ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 800 ਦੇ ਕਰੀਬ ਹੋਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਇਕ ਵਾਰ ਫਿਰ ਤੋਂ ਕਰੋਨਾ ਦਾ ਅੰਕੜਾ ਵਧ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪੰਜਾਬ ਵਿਚ ਲੰਘੇ 24 ਘੰਟਿਆਂ ਦੌਰਾਨ ਕਰੋਨਾ ਤੋਂ ਪੀੜਤ ਦੋ ਵਿਅਕਤੀਆਂ ਦੀ ਜਾਨ ਵੀ ਚਲੇ ਗਈ ਹੈ। ਇਹ ਦੋ ਵਿਅਕਤੀ ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਨ। ਇਸ ਦੇ ਚੱਲਦਿਆਂ ਲੰਘੇ 24 ਘੰਟਿਆਂ ਦੌਰਾਨ ਕਰੋਨਾ ਦੇ 187 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿਚ ਕਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 800 ਵੱਲ ਨੂੰ ਵਧਣ ਲੱਗਾ ਹੈ। ਪੰਜਾਬ ਵਿਚ 15 ਮਰੀਜ਼ ਲੈਵਲ-2 ਆਕਸੀਜਨ ਸਪੋਰਟ ਅਤੇ 5 ਮਰੀਜ਼ ਲੈਵਲ-3 ਵੈਂਟੀਲੇਟਰ ’ਤੇ ਹਨ। ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਨੇ ਟੈਸਟਿੰਗ ਵੀ ਵਧਾ ਦਿੱਤੀ ਹੈ। ਮੁਹਾਲੀ ਜ਼ਿਲ੍ਹੇ ਵਿਚ ਕਰੋਨਾ ਦੇ ਜ਼ਿਆਦਾ ਮਾਮਲੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਵਿਚ 199 ਸੈਂਪਲ ਕਰੋਨਾ ਦੀ ਜਾਂਚ ਲਈ ਭੇਜੇ ਗਏ ਸਨ ਅਤੇ ਇਨ੍ਹਾਂ ਵਿਚੋਂ 49 ਸੈਂਪਲਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਜਦਕਿ ਜਲੰਧਰ ਵਿਚ ਵੀ ਟੈਸਟਿੰਗ ਵਧਣ ਦੇ ਨਾਲ ਹੀ ਕਰੋਨਾ ਦੇ ਮਾਮਲੇ ਵੀ ਵਧਣ ਲੱਗੇ ਹਨ। ਜਲੰਧਰ ਵਿਚ 401 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 22 ਸੈਂਪਲ ਕਰੋਨਾ ਪਾਜ਼ੇਟਿਵ ਆਏ ਹਨ। ਇਸੇ ਦੌਰਾਨ ਸ੍ਰੀ ਫਤਹਿਗੜ੍ਹ ਸਾਹਿਬ, ਕਪੂਰਥਲਾ, ਮਾਨਸਾ, ਰੋਪੜ ਅਤੇ ਤਰਨਤਾਰਨ ਵਿਚੋਂ ਵੀ ਕਰੋਨਾ ਦੀ ਜਾਂਚ ਲਈ ਸੈਂਪਲ ਭੇਜੇ ਗਏ ਹਨ, ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇੱਥੇ ਸਾਰਿਆਂ ਦੀਆਂ ਰਿਪੋਰਟਾਂ ਸਹੀ ਆਈਆਂ ਹਨ। ਉਧਰ ਦੂਜੇ ਪਾਸੇ ਭਾਰਤ ਵਿਚ ਇਕ ਦਿਨ ਵਿਚ ਹੀ ਕਰੋਨਾ ਦੇ 7800 ਤੋਂ ਜ਼ਿਆਦਾ ਮਾਮਲੇ ਵਧੇ ਹਨ। ਇਸ ਨਾਲ ਭਾਰਤ ਵਿਚ ਕਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 40 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।