ਸਿੱਖ ਭਾਈਚਾਰੇ ਨੇ ਖਵਾਜਾ ਸਾਦ ਰਫੀਕ ਖਿਲਾਫ ਮੁਕੱਦਮਾ ਦਰਜ ਕਰਨ ਲਈ ਕਿਹਾ
ਅੰਮ੍ਰਿਤਸਰ : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ.-ਐਨ.) ਦੇ ਸਾਬਕਾ ਸੰਘੀ ਰੇਲਵੇ ਮੰਤਰੀ ਖ਼ਵਾਜਾ ਸਾਦ ਰਫ਼ੀਕ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਦੱਸਿਆ ਗਿਆ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਰੋਸ ਹੈ। ਖ਼ਵਾਜਾ ਸਾਦ ਨੇ ਟਵਿੱਟਰ ‘ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੱਯਾਸ਼, ਡਾਕੂ ਅਤੇ ਲੁਟੇਰਾ ਹੁਕਮਰਾਨ ਦੱਸਦਿਆਂ ਦੋਸ਼ ਲਗਾਇਆ ਕਿ ਮਹਾਰਾਜਾ ਨੇ ਮਸਜਿਦਾਂ, ਮਕਬਰਿਆਂ, ਸੂਫ਼ੀ ਦਰਬਾਰਾਂ ਵਿਚ ਲੁੱਟ-ਖਸੁੱਟ ਕਰਕੇ ਉਨ੍ਹਾਂ ਨੂੰ ਜ਼ਮੀਨਦੋਜ਼ ਕੀਤਾ ਅਤੇ ਕਈ ਮੁਸਲਮਾਨਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ। ਉਨ੍ਹਾਂ ਨੇ ਇਸ ਤੋਂ ਇਲਾਵਾ ਵੀ ਸ਼ੇਰ-ਏ-ਪੰਜਾਬ ਪ੍ਰਤੀ ਨਿੰਦਣਯੋਗ ਸ਼ਬਦਾਵਲੀ ਵਰਤੀ। ਪਾਕਿ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪੀ. ਐਮ. ਐਲ.-ਐਨ. ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਪਾਸੋਂ ਮੰਗ ਕੀਤੀ ਹੈ ਕਿ ਨਿਰਪੱਖ ਸਿੱਖ ਮਹਾਰਾਜਾ ਦੀ ਜਨਤਕ ਤੌਰ ‘ਤੇ ਬਦਨਾਮੀ ਕਰਨ ਵਾਲੇ ਖ਼ਵਾਜਾ ਸਾਦ ਰਫ਼ੀਕ ਵਿਰੁੱਧ ਕੁਫ਼ਰ ਕਾਨੂੰਨ ਤਹਿਤ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅਗਾਂਹ ਕੋਈ ਇਸ ਪ੍ਰਕਾਰ ਦੀ ਜੁਰਅਤ ਨਾ ਕਰ ਸਕੇ। ਖ਼ਵਾਜਾ ਸਾਦ ਰਫ਼ੀਕ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਅਤੇ ਅੱਯਾਸ਼ ਹੁਕਮਰਾਨ ਦਸ ਕੇ ਸਿੱਖ ਜਰਨੈਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਇਸਤੇਮਾਲ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪਾਕਿ ਦੇ ਸਿੱਖ ਆਗੂਆਂ ਨੇ ਕਿਹਾ ਕਿ ਖਵਾਜਾ ਸਾਦ ਰਫੀਕ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਹੋਰਨਾਂ ਪਾਕਿ ਸਿੱਖ ਆਗੂਆਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਖ਼ਵਾਜਾ ਸਾਦ ਰਫ਼ੀਕ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਵਿਸ਼ਾਲ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਮਹਾਰਾਜਾ ਰਣਜੀਤ ਸਿੰਘ ਪ੍ਰਤੀ ਵਰਤੀ ਗ਼ਲਤ ਸ਼ਬਦਾਵਲੀ ਦੀ ਸ਼੍ਰੋਮਣੀ ਕਮੇਟੀ ਵਲੋਂ ਨਿੰਦਾ
ਅੰਮ੍ਰਿਤਸਰ : ਪਾਕਿਸਤਾਨ ਦੇ ਸਾਬਕਾ ਸੰਘੀ ਰੇਲਵੇ ਮੰਤਰੀ ਖ਼ੁਵਾਜਾ ਸਾਦ ਰਫ਼ੀਕ ਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਤੇ ਅੱਯਾਸ਼ ਹੁਕਮਰਾਨ ਦੱਸ ਕੇ ਸਿੱਖ ਜਰਨੈਲਾਂ ਵਿਰੁੱਧ ਵਰਤੀ ਗਲਤ ਸ਼ਬਦਾਵਲੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਨਿੰਦਾ ਕੀਤੀ ਗਈ। ਲੌਂਗੋਵਾਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਸਬੰਧੀ ਗਲਤ ਸ਼ਬਦਾਵਲੀ ਵਰਤਣ ‘ਤੇ ਖ਼ੁਵਾਜਾ ਸਾਦ ਰਫ਼ੀਕ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …