Breaking News
Home / ਦੁਨੀਆ / ਆਸਟਰੇਲੀਆ ਵਿਚ ਫਰਜ਼ੀ ਵਿਆਹਾਂ ਦੀ ਭਰਮਾਰ

ਆਸਟਰੇਲੀਆ ਵਿਚ ਫਰਜ਼ੀ ਵਿਆਹਾਂ ਦੀ ਭਰਮਾਰ

164 ਫ਼ਰਜ਼ੀ ਵਿਆਹਾਂ ਦਾ ਪਰਦਾਫ਼ਾਸ਼, ਪੰਜਾਬੀਆਂ ਦਾ ਗਿਣਤੀ ਜ਼ਿਆਦਾ
ਸਿਡਨੀ : ਆਸਟਰੇਲੀਆ ਵਿਚ ਕੇਂਦਰੀ ਪੁਲਿਸ ਨੇ 164 ਨਕਲੀ ਵਿਆਹਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਪੰਜਾਬੀਆਂ ਦੀ ਹੈ। ਇਸ ਸਬੰਧੀ ਦੋਸ਼ ਹਨ ਕਿ ਪੱਕੇ ਹੋਣ ਲਈ ਆਸਟਰੇਲੀਆ ਦੇ ਨਾਗਰਿਕਾਂ ਨਾਲ ਕਾਗਜ਼ੀ ਵਿਆਹ ਕਰਵਾਏ ਗਏ ਅਤੇ ਹਰ ਵਿਆਹ ਸਬੰਧੀ ਕਰੀਬ 20,000 ਤੋਂ 25,000 ਡਾਲਰ ਤੱਕ ਦਾ ਨਕਦ ਲੈਣ-ਦੇਣ ਹੋਇਆ। ਸਰਕਾਰ ਨੇ ਇਨ੍ਹਾਂ ਸਾਰੇ ਵਿਆਹਾਂ ਦੇ ਸਰਟੀਫਕੇਟ ਰੱਦ ਕਰ ਦਿੱਤੇ ਹਨ। ਵਿਆਹ ਤੋਂ ਬਾਅਦ ਪੱਕੇ ਵੀਜ਼ੇ ਲਈ ਦਾਖ਼ਲ ਅਰਜ਼ੀਆਂ ਨੂੰ ਵੀ ਇਮੀਗ੍ਰੇਸ਼ਨ ਵਿਭਾਗ ਨੇ ਰੱਦ ਕਰ ਦਿੱਤਾ ਹੈ।ਪੁਲਿਸ ਨੇ ਨਕਲੀ ਵਿਆਹਾਂ ਬਾਰੇ ਸੂਹ ਮਿਲਣ ‘ਤੇ ਗੁਪਤ ਅਪਰੇਸ਼ਨ ਚਲਾਇਆ। ਵਿਆਹ ਸਕੈਂਡਲ ਵਿੱਚ ਸੂਤਰਧਾਰ ਬਣੇ ਜਗਜੀਤ ਸਿੰਘ (32) ਨੂੰ ਪੁਲਿਸ ਨੇ ਕਾਬੂ ਕੀਤਾ। ਸਰਕਾਰ ਨੇ ਉਸ ਦਾ ਭਾਰਤੀ ਪਾਸਪੋਰਟ ਜ਼ਬਤ ਕਰਕੇ ਉਸ ‘ਤੇ ਅਦਾਲਤੀ ਕੇਸ ਪਾ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ‘ਵੈਲੇਨਟਾਈਨ ਡੇਅ’ ਤੋਂ ਇਕ ਦਿਨ ਪਹਿਲਾਂ ਆਸਟਰੇਲੀਆ ਵਾਸੀ ਚਾਲੋਈ ਮੌਸਨੇਰ ਨੇ ਸਿਡਨੀ ਦੇ ਬਲੈਕਟਾਊਨ ਵਿਚ ਆਪਣੇ ਮਾਪਿਆਂ ਦੇ ਘਰ ਸਮਾਰੋਹ ਵਿਚ ਸਿਧਾਰਥ ਸ਼ਰਮਾ ਨਾਲ ਵਿਆਹ ਕਰਵਾਇਆ ਸੀ। ਦੋਹਾਂ ਨੇ ਵਿਆਹ ਦੇ ਸਰਟੀਫਿਕੇਟ ‘ਤੇ ਦਸਤਖ਼ਤ ਕੀਤੇ, ਫੋਟੋਆਂ ਖਿਚਵਾਈਆਂ ਅਤੇ ਨਵਾਂ ਸਾਂਝਾ ਬੈਂਕ ਖਾਤਾ ਖੋਲ੍ਹਿਆ। ਇਸ ਵਿਆਹ ਵਿੱਚ ਜਗਜੀਤ ਸਿੰਘ ਕਥਿਤ ਤੌਰ ‘ਤੇ ਵਿਚੋਲਾ ਸੀ। ਦੋ ਮਹੀਨਿਆਂ ਬਾਅਦ ਸ੍ਰੀਮਤੀ ਮੌਸਨੇਰ ਨੇ ਕਬੂਲ ਕੀਤਾ ਕਿ ਉਸ ਦਾ ਵਿਆਹ ਇੱਕ ਇਕਰਾਰਨਾਮਾ ਸੀ, ਜਿਸ ਤਹਿਤ ਉਸ ਨੇ ਸ਼ਰਮਾ ਦੇ ਆਸਟਰੇਲੀਆ ਵਿਚ ਰਹਿਣ ਵਾਸਤੇ ਰਾਹ ਪੱਧਰਾ ਕੀਤਾ ਸੀ ਅਤੇ ਇਸ ਬਦਲੇ ਉਸ ਨੂੰ 19,500 ਡਾਲਰ ਦੀ ਕਮਾਈ ਹੋਣੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸ੍ਰੀਮਤੀ ਮੌਸਨੇਰ ਇਕੱਲੀ ਨਹੀਂ, ਕਈ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਆਸਟਰੇਲੀਆ ਵਾਸੀ ਹਨ, ਜੋ ਇਸ ਜਾਅਲਸਾਜ਼ ਸਮੂਹ ਦਾ ਹਿੱਸਾ ਹਨ। ਉਕਤ ਕੇਸ ਤੋਂ ਇਲਾਵਾ ਜ਼ਾਇਨਾ ਯੂਸਫ ਅਤੇ ਕਰਮਜੀਤ ਸਿੰਘ, ਬੈਂਜਾਮਿਨ ਪ੍ਰੋਥਰੋ ਅਤੇ ਗੁਰਪ੍ਰੀਤ ਕੌਰ ਅਤੇ ਅਪਰੈਲ ਵ੍ਹੀਲਰ ਅਤੇ ਮਨੀਕਰਨ ਸਿੰਘ ਦਾ ਫ਼ਰਜ਼ੀ ਹੋਇਆ ਸੀ। ਵਿਆਹ ਘਪਲੇ ਵਿਚ ਭਾਰਤੀਆਂ ਦੇ ਨਾਮ ਉਭਰ ਕੇ ਸਾਹਮਣੇ ਆਏ ਹਨ ਪਰ ਸੁਪਰਡੈਂਟ ਲੋਅ ਦਾ ਕਹਿਣਾ ਹੈ ਕਿ ਫ਼ਰਜ਼ੀ ਵਿਆਹ ਵੀਜ਼ਾ ਘੁਟਾਲਾ ‘ਕਿਸੇ ਇੱਕ ਕੌਮ’ ਨਾਲ ਨਹੀਂ ਜੁੜਿਆ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …