ਸਸਤੇ ਭਾਅ ਲੀਜ਼ ‘ਤੇ ਦੇਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਮਾਨ
ਮੁੱਖ ਮੰਤਰੀ ਵੱਲੋਂ ਸੰਗਰੂਰ ਵਿੱਚ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ
ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੋਆ ਵਿੱਚ ਪੰਜਾਬ ਦੀ ਕਰੀਬ 9 ਏਕੜ ਜ਼ਮੀਨ ਸਸਤੇ ਭਾਅ ਲੀਜ਼ ‘ਤੇ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਜ਼ਮੀਨ ਨਾਲ ਸਬੰਧਤ ਸਾਰੀਆਂ ਫਾਈਲਾਂ ਕਢਵਾ ਰਹੇ ਹਨ। ਇਹ ਜ਼ਮੀਨ ਛੇਤੀ ਹੀ ਖਾਲੀ ਕਰਵਾ ਲਈ ਜਾਵੇਗੀ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਆਗੂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਸੰਗਰੂਰ ਵਿਖੇ 1.12 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜ਼ਿਲ੍ਹਾ ਲਾਇਬਰੇਰੀ ਦਾ ਰਸਮੀ ਉਦਘਾਟਨ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਈਏਐੱਸ ਅਤੇ ਪੀਸੀਐੱਸ ਸਣੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇਣ ਲਈ ਸੂਬੇ ਵਿੱਚ ਅੱਠ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ।
ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਇਨ੍ਹਾਂ ਨੇ ਵੱਡੇ-ਵੱਡੇ ਫਾਰਮ ਹਾਊਸ ਅਤੇ ਮੈਰਿਜ ਪੈਲੇਸ ਬਣਵਾ ਲਏ।
ਇਨ੍ਹਾਂ ਨੇ ਲੋਕਾਂ ਦੇ ਪੈਸੇ ਨਾਲ ਕਿੱਥੇ ਕੀ ਬਣਾਇਆ ਅਤੇ ਪਹਾੜਾਂ ‘ਚ ਕੀ ਪਿਆ ਹੈ, ਸਾਰਾ ਕੁੱਝ ਕਢਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ। ਪੰਜਾਬ ਤੇ ਪੰਜਾਬੀਆਂ ਵਿਰੁੱਧ ਧ੍ਰੋਹ ਕਮਾਉਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਜੁਆਬਦੇਹੀ ਤੈਅ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਵਿੱਢਣ ਦਾ ਸੱਦਾ ਵੀ ਦਿੱਤਾ। ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਤੋਂ ਹਾਰ ਬਰਦਾਸ਼ਤ ਨਹੀਂ ਹੋ ਰਹੀ ਪਰ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਇਹ ਸਾਰੇ ਬਹੁਤ ਛੇਤੀ ਸ਼ਾਂਤ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਅਜਿਹੀਆਂ 28 ਹੋਰ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ ਅਤੇ ਆਮ ਆਦਮੀ ਨੂੰ ਲਾਭ ਦੇਣ ਲਈ ਸੂਬੇ ਭਰ ਦੀਆਂ ਲਾਇਬ੍ਰੇਰੀ ਦਾ ਇਸੇ ਤਰਜ਼ ‘ਤੇ ਨਵੀਨੀਕਰਨ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਜਲੰਧਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਚੁਣੇ ਹੋਏ ਨੁਮਾਇੰਦਿਆਂ ਦਾ 100 ਦਾ ਅੰਕੜਾ ਛੂਹ ਲਿਆ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੰਗਲਾ ਪੰਜਾਬ ਸਿਰਜਣ ਵਾਸਤੇ ਢੁਕਵੀਂ ਵਿਉਂਤਬੰਦੀ ਕੀਤੀ ਹੈ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …