Breaking News
Home / ਦੁਨੀਆ / ਵੈਟੀਕਨ ਵਿਚ ਹੋਏ ਸਮਾਰੋਹ ਦੌਰਾਨ ਦਿੱਤੀ ਸੰਤ ਦੀ ਉਪਾਧੀ

ਵੈਟੀਕਨ ਵਿਚ ਹੋਏ ਸਮਾਰੋਹ ਦੌਰਾਨ ਦਿੱਤੀ ਸੰਤ ਦੀ ਉਪਾਧੀ

mother-teresa-51-copy-copyਮਦਰ ਬਣੀ ਸੰਤ ਟੈਰੇਸਾ
ਵੈਟੀਕਨ ਸਿਟੀ/ਬਿਊਰੋ ਨਿਊਜ਼
ਕੋਲਕਾਤਾ ਦੇ ਨਿਆਸਰਿਆਂ ਅਤੇ ਦੁਰਕਾਰੇ ਲੋਕਾਂ ਦੀ ਸੇਵਾ ਕਰਨ ਕਾਰਨ ਇਸਾਈ ਪਰਉਪਕਾਰ ਦੀ ਆਲਮੀ ਮੂਰਤ ਬਣੀ ਮਦਰ ਟੈਰੇਸਾ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਤ ਦੀ ਉਪਾਧੀ ਦਿੱਤੀ ਗਈ। ਰੋਮਨ ਕੈਥੋਲਿਕਵਾਦ ਦੇ ਦੈਵਿਕ ਸੰਸਾਰ ਵਿੱਚ ਉਨ੍ਹਾਂ ਦੀ ਤਰੱਕੀ ਵੈਟੀਕਨ ਦੇ ਸੇਂਟ ਪੀਟਰਜ਼ ਸਕੁਏਰ ਵਿੱਚ ਹੋਏ ਸਮਾਰੋਹ ਦੌਰਾਨ ਹੋਈ। ਇਕ ਲੱਖ ਸ਼ਰਧਾਲੂਆਂ ਦੀ ਹਾਜ਼ਰੀ ਵਾਲਾ ਇਹ ਸਮਾਰੋਹ ਪੋਪ ਫਰਾਂਸਿਸ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ।
ਰੋਮਨ ਕੈਥੋਲਿਕ ਚਰਚ ਦੇ ਮੁਖੀ ਨੇ ਲਾਤੀਨੀ ਭਾਸ਼ਾ ਵਿੱਚ ਕਿਹਾ ਕਿ ”ਪਵਿੱਤਰ ਤ੍ਰਿਦੇਵ ਦੇ ਸਨਮਾਨ ਵਿੱਚ ਅਸੀਂ ਇਹ ਐਲਾਨ ਕਰਦੇ ਹਾਂ ਕਿ ਕਲਕੱਤਾ ਦੀ ਰੱਬੀ ਮਿਹਰ ਵਾਲੀ ਟੈਰੇਸਾ ਸੰਤ ਹੋਵੇਗੀ ਅਤੇ ਅਸੀਂ ਉਸ ਨੂੰ ਸੰਤਾਂ ਵਿੱਚ ਸ਼ਾਮਲ ਕਰਦੇ ਹਾਂ। ਸਮੁੱਚਾ ਚਰਚ ਉਨ੍ਹਾਂ ਨੂੰ ਸੰਤ ਦੀ ਉਪਾਧੀ ਦੇਣ ਦੇ ਫੈਸਲੇ ਨੂੰ ਮੰਨੇਗਾ।” ਇਹ ਸਮਾਰੋਹ ਕੋਲਕਾਤਾ ਵਿੱਚ ਮਦਰ ਟੈਰੇਸਾ ਦੀ 19ਵੀਂ ਬਰਸੀ ਤੋਂ ਇਕ ਦਿਨ ਪਹਿਲਾਂ ਹੋਇਆ। ਜ਼ਿਕਰਯੋਗ ਹੈ ਕਿ ਮਦਰ ਟੈਰੇਸਾ ਨੇ ਕੋਲਕਾਤਾ ਵਿੱਚ ਤਕਰੀਬਨ ਚਾਰ ਦਹਾਕੇ ਮਸਕੀਨਾਂ ਦੀ ਸੇਵਾ ਕੀਤੀ।
ਨੀਲੇ ਅੰਬਰ ਦੇ ਪਿਛੋਕੜ ਵਿੱਚ ਸੇਂਟ ਪੀਟਰਜ਼ ਦੀ 16ਵੀਂ ਸਦੀ ਦੀ ਬੈਸੀਲਿਕਾ (ਪ੍ਰਸ਼ਾਸਕੀ ਕੰਮਾਂ ਲਈ ਵਰਤੀ ਜਾਂਦੀ ਰੋਮਨ ਕੈਥੋਲਿਕ ਚਰਚ ਦੀ ਇਮਾਰਤ) ਵਿੱਚ ਪੋਪ ਫਰਾਂਸਿਸ ਦੀ ਅਗਵਾਈ ਹੇਠ ਸਦੀਆਂ ਤੋਂ ਹੂ-ਬ-ਹੂ ਚੱਲ ਰਹੇ ਧਾਰਮਿਕ ਰੀਤੀ ਰਿਵਾਜ ਨੇਪਰੇ ਚਾੜ੍ਹੇ ਗਏ। ਸ਼ਰਧਾਲੂਆਂ ਦੀ ਮੰਗ ਅਨੁਸਾਰ ਵੈਟੀਕਨ ਸਮਾਰੋਹ ਦੀਆਂ ਟਿਕਟਾਂ ਦੀ ਗਿਣਤੀ ਆਸਾਨੀ ਨਾਲ ਹੀ ਦੁੱਗਣੀ ਕਰ ਸਕਦਾ ਸੀ ਪਰ ਥਾਂ ਤੇ ਸੁਰੱਖਿਆ ਪਾਬੰਦੀਆਂ ਕਾਰਨ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।ਸਮਾਰੋਹ ਦੌਰਾਨ ਰੋਮਨ ਕੈਥੋਲਿਕ ਚਰਚ ਦੇ ਹੈੱਡ ਕੁਆਰਟਰ ਉਤੇ ਹੈਲੀਕਾਪਟਰ ਮੰਡਰਾਉਂਦੇ ਰਹੇ। ਸਮਾਰੋਹ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਤਿੰਨ ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਸਨ। ਭੀੜ ਵਿੱਚ ਮਿਸ਼ਨਰੀ ਆਫ ਚੈਰਿਟੀ ਦੀਆਂ ਇਤਾਲਵੀ ਮਦਰ ਟੈਰੇਸਾ ਬਰਾਂਚਾਂ ਦੇ ਕੁੱਲ 1500 ਗਰੀਬ ਵਿਅਕਤੀ ਹਾਜ਼ਰ ਸਨ। ਧਾਰਮਿਕ ਰਸਮਾਂ ਤੋਂ ਬਾਅਦ ਵੈਟੀਕਨ ਵਿੱਚ ਪੋਪ ઠਦੇ ਇਨ੍ਹਾਂ ਮਹਿਮਾਨਾਂ ਨੂੰ ਵੱਡ ਆਕਾਰੀ ਪਿਜ਼ਾ ਲੰਚ ਪਰੋਸਿਆ ਗਿਆ। ਮਦਰ ਟੈਰੇਸਾ ਨੇ ਆਪਣਾ ਬਾਲਗ ਜੀਵਨ ਭਾਰਤ ਵਿੱਚ ਗੁਜ਼ਾਰਿਆ, ਜਿੱਥੇ ਉਨ੍ਹਾਂ ਪਹਿਲਾਂ ਅਧਿਆਪਕ ਦਾ ਕਾਰਜ ਕੀਤਾ। ਇਸ ਮਗਰੋਂ ਦੀਨ ਦੁਖੀਆਂ ਦੀ ਸੇਵਾ ਕੀਤੀ। ਉਸ ਸਮੇਂ ਓਟੋਮਨ ਸਾਮਰਾਜ ਅਤੇ ਹੁਣ ਮਕਦੂਨੀਆ ਦੀ ਰਾਜਧਾਨੀ ਸਕੋਪਜੇ ਵਿੱਚ ਕੋਸੋਵਨ ਅਲਬਾਨਿਆਈ ਮਾਪਿਆਂ ਦੇ ਘਰ ਪੈਦਾ ਹੋਈ ਮਦਰ ਟੈਰੇਸਾ ਨੂੰ 1979 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ।ਧਰਮ ਨਿਰਪੱਖ ਆਲੋਚਕਾਂ ਨੇ ਉਨ੍ਹਾਂ ਦੀ ਇਸ ਗੱਲੋਂ ਆਲੋਚਨਾ ਵੀ ਕੀਤੀ ਕਿ ਉਹ ਗਰੀਬਾਂ ਦੇ ਜੀਵਨ ਵਿੱਚ ਸੁਧਾਰ ਨਾਲੋਂ ਉਨ੍ਹਾਂ ਨੂੰ ਇਸਾਈ ਮੱਤ ਵਿੱਚ ਤਬਦੀਲ ਕਰਨ ਉਤੇ ਵੱਧ ਕੇਂਦਰਿਤ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦੇਣ ਨੂੰ ਯਾਦਗਾਰੀ ਤੇ ਮਾਣ ਵਾਲਾ ਮੌਕਾ ਮੇਲ ਦੱਸਿਆ। ਜੀ20 ਸੰਮੇਲਨ ਲਈ ਚੀਨ ਦੇ ਇਸ ਪੂਰਬੀ ਸ਼ਹਿਰ ਪੁੱਜੇ ਮੋਦੀ ਨੇ ਟਵੀਟ ਵਿੱਚ ਆਪਣੇ 28 ਅਗਸਤ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਲਿੰਕ ਵੀ ਸਾਂਝਾ ਕੀਤਾ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …