ਮੈਡਰਿਡ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਪੇਨ ਦੇ ਰਾਸ਼ਟਰਪਤੀ ਮਾਰੀਆਨੋ ਰਜੋਏ ਨੇ ਅੱਤਵਾਦ ਖ਼ਿਲਾਫ਼ ਇਕੱਠਿਆਂ ਲੜਾਈ ਲੜਨ ਦੀ ਪ੍ਰਤੀਬੱਧਤਾ ਜਤਾਈ ਹੈ। ਆਪਣੀ ਚਾਰ ਦੇਸ਼ਾਂ ਦੀ ਯਾਤਰਾ ਦੇ ਦੂਸਰੇ ਪੜਾਅ ਤਹਿਤ ਸਪੇਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਰਜੋਏ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਦੁਵੱਲੇ, ਖੇਤਰੀ ਤੇ ਸਾਂਝੇ ਹਿੱਤਾਂ ਨਾਲ ਜੁੜੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਕੀਤੀ।
ਨਰਿੰਦਰ ਮੋਦੀ ਤੇ ਸਪੇਨ ਦੇ ਰਾਸ਼ਟਰਪਤੀ ਮਾਰੀਆਨੋ ਰਜੋਏ ਵਿਚ ਮੁਲਾਕਾਤ ਤੋਂ ਬਾਅਦ ਭਾਰਤ ਤੇ ਸਪੇਨ ਨੇ ਸਾਈਬਰ ਸੁਰੱਖਿਆ, ਹਵਾਈ ਉਡਾਣਾਂ ਵਿਚ ਤਕਨੀਕੀ ਸਹਿਯੋਗ ਤੇ ਨਵਿਆਉਣਯੋਗ ਊਰਜਾ ਸਮੇਤ 7 ਸਮਝੌਤਿਆਂ ‘ਤੇ ਦਸਤਖਤ ਕੀਤੇ।
ਸਪੈਨਿਸ਼ ਰਾਸ਼ਟਰਪਤੀ ਰਜੋਏ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਸਪੇਨ ਨੇ ਅੱਤਵਾਦ ਦਾ ਸਾਹਮਣਾ ਕੀਤਾ ਹੈ ਤੇ ਅੱਤਵਾਦ ਤੇ ਕੱਟੜਵਾਦ ਦਾ ਖਤਰਾ ਪੂਰੇ ਵਿਸ਼ਵ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਵਿਸ਼ੇ ‘ਤੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨਾ ਸਾਡੇ ਦੁਵੱਲੇ ਏਜੰਡੇ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸਪੇਨ ਨੇ ਰਾਸ਼ਟਰਪਤੀ ਰਜੋਏ ਦੀ ਅਗਵਾਈ ਵਿਚ ਬਹੁਤ ਵੱਡੇ ਆਰਥਿਕ ਸੁਧਾਰ ਕੀਤੇ ਹਨ। ਭਾਰਤ ਦੇ ਏਜੰਡੇ ਵਿਚ ਆਰਥਿਕ ਵਾਧਾ ਤੇ ਵਿਕਾਸ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਭਾਰਤ ਦੀਆਂ ਪ੍ਰਾਥਮਿਕਤਾਵਾਂ ਤੇ ਜ਼ਰੂਰਤਾਂ ਦੇ ਅਨੇਕ ਖੇਤਰ ਅਜਿਹੇ ਹਨ, ਜਿਨ੍ਹਾਂ ਵਿਚ ਸਪੇਨ ਨੂੰ ਰੇਲਵੇ, ਸਮਾਰਟ ਸਿਟੀ, ਬੁਨਿਆਦੀ ਢਾਂਚਾ ਆਦਿ ਖੇਤਰਾਂ ਵਿਚ ਕਾਫੀ ਹੁਨਰ ਤੇ ਮੁਹਾਰਤ ਹਾਸਲ ਹੈ, ਜਿਨ੍ਹਾਂ ‘ਤੇ ਅਸੀਂ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਨਾਲ ਲੜਨ ਲਈ ਅਸੀਂ ਦੋਵਾਂ ਨੇ ਹੀ ਪ੍ਰਤੀਬੱਧਤਾ ਜਤਾਈ ਹੈ ਕਿਉਂਕਿ ਦੋਵੇਂ ਹੀ ਦੇਸ਼ ਅੱਤਵਾਦ ਦਾ ਸੰਤਾਪ ਭੋਗ ਚੁੱਕੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …