ਅਕਾਲੀ ਆਗੂ ਦੀਆਂ ਬੱਸਾਂ ‘ਤੇ ਸਵਾਰ ਹੋ ਕੇ ਕਾਂਗਰਸੀ ਪਹੁੰਚੇ ਮਾਨਸਾ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ-ਕਾਂਗਰਸੀ ਸਿਆਸੀ ਮੰਚ ‘ਤੇ ਭਾਵੇਂ ਇਕ ਦੂਜੇ ਖ਼ਿਲਾਫ਼ ਅਕਸਰ ਹੀ ਆਪਣੀ ਭੜਾਸ ਕੱਢਦੇ ਨਜ਼ਰ ਆਉਂਦੇ ਹਨ ਪਰ ਗਿੱਦੜਬਾਹਾ ਵਿੱਚ ਲੰਘੇ ਦਿਨ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਟਰਾਂਸਪੋਰਟ ਕੰਪਨੀ ‘ਨਿਊ ਦੀਪ’ ਦੀਆਂ ਬੱਸਾਂ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੂੰ ਲੈ ਕੇ ਮਾਨਸਾ ਵਿਖੇ ਹੋਣ ਵਾਲੀ ਰੈਲੀ ਲਈ ਰਵਾਨਾ ਹੋਈਆਂ। ਹਲਕੇ ਵਿਚ ਖੂਬ ਚਰਚਾ ਹੋ ਰਹੀ ਹੈ ਕਿ ਬੇਸ਼ੱਕ ਇਹ ਲੀਡਰ ਪਾਰਟੀ ਤੌਰ ‘ਤੇ ਇਕ-ਦੂਜੇ ਦੇ ਦੁਸ਼ਮਣ ਨਜ਼ਰ ਆਉਂਦੇ ਪਰ ਅਸਲ ਵਿਚ ਇਹ ਇਕ-ਦੂਜੇ ਨੂੰ ਨੁਕਸਾਨ ਨਹੀ ਪਹੁੰਚਾਉਂਦੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪ ਬੱਸ ਦੇ ਪ੍ਰਬੰਧਕ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਡੀਆਂ ਹਲਕੇ ਤੋਂ 23 ਬੱਸਾਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਕਿਰਾਇਆ ਨਹੀ ਸਿਰਫ ਤੇਲ ਹੀ ਦਿੱਤਾ ਗਿਆ ਹੈ।

