Breaking News
Home / ਪੰਜਾਬ / ਬੇਅਦਬੀ ਮਾਮਲੇ ‘ਚ ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਐਸ ਆਈ ਟੀ

ਬੇਅਦਬੀ ਮਾਮਲੇ ‘ਚ ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਐਸ ਆਈ ਟੀ

ਸਰਕਾਰੀ ਵਕੀਲ ਨੇ ਰਿਪੋਰਟ ਪੇਸ਼ ਕਰਨ ਲਈ ਚਾਰ ਹਫ਼ਤੇ ਦਾ ਸਮਾਂ ਮੰਗਿਆ
ਚੰਡੀਗੜ੍ਹ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਐਸ ਆਈ ਟੀ ਦੀ ਟੀਮ ਦੁਬਾਰਾ ਪੁੱਛਗਿੱਛ ਕਰੇਗੀ। ਪੰਜਾਬ ਪੁਲਿਸ ਦੀ ਸੈਪਸ਼ਲ ਇਨਵੈਸਟੀਗੇਸ਼ਨ ਟੀਮ ਫ਼ਿਰ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਜਾਵੇਗੀ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸਰਕਾਰੀ ਵਕੀਲ ਨੇ ਰਿਪੋਰਟ ਪੇਸ਼ ਕਰਨ ਦੇ ਲਈ ਚਾਰ ਹਫਤਿਆਂ ਦਾ ਸਮਾਂ ਮੰਗਿਆ। ਉਨ੍ਹਾਂ ਨੇ ਕਿਹਾ ਕਿ ਹਾਲੇ ਰਾਮ ਰਹੀਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਹਾਈ ਕੋਰਟ ਨੇ ਵਕੀਲ ਦੇ ਇਸ ਤਰਕ ਨੂੰ ਮੰਨਦੇ ਹੋਏ ਅੱਜ ਹੋਣ ਵਾਲੀ ਸੁਣਵਾਈ ਨੂੰ ਟਾਲ ਦਿੱਤਾ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਦਸੰਬਰ ਨੂੰ ਹੋਵੇਗੀ। ਹਾਈ ਕੋਰਟ ‘ਚ ਰਾਮ ਰਹੀਮ ਦਾ ਸਹਿਯੋਗ ਦੇਣ ਜਾਂ ਨਾ ਦੇਣ ਬਾਰੇ ਐਸ ਆਈ ਟੀ ਨੇ ਕੁੱਝ ਨਹੀਂ ਕਿਹਾ। ਜਦੋਂ ਸਰਕਾਰੀ ਵਕੀਲ ਨੇ ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਦੀ ਗੱਲ ਕੀਤੀ ਤਾਂ ਹਾਈ ਕੋਰਟ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਹੁਕਮ ਦਿੱਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ‘ਚ ਫਰੀਦਕੋਟ ਦੀ ਅਦਾਲਤ ਨੇ ਰਾਮ ਰਹੀਮ ਨੂੰ ਪੰਜਾਬ ਲਿਆਉਣ ਦੇ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਸਨ ਪ੍ਰੰਤੂ ਇਸ ਦੇ ਖਿਲਾਫ਼ ਰਾਮ ਰਹੀਮ ਦੇ ਵਕੀਲਾਂ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਲੋਅਰ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਐਸ ਆਈ ਟੀ ਦੀ ਟੀਮ ਨੂੰ ਜੇਲ੍ਹ ‘ਚ ਜਾ ਕੇ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਸਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …