ਹਜ਼ਾਰਾਂ ਭਾਰਤੀਆਂ ਨੂੰ ਮਿਲੀ ਰਾਹਤ
ਵਾਸ਼ਿੰਗਟਨ : ਅਮਰੀਕਾ ਦੀ ਸਰਕਾਰ ਨੇ ਆਵਾਸੀਆਂ ਦੇ ਕੁਝ ਵਰਗਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਦੇਸ਼ ਵਿਚ ਐਚ-1ਬੀ ਵੀਜ਼ਾਧਾਰਕਾਂ ਦੇ ਵਰਕ ਪਰਮਿਟ ‘ਚ ਡੇਢ ਸਾਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਐਚ-1ਬੀ ਵੀਜ਼ਾ ‘ਤੇ ਆਏ ਇਹ ਉਹ ਆਵਾਸੀ ਹਨ ਜੋ ਗਰੀਨ ਕਾਰਡ ਦੇ ਇੱਛੁਕ ਹਨ। ਇਸ ਵਿਚ ਐਚ-1ਬੀ ਵੀਜ਼ਾਧਾਰਕਾਂ ਦੇ ਪਤੀ-ਪਤਨੀ ਵੀ ਸ਼ਾਮਲ ਹਨ। ਇਹ ਆਵਾਸੀ ਹੁਣ ਆਪਣੇ ਖ਼ਤਮ ਹੋਏ ਵਰਕ ਵੀਜ਼ਾ ਦੀ ਵਰਤੋਂ ਹੋਰ 18 ਮਹੀਨਿਆਂ ਲਈ ਕਰ ਸਕਣਗੇ। ਇਸ ਫ਼ੈਸਲੇ ਨਾਲ ਅਮਰੀਕਾ ਵਿਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਨੂੰ ਰਾਹਤ ਮਿਲੀ ਹੈ। ਅਮਰੀਕੀ ਕੰਪਨੀਆਂ ਨੇ ਵੀ ਇਸ ਫ਼ੈਸਲੇ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਬਾਇਡਨ ਪ੍ਰਸ਼ਾਸਨ ਦਾ ਫੈਸਲਾ 4 ਮਈ 2022 ਤੋਂ ਲਾਗੂ ਹੋ ਗਿਆ ਹੈ। ਅਮਰੀਕੀ ਨਾਗਰਿਕਤਾ ਤੇ ਆਵਾਸ ਵਿਭਾਗ ਬਕਾਇਆ ਅਰਜ਼ੀਆਂ ਨਾਲ ਨਜਿੱਠ ਰਿਹਾ ਹੈ।
ਇਸ ਬਦਲਾਅ ਨਾਲ ਕਰੀਬ 87 ਹਜ਼ਾਰ ਆਵਾਸੀਆਂ ਨੂੰ ਰਾਹਤ ਮਿਲਣ ਦੀ ਆਸ ਹੈ। ਇਨ੍ਹਾਂ ਦਾ ਵੀਜ਼ਾ ਆਉਣ ਵਾਲੇ 30 ਦਿਨਾਂ ਵਿਚ ਮੁੱਕ ਰਿਹਾ ਸੀ। ਇਸ ਨੀਤੀ ਦਾ ਮੰਤਵ 15 ਲੱਖ ਵਰਕ ਪਰਮਿਟ ਅਰਜ਼ੀਆਂ ਦੇ ਬੈਕਲਾਗ ਦਾ ਨਿਬੇੜਾ ਕਰਨਾ ਹੈ।