Breaking News
Home / ਪੰਜਾਬ / ਨਵਜੋਤ ਸਿੱਧੂ ਨੇ ਪੰਜਾਬ ਮਾਡਲ ਕੀਤਾ ਪੇਸ਼

ਨਵਜੋਤ ਸਿੱਧੂ ਨੇ ਪੰਜਾਬ ਮਾਡਲ ਕੀਤਾ ਪੇਸ਼

ਕਿਹਾ : ਇਹ ਮੇਰਾ ਭਵਿੱਖ-ਸਮਝੌਤਾ ਨਹੀਂ ਕਰਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ ‘ਚ ਉਨ੍ਹਾਂ ਨੇ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਆਪਣਾ ਪੰਜਾਬ ਮਾਡਲ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ। ਇਹ ਸਭ ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲ ਕਰਨ ਤੋਂ ਬਾਅਦ ਸਾਰਿਆਂ ਨਾਲ ਸਾਂਝਾ ਕੀਤਾ। ਸਿੱਧੂ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪ੍ਰੰਤੂ ਇਸ ਸਬੰਧ ‘ਚ ਕੋਈ ਰੋਡ ਮੈਪ ਨਹੀਂ ਦੱਸਦਾ ਅਤੇ ਨਾ ਹੀ ਪੰਜਾਬ ਨੂੰ ਮੁੜ ਖੜ੍ਹਾ ਹੋਣ ਦਾ ਤਰੀਕਾ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਖਜਾਨੇ ਦੀ ਚੋਰੀ ਨੂੰ ਰੋਕ ਕੇ 50 ਹਜ਼ਾਰ ਕਰੋੜ ਰੁਪਏ ਬਚਾਏ ਜਾ ਸਕਦੇ। ਸਿੱਧੂ ਨੇ ਕਿਹਾ ਕਿ ਸ਼ਰਾਬ ਕਾਰਪੋਰੇਸ਼ਨ ਨੂੰ ਜੀਐਸਟੀ ਤੋਂ ਬਾਹਰ ਰੱਖਿਆ ਗਿਆ ਜਦਕਿ ਇਸ ‘ਤੇ ਵੈਟ ਲਗਾਉਣ ਵਾਲੇ ਜ਼ਿਆਦਾ ਪੈਸੇ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਤਾਮਿਲਨਾਡੂ ਨੂੰ ਸ਼ਰਾਬ ਤੋਂ 37 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ ਜਦਕਿ ਤਾਮਿਲਨਾਡੂ ‘ਚ ਸ਼ਰਾਬ ਦੀ ਖਪਤ ਪੰਜਾਬ ਨਾਲੋਂ ਅੱਧੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਰਾਹੀਂ ਪੰਜਾਬ ‘ਚ ਸ਼ਰਾਬ ਦੀ ਹੋ ਰਹੀ ਗੈਰਕਾਨੂੰਨੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸ਼ਰਾਬ ਦੇ ਸਰਕਾਰੀ ਠੇਕੇ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਮਾਈਨਿੰਗ ‘ਤੇ ਬੋਲਦਿਆਂ ਕਿਹਾ ਕਿ 14 ਜ਼ਿਲ੍ਹਿਆਂ ‘ਚ 102 ਮਾਈਨਿੰਗ ਸਾਈਟਸ ਹਨ ਅਤੇ ਸਰਕਾਰ ਖੁਦ ਰੇਤੇ ਦੀ ਮਾਈਨਿੰਗ ਕਰਕੇ ਉਸ ਨੂੰ ਵੇਚ ਰਹੀ ਹੈ। ਪੰਜਾਬ ਮਾਡਲ ਤਹਿਤ ਅਸੀਂ ਤੇਲੰਗਾਨਾ ਮਾਡਲ ‘ਤੇ ਕੰਮ ਕਰਾਂਗੇ, ਜਿਸ ਨਾਲ ਸਾਨੂੰ 3 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਵੇਗੀ। ਸਿੱਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਮਾਡਲ ਦੇ ਤਹਿਤ 400 ਰੁਪਏ ਦੀ ਕੇਬਲ 200 ਰੁਪਏ ਵਿਚ ਦਿੱਤੀ ਜਾਵੇਗੀ, ਜਿਸ ਨਾਲ 3 ਤੋਂ 5 ਹਜ਼ਾਰ ਕਰੋੜ ਰੁਪਏ ਦਾ ਰੈਵੇਨਿਊ ਹਾਸਲ ਹੋਵੇਗਾ। ਟਰਾਂਸਪੋਰੇਸ਼ਨ ਕਾਰਪੋਰੇਸ਼ਨ ‘ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਬੱਸਾਂ ਬੰਦ ਕਰਨ ਨਾਲ ਕੁੱਝ ਨਹੀਂ ਹੋਵੇਗਾ ਅਤੇ ਪਾਲਿਸੀ ਬਗੈਰ ਟਰਾਂਸਪੋਰਟ ਮਾਫ਼ੀਆ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਨਵਜੋਤ ਸਿੱਧੂ ਵੱਲੋਂ ਲਾਏ ਵੱਡੇ ਬੈਨਰ ‘ਤੇ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਨ ਜਦਕਿ ਮੁੱਖ ਮੰਤਰੀ ਚੰਨੀ ਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਗਾਇਬ ਸਨ। ਬੈਨਰ ਦੇ ਇੱਕ ਪਾਸੇ ‘ਜਿੱਤੇਗਾ ਪੰਜਾਬ’ ਦਾ ਨਾਅਰਾ ਤੇ ਲੋਗੋ ਵੀ ਸੀ। ਉਹ ਚੋਣ ਕਾਂਗਰਸ ਤੋਂ ਲੜਨਗੇ ਜਾਂ ‘ਜਿੱਤੇਗਾ ਪੰਜਾਬ’ ਤੋਂ, ਸੁਆਲ ਦੇ ਜੁਆਬ ਵਿੱਚ ਵੱਖਰਾ ਸੁਰ ਰੱਖਦਿਆਂ ਨਵਜੋਤ ਸਿੱਧੂ ਨੇ ਆਪਣਿਆਂ ‘ਤੇ ਅਸਿੱਧਾ ਵਾਰ ਕਰਦਿਆਂ ਕਿਹਾ ਕਿ ਪੰਜਾਬ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਪੰਜਾਬ, ਕਾਂਗਰਸ ਦਾ ਵੀ ਹੈ ਅਤੇ ਪੰਜਾਬ ਹਰੇਕ ਦਾ ਹੈ। ਪੰਜਾਬ ਗੁਰੂਆਂ ਦੀ ਧਰਤ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਚਰਨਜੀਤ ਚੰਨੀ ਨੇ 111 ਦਿਨ ਸਰਕਾਰ ਚਲਾਈ ਹੈ ਤਾਂ ਉਹ ਅਗਲੇ ਪੰਜ ਵਰ੍ਹਿਆਂ ਲਈ ਪਾਲਿਸੀ ਲੈ ਕੇ ਆ ਰਹੇ ਹਨ।
ਅਮਰਿੰਦਰ ਅਰਾਮ ਨਾਲ ਘਰ ਬੈਠਣ : ਸਿੱਧੂ
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਸੇਵਾਮੁਕਤ ਹੋ ਕੇ ਘਰ ਬੈਠ ਜਾਣਾ ਚਾਹੀਦਾ ਹੈ। ਕੈਪਟਨ ਵੱਲੋਂ ਅਗਲੀਆਂ ਚੋਣਾਂ ਵਿੱਚ ਗੋਲ ਕੀਤੇ ਜਾਣ ਦੀ ਗੱਲ ‘ਤੇ ਸਿੱਧੂ ਨੇ ਕਿਹਾ ਕਿ ਗੋਲ ਤਾਂ ਉਸ ਦਿਨ ਹੀ ਹੋ ਗਿਆ ਸੀ ਜਦੋਂ ਅਮਰਿੰਦਰ ਸਿੰਘ ਫ਼ਿਰੋਜ਼ਪੁਰ ਵਿੱਚ 70 ਹਜ਼ਾਰ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਆਏ ਸਨ. ਜੋ ਸੈਲਫ ਗੋਲ ਹੈ, ਉਸਨੇ ਗੋਲ ਕੀ ਕਰਨਾ ਹੈ।

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …