲੰਘਣ ਕਰਨ ’ਤੇ 1,000 ਸਵਿਸ ਫਰੈਂਕ ਜੁਰਮਾਨਾ ਲਗਾਇਆ ਜਾਵੇਗਾ। ਸਵਿੱਟਜ਼ਰਲੈਂਡ ਵਿਚ 2021 ’ਚ 51.21 ਫੀਸਦੀ ਨਾਗਰਿਕਾਂ ਨੇ ਬੁਰਕਾ ’ਤੇ ਪਾਬੰਦੀ ਲਗਾਉਣ ਦੇ ਹੱਕ ਵਿਚ ਵੋਟ ਪਾਈ ਸੀ। ਇਸ ਤੋਂ ਬਾਅਦ ਹੀ ਬੁਰਕੇ ’ਤੇ ਪਾਬੰਦੀ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ ਸੀ, ਜੋ ਅੱਜ ਯਾਨੀ 1 ਜਨਵਰੀ 2025 ਤੋਂ ਸ਼ੁਰੂ ਹੋ ਗਿਆ ਹੈ। ਧਿਆਨ ਰਹੇ ਕਿ ਸਵਿੱਟਜ਼ਰਲੈਂਡ ਤੋਂ ਪਹਿਲਾਂ ਬੈਲਜ਼ੀਅਮ, ਫਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿਚ ਵੀ ਇਸ ਨੂੰ ਲੈ ਕੇ ਕਾਨੂੰਨ ਬਣਾਇਆ ਜਾ ਚੁੱਕਾ ਹੈ। ਇਸ ਕਾਨੂੰਨ ਤੋਂ ਬਾਅਦ ਜਨਤਕ ਥਾਵਾਂ, ਜਿਵੇਂ ਕਿ ਪਬਲਿਕ ਦਫਤਰ, ਪਬਲਿਕ ਟਰਾਂਸਪੋਰਟ, ਰੇਸਤਰਾਂ, ਦੁਕਾਨਾਂ ਅਤੇ ਹੋਰ ਥਾਵਾਂ ’ਤੇ ਮਹਿਲਾਵਾਂ ਆਪਣਾ ਚਿਹਰਾ ਪੂਰੀ ਤਰ੍ਹਾਂ ਨਹੀਂ ਢੱਕ ਸਕਣਗੀਆਂ।