0.8 C
Toronto
Wednesday, December 3, 2025
spot_img
Homeਦੁਨੀਆਰੂਸ-ਯੂਕਰੇਨ ਜੰਗ 'ਚ ਕੋਈ ਵੀ ਜੇਤੂ ਨਹੀਂ ਹੋਵੇਗਾ: ਨਰਿੰਦਰ ਮੋਦੀ

ਰੂਸ-ਯੂਕਰੇਨ ਜੰਗ ‘ਚ ਕੋਈ ਵੀ ਜੇਤੂ ਨਹੀਂ ਹੋਵੇਗਾ: ਨਰਿੰਦਰ ਮੋਦੀ

ਭਾਰਤ ਤੇ ਜਰਮਨੀ ਨੇ ਕਈ ਸਮਝੌਤਿਆਂ ‘ਤੇ ਕੀਤੇ ਦਸਤਖਤ
ਬਰਲਿਨ/ਬਿਊਰੋ ਨਿਊਜ਼ : ਭਾਰਤ ਵੱਲੋਂ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਨ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਜੰਗ ‘ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਜੰਗ ਕਾਰਨ ਨੁਕਸਾਨ ਭੁਗਤਨਾ ਹੋਵੇਗਾ। ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਹਮਲੇ ਤੁਰੰਤ ਰੋਕਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਸੀ ਕਿ ਸਿਰਫ਼ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਦੌਰਾਨ ਦੋਵੇਂ ਮੁਲਕਾਂ ਦੇ ਆਗੂਆਂ ਅਤੇ ਵਫ਼ਦ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਸਥਾਈ ਵਿਕਾਸ ‘ਤੇ ਧਿਆਨ ਕੇਂਦਰਿਤ ਕਰਦਿਆਂ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਜਿਸ ਤਹਿਤ ਸਾਫ਼ ਊਰਜਾ ਦੀ ਵਰਤੋਂ ਨੂੰ 2030 ਤੱਕ ਉਤਸ਼ਾਹਿਤ ਕਰਨ ਲਈ ਭਾਰਤ ਨੂੰ 10.5 ਅਰਬ ਡਾਲਰ ਦੀ ਸਹਾਇਤਾ ਮਿਲੇਗੀ। ਇਸ ਦੇ ਨਾਲ ਖੇਤੀ ਸੈਕਟਰ ‘ਚ ਕੁਦਰਤੀ ਵਸੀਲਿਆਂ ਦੇ ਸਥਾਈ ਪ੍ਰਬੰਧਨ ਅਤੇ ਖੇਤੀ ਵਿਗਿਆਨ ‘ਚ ਸਹਿਯੋਗ ਦੇ ਸਮਝੌਤੇ ‘ਤੇ ਵੀ ਦਸਤਖ਼ਤ ਹੋਏ ਹਨ। ਜਰਮਨੀ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲੇ ਵੱਲੋਂ ਪ੍ਰਾਜੈਕਟਾਂ ਲਈ 2025 ਤੱਕ ਵਿੱਤ ਅਤੇ ਤਕਨੀਕੀ ਸਹਿਯੋਗ ਦੇਣ ਲਈ 30 ਕਰੋੜ ਯੂਰੋ ਪ੍ਰਦਾਨ ਕੀਤੇ ਜਾਣਗੇ। ਮੋਦੀ ਨੇ ਕਿਹਾ,”ਅਸੀਂ ਸਮਝਦੇ ਹਾਂ ਕਿ ਰੂਸ-ਯੂਕਰੇਨ ਜੰਗ ‘ਚ ਕੋਈ ਵੀ ਜੇਤੂ ਨਹੀਂ ਹੋਵੇਗਾ ਅਤੇ ਸਾਰਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਅਸੀਂ ਸ਼ਾਂਤੀ ਦੇ ਹਮਾਇਤੀ ਹਾਂ।” ਉਨ੍ਹਾਂ ਕਿਹਾ ਕਿ ਯੂਕਰੇਨ ਸੰਕਟ ਕਾਰਨ ਪੈਦਾ ਹੋਏ ਹਾਲਾਤ ਨਾਲ ਤੇਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ ਅਤੇ ਅਨਾਜ ਤੇ ਖਾਦਾਂ ਦੀ ਕਮੀ ਹੋ ਗਈ ਹੈ। ਜੰਗ ਕਾਰਨ ਦੁਨੀਆ ਦੇ ਹਰੇਕ ਪਰਿਵਾਰ ‘ਤੇ ਬੋਝ ਵਧ ਗਿਆ ਹੈ। ਪ੍ਰਧਾਨ ਮੰਤਰੀ ਮੁਤਾਬਕ ਜੰਗ ਦਾ ਮਾੜਾ ਅਸਰ ਵਿਕਾਸਸ਼ੀਲ ਅਤੇ ਗਰੀਬ ਮੁਲਕਾਂ ‘ਤੇ ਜ਼ਿਆਦਾ ਪਵੇਗਾ। ‘ਭਾਰਤ ਸੰਘਰਸ਼ ਕਾਰਨ ਮਾਨਵੀ ਹਾਲਾਤ ਬਾਰੇ ਵੀ ਫਿਕਰਮੰਦ ਹੈ।’ ਉਧਰ ਸ਼ੁਲਜ਼ ਨੇ ਕਿਹਾ ਕਿ ਰੂਸ ਨੇ ਯੂਕਰੇਨ ‘ਤੇ ਹਮਲਾ ਕਰਕੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਰਮਨੀ ‘ਚ ਹੋਣ ਜਾ ਰਹੇ ਜੀ-7 ਸਿਖਰ ਸੰਮੇਲਨ ‘ਚ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ।
ਭਾਰਤੀ ਮੂਲ ਦੇ ਬੱਚਿਆਂ ਨੇ ਨਰਿੰਦਰ ਮੋਦੀ ਦਾ ਦਿਲ ਜਿੱਤਿਆ
ਬਰਲਿਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਰਮਨੀ ਦੀ ਰਾਜਧਾਨੀ ‘ਚ ਪਹੁੰਚਣ ‘ਤੇ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਇਤਿਹਾਸਕ ਬ੍ਰੈਂਡਨਬਰਗ ਗੇਟ ‘ਤੇ ਭਾਰਤ ਦੀ ਵਿਭਿੰਨਤਾ ਦੇ ਰੰਗ ਦੇਖਣ ਨੂੰ ਮਿਲੇ। ਪ੍ਰਧਾਨ ਮੰਤਰੀ ਦਾ ਬ੍ਰੈਂਡਨਬਰਗ ਗੇਟ ‘ਤੇ ਸਵਾਗਤ ਕਰਨ ਲਈ ਪਰਵਾਸੀ ਭਾਰਤੀਆਂ ਨੇ ਨਾਚ ਸਮੇਤ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਬੱਚਿਆਂ ਸਮੇਤ ਤੜਕੇ 4 ਵਜੇ ਤੋਂ ਹੋਟਲ ਐਡਲੋਨ ਕੈਂਪਿੰਸਕੀ ‘ਚ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਹੇ ਭਾਰਤੀਆਂ ਨੇ ਉਨ੍ਹਾਂ ਦੀ ਆਮਦ ‘ਤੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਮੋਦੀ ਨੇ ਭਾਰਤੀ ਮੂਲ ਦੇ ਬੱਚੇ ਆਸ਼ੂਤੋਸ਼ ਦੀ ਸ਼ਲਾਘਾ ਕੀਤੀ ਜਿਸ ਨੇ ਦੇਸ਼ਭਗਤੀ ਦਾ ਗੀਤ ਸੁਣਾਇਆ। ਇਕ ਛੋਟੀ ਬੱਚੀ ਮਾਨਿਆ ਮਿਸ਼ਰਾ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਚਿੱਤਰ ਭੇਟ ਕੀਤਾ। ਉਨ੍ਹਾਂ ਮਾਨਿਆ ਨਾਲ ਤਸਵੀਰ ਖਿਚਵਾਈ ਅਤੇ ਚਿੱਤਰ ‘ਤੇ ਆਪਣੇ ਦਸਤਖ਼ਤ ਵੀ ਕੀਤੇ।
ਡੈਨਮਾਰਕ ਵਿੱਚ ਮੋਦੀ ਵੱਲੋਂ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਮੋਦੀ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੀ ਮਿਲੇ। ਉਨ੍ਹਾਂ ਭਾਰਤ ਮੂਲ ਦੇ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਹੇ ਭਾਰਤ ਵਾਸੀਆਂ ਦੀ ਭਾਸ਼ਾ ਵੱਖ-ਵੱਖ ਹੋਵੇ ਪਰ ਨੈਤਿਕ ਕਦਰਾਂ ਕੀਮਤਾਂ ਕਾਰਨ ਉਨ੍ਹਾਂ ਦੀ ਪਛਾਣ ਭਾਰਤੀ ਵਜੋਂ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਾਰਤ ਤੇਜ਼ ਗਤੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਮੇਡ ਇਨ ਕਰੋਨਾ ਵੈਕਸੀਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ‘ਚ ਹਰ ਪਰਿਵਾਰ ਤਕ ਕਰੋਨਾ ਟੀਕਾਕਰਨ ਦੀ ਪਹੁੰਚ ਯਕੀਨੀ ਬਣਾਈ ਗਈ ਹੈ।

 

 

RELATED ARTICLES
POPULAR POSTS