ਚੰਡੀਗੜ੍ਹ/ਬਿਊਰੋ ਨਿਊਜ਼ੂ
ਪੰਜਾਬ ਵਿਧਾਨ ਸਭਾ ਵਿਚ ਅੱਜ ਕਾਂਗਰਸ ਨੇ ਸਤਲੁਜ ਯਮਨਾ ਲਿੰਕ ਨਹਿਰ ਦੇ ਮਸਲੇ ‘ਤੇ ਵਾਕਆਊਟ ਕੀਤਾ ਹੈ। ਕਾਂਗਰਸ ਪਾਰਟੀ ਸਪੀਕਰ ਤੋਂ ਨਹਿਰ ਦੇ ਮਾਮਲੇ ‘ਤੇ ਬੋਲਣ ਲਈ ਸਮਾਂ ਮੰਗ ਰਹੀ ਸੀ ਪਰ ਸਪੀਕਰ ਨੇ ਸਮਾਂ ਨਹੀਂ ਦਿੱਤਾ ਜਿਸ ਕਰਕੇ ਕਾਂਗਰਸੀਆਂ ਨੇ ਵਾਕਆਊਟ ਕੀਤਾ ਹੈ।
ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਸਪੀਕਰ ਤੋਂ ਨਹਿਰ ‘ਤੇ ਬੋਲਣ ਦੀ ਜਾਇਜ਼ ਮੰਗ ਕੀਤੀ ਸੀ ਪਰ ਸਪੀਕਰ ਨੇ ਸਮਾਂ ਨਹੀਂ ਦਿੱਤਾ। ਇਸ ਮੌਕੇ ਕਾਂਗਰਸ ਨੇ ਸਪੀਕਰ ਵਿਰੋਧੀ ਨਾਅਰੇ ਵੀ ਲਾਏ। ਚੰਨੀ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮਸਲੇ ‘ਤੇ ਗੰਭੀਰ ਨਹੀਂ ਤੇ ਇਸੇ ਲਈ ਉਹ ਰਾਜਪਾਲ ਕੋਲ ਬਿੱਲ ਦੀ ਕਾਪੀ ਨਹੀਂ ਲੈ ਕੇ ਗਏ ਸਨ। ਸਪੀਕਰ ਨੇ ਕਿਹਾ ਕਿ ਇਸ ਮਸਲੇ ‘ਤੇ ਸਮਾਂ ਨਹੀਂ ਦਿੱਤਾ ਜਾ ਸਕਦਾ ਹੈ ਕਿਉਂਕਿ ਇਹ ਮਾਮਲਾ ਹੁਣ ਰਾਜਪਾਲ ਦੇ ਦਰਬਾਰ ਵਿਚ ਹੈ।

