ਕੈਪਟਨ ਨੇ ਮਨਹੋਰ ਲਾਲ ਖੱਟਰ ਨੂੰ ਕਿਹਾ – ਕਿਸਾਨਾਂ ਨੂੰ ਦਿੱਲੀ ਪਹੁੰਚਣ ਦਿਓ
ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ ‘ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੈਪਟਨ ਨੇ ਸਵਾਲ ਕਰਦਿਆਂ ਕਿਹਾ ਕਿ ਹਰਿਆਣੇ ਵਿਚ ਮਨੋਹਰ ਲਾਲ ਖੱਟਰ ਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ? ਉਨ੍ਹਾਂ ਖੱਟਰ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿਓ। ਇਸੇ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ ‘ਤੇ ਕੀਤੇ ਤਸ਼ੱਦਦ ਦੀ ਸੁਖਬੀਰ ਸਿੰਘ ਬਾਦਲ ਨੇ ਵੀ ਸਖ਼ਤ ਨਿਖੇਧੀ ਕੀਤੀ ਹੈ। ਸੁਖਬੀਰ ਨੇ ਟਵੀਟ ਕਰਕੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਲੜਨ ਜਾ ਰਹੇ ਕਿਸਾਨਾਂ ‘ਤੇ ਪਾਣੀ ਦੀਆਂ ਤੋਪਾਂ ਨਾਲ ਬੁਛਾੜਾਂ ਕਰਕੇ ਉਨ੍ਹਾਂ ‘ਤੇ ਧੱਕੇਸ਼ਾਹੀ ਨਹੀਂ ਕੀਤੀ ਜਾ ਸਕਦੀ।
ਕੈਪਟਨ ਅਮਰਿੰਦਰ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਿਹੈ ਪੰਜਾਬ ਦਾ ਕਿਸਾਨ
ਭਗਵੰਤ ਮਾਨ ਨੇ ਕੈਪਟਨ ਨੂੰ ਕਮਜ਼ੋਰ ਮੁੱਖ ਮੰਤਰੀ ਦੱਸਿਆ
ਚੰਡੀਗੜ੍ਹ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਤੇ ਖੱਟੜ ਵਲੋਂ ਕਿਸਾਨਾਂ ‘ਤੇ ਕੀਤੇ ਜ਼ੁਲਮ ਦੀ ਆਮ ਆਦਮੀ ਪਾਰਟੀ ਨੇ ਵੀ ਸਖ਼ਤ ਨਿਖੇਧੀ ਕੀਤੀ ਹੈ। ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਕੈਪਟਨ ਅਮਰਿੰਦਰ ਦੇ ਮਾੜੇ ਸ਼ਾਸਨ ਕਾਰਨ ਹੀ ਅੱਜ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਭਗਵੰਤ ਨੇ ਕੈਪਟਨ ਅਮਰਿੰਦਰ ਨੂੰ ਇਕ ਕਮਜ਼ੋਰ ਮੁੱਖ ਮੰਤਰੀ ਦੱਸਿਆ।
ਪ੍ਰਿਅੰਕਾ ਅਤੇ ਨਵਜੋਤ ਸਿੱਧੂ ਨੇ ਵੀ ਵਧਾਇਆ ਕਿਸਾਨਾਂ ਦਾ ਹੌਸਲਾ
ਦੋਵਾਂ ਨੇ ਕਿਸਾਨਾਂ ਦੇ ਹੱਕ ‘ਚ ਕੀਤੇ ਟਵੀਟ
ਚੰਡੀਗੜ੍ਹ : ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਦਾ ਹੌਸਲਾ ਵਧਾਇਆ ਅਤੇ ਭਾਜਪਾ ਦੇ ਕਿਸਾਨਾਂ ‘ਤੇ ਤਸ਼ੱਦਦ ਦੀ ਨਿਖੇਧੀ ਕੀਤੀ ਹੈ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, ”ਕਿਸਾਨਾਂ ਦੇ ਸਮਰਥਨ ਮੁੱਲ ਨੂੰ ਖੋਹਣ ਵਾਲੇ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਦੀ ਆਵਾਜ਼ ਸੁਣਨ ਦੀ ਬਜਾਏ, ਭਾਜਪਾ ਸਰਕਾਰ ਉਨ੍ਹਾਂ ‘ਤੇ ਭਾਰੀ ਠੰਡ ਵਿਚ ਪਾਣੀ ਦੀਆਂ ਬੁਛਾੜਾਂ ਮਾਰਦੀ ਹੈ। ਕਿਸਾਨਾਂ ਤੋਂ ਸਭ ਕੁਝ ਖੋਹਿਆ ਜਾ ਰਿਹਾ ਹੈ, ਤੇ ਪੂੰਜੀਪਤੀਆਂ ਨੂੰ ਥਾਲੀ ਵਿਚ ਸਜਾ ਕੇ ਬੈਂਕ, ਕਰਜ਼ਾ ਮੁਆਫੀ, ਏਅਰਪੋਰਟ, ਰੇਲਵੇ ਸਟੇਸ਼ਨ ਵੰਡੇ ਜਾ ਰਹੇ ਹਨ।” ਇਸੇ ਤਰ੍ਹਾਂ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਸ਼ਾਇਰਾਨਾ ਅੰਦਾਜ਼ ਵਿਚ ਟਵੀਟ ਕੀਤਾ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, ”ਹਕੂਮਤ ਸੇ ਜੀਤਨੇ ਦੀ ਜੱਦੋ ਜਹਿਦ ਤਭੀ ਕਰਤਾ ਹੈ ਕੋਈ ਕਿਸਾਨ, ਜਬ ਉਸ ਨੇ ਆਪਣੀ ਜ਼ਿੰਦਗੀ ਦਾਂਵ ਪਰ ਲਗਾ ਰੱਖੀ ਹੋ।”