ਮਿਸਗਾਈਡਡ ਮਿਜ਼ਾਈਲ ਨੇ ਪਾਰਟੀ ਨੂੰ ਕੀਤਾ ਤਬਾਹ ਅਤੇ ਗਧਿਆਂ ਨੇ ਸ਼ੇਰ ਮਾਰ ਦਿੱਤੇ : ਰਵਨੀਤ ਬਿੱਟੂੁ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਹੋਰ ਵਧਣ ਦੇ ਆਸਾਰ ਹਨ ਕਿਉਂਕਿ ਪਹਿਲਾਂ ਕਾਂਗਰਸ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਘਮਸਾਣ ਮਚਿਆ ਰਿਹਾ ਅਤੇ ਹੁਣ ਵਿਰੋਧੀ ਧਿਰ ਦੇ ਆਗੂ ਨੂੰ ਲੈ ਕੇ ਵੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਇਸੇ ਦੌਰਾਨ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਿਨਾ ਨਾਮ ਲਏ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ’ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਬਿੱਟੂ ਨੇ ਕਿਹਾ ਕਿ ਮਿਸਗਾਈਡਡ ਮਿਜ਼ਾਈਲ ਨੇ ਪਾਰਟੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਗਧਿਆਂ ਨੇ ਸ਼ੇਰ ਮਾਰ ਦਿੱਤੇ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਨਵਾਂ ਗਰੁੱਪ ਬਣ ਗਿਆ ਹੈ, ਜੋ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਲਈ ਜ਼ੋਰ ਲਗਾ ਰਿਹਾ ਹੈ। ਇਸੇ ਦੌਰਾਨ ਕਾਂਗਰਸ ’ਚ ਵਿਰੋਧੀ ਧਿਰ ਦਾ ਲੀਡਰ ਬਣਨ ਦੀ ਦੌੜ ਵਿਚ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸ਼ਾਮਲ ਹੈ। ਉਧਰ ਦੂਜੇ ਪਾਸੇ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਅਸਤੀਫਾ ਤਾਂ ਲੈ ਲਿਆ ਸੀ, ਪਰ ਅਸਤੀਫਾ ਅਜੇ ਤੱਕ ਮਨਜੂਰ ਕੀਤਾ ਜਾਂ ਨਹੀਂ, ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਇਸ ਸਬੰਧੀ ਸਿੱਧੂ ਵੀ ਅੱਖਾਂ ਬੰਦ ਕਰਕੇ ਸੋਚਦੇ ਜ਼ਰੂਰ ਹਨ। ਹਾਈਕਮਾਨ ਦੇ ਇਸ ਰਵੱਈਏ ਤੋਂ ਪੰਜਾਬ ਦੇ ਬਹੁਤੇ ਕਾਂਗਰਸੀ ਚਿੰਤਤ ਵੀ ਹਨ। ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਹੋਰ ਵਧਣ ਦੇ ਆਸਾਰ ਹਨ।

