ਜੋੜੇ ਪਾ ਕੇ ਭੱਠੀਆਂ ਦੀ ਸੇਵਾ ਆਰੰਭ ਕਰਵਾਈ
ਮਰਿਆਦਾ ਭੰਗ ਦਾ ਮੁੱਦਾ ਉਠਾਵਾਂਗੇ : ਭਾਈ ਵਡਾਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਗੁਰੂ ਰਾਮਦਾਸ ਲੰਗਰ ਵਾਸਤੇ ਭੱਠੀਆਂ ਬਣਾਉਣ ਦੀ ਸੇਵਾ ਸ਼ੁਰੂ ਕਰਨ ਮੌਕੇ ਚੀਫ ਸਕੱਤਰ ਹਰਚਰਨ ਸਿੰਘ ਨੇ ਬੂਟ ਪਾਏ ਹੋਏ ਸਨ। ਇਹ ਵਾਕਿਆ ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਭੱਠੀਆਂ ਬਣਾਉਣ ਦੀ ਸੇਵਾ ਦੀ ਆਰੰਭਤਾ ਦਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ।
ਅਰਦਾਸ ਪਿੱਛੋਂ ਸੇਵਾ ਵਿਚ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਹਰਚਰਨ ਸਿੰਘ ਮੁੱਖ ਸਕੱਤਰ, ਦਿਲਜੀਤ ਸਿੰਘ ਬੇਦੀ ਤੇ ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸੁਲੱਖਣ ਸਿੰਘ ਮੈਨੇਜਰ, ਸੰਤ ਬਾਬਾ ਲਾਭ ਸਿੰਘ ਤੇ ਬਾਬਾ ਹਰਭਜਨ ਸਿੰਘ ਭਲਵਾਨ ਮੌਜੂਦ ਸਨ। ਇਨ੍ਹਾਂ ਨੇ ਸੇਵਾ ਸ਼ੁਰੂ ਕਰਨ ਮੌਕੇ ਜੋੜੇ ਉਤਾਰ ਦਿੱਤੇ ਸਨ ਪਰ ਇਨ੍ਹਾਂ ਵਿਚ ਮੌਜੂਦ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋੜੇ ਪਾ ਕੇ ਸੇਵਾ ਦੀ ਆਰੰਭਤਾ ਕਰਵਾਈ, ਜਿਸ ਦਾ ਵਿਰੋਧ ਜ਼ੋਰ ਫੜ ਰਿਹਾ ਹੈ। ਇਸੇ ਦੌਰਾਨ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਪ੍ਰਤੀਕਰਮ ਦਿੱਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਚੀਫ ਸਕੱਤਰ ਦੀ ਨਿਯੁਕਤੀ ਮਰਿਆਦਾ ਬਰਕਰਾਰ ਰੱਖਣਾ ਸੀ। ਇਸ ਦੀ ਬਜਾਏ ਉਨ੍ਹਾਂ ਨੇ ਖੁਦ ਹੀ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਜੋਕਿ ਬੇਹੱਦ ਗੰਭੀਰ ਮੁੱਦਾ ਹੈ।
ਮਾਮਲੇ ਦੀ ਜਾਂਚ ਕਰਾਵਾਂਗੇ : ਜਥੇਦਾਰ ਮੱਕੜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੁੱਖ ਸਕੱਤਰ ਵੱਲੋਂ ਜੋੜੇ ਪਾ ਕੇ ਸੇਵਾ ਆਰੰਭ ਕਰਨ ਦਾ ਜੋ ਵਿਵਾਦ ਛਿੜਿਆ ਹੈ, ਉਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਸੇਵਾ ਜੋੜੇ ਲਾਹ ਕੇ ਹੀ ਕੀਤੀ ਜਾਂਦੀ ਹੈ। ਪੂਰੀ ਘਟਨਾ ਦੀ ਪੜਤਾਲ ਕਰਵਾਈ ਜਾਵੇਗੀ।
ਗਲਤੀ ਨਾਲ ਜੋੜੇ ਨਹੀਂ ਲਾਹੇ
ਇਸ ਸਬੰਧੀ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਨਹੀਂ ਰਿਹਾ ਕਿ ਉਸ ਵੇਲੇ ਉਨ੍ਹਾਂ ਨੇ ਜੋੜੇ ਪਾਏ ਸਨ ਕਿ ਨਹੀਂ। ਜੇ ਪਾਏ ਸਨ ਤਾਂ ਗਲਤੀ ਹੋਈ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …