ਇਮਰਾਨ ਨੂੰ ਦਿੱਤਾ ਕਰਾਰਾ ਜਵਾਬ – ਕੀ ਅਸੀਂ ਲਾਸ਼ਾਂ ਸਬੂਤ ਲਈ ਤੁਹਾਡੇ ਕੋਲ ਭੇਜੀਏ
ਪਟਿਆਲਾ : ਪੁਲਵਾਮਾ ਵਿਚ ਸੀਆਰਪੀਐਫ ਦੇ ਜਵਾਨਾਂ ‘ਤੇ ਹੋਏ ਦਹਿਸ਼ਤੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਭਾਰਤ ਕੋਲ ਸਬੂਤ ਨਾ ਹੋਣ ਬਾਰੇ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ ਨੂੰ ਰੱਦ ਕਰਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਹ ਚਾਹੁੰਦਾ ਹੈ ਕਿ ਭਾਰਤ ਆਪਣੇ ਸੈਨਿਕਾਂ ਦੀਆਂ ਲਾਸ਼ਾਂ ਉਥੇ ਭੇਜੇ? ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ, ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਕੀ ਕੁਝ ਕਰਵਾ ਰਿਹਾ ਹੈ। ਇਥੇ ਪਟਿਆਲਾ ਨੇੜੇ ਕਸਬਾ ਬਹਾਦਰਗੜ੍ਹ ਅਤੇ ਮੰਡੌਲੀ ਦੀ ਫੇਰੀ ਮੌਕੇ ਪੱਤਰਕਾਰਾਂ ਨਾਲ਼ ਗੱਲਬਾਤ ਅਤੇ ਬਾਅਦ ਵਿਚ ਕੀਤੇ ਟਵੀਟ ਦੌਰਾਨ ਕਿਹਾ ਕਿ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ‘ਤੇ ਹੋਏ ਹਮਲੇ ਵਿੱਚ ਵਰਤੇ ਗਏ ਪਾਕਿਸਤਾਨੀ ਗ੍ਰੇਨੇਡ ਨਾਲ ਉਨ੍ਹਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਇਆ ਹੈ। ਇਕ ਟਵੀਟ ਰਾਹੀਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ”ਇਮਰਾਨ ਖਾਨ, ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਬਹਾਵਲਪੁਰ ਵਿੱਚ ਬੈਠਾ ਹੈ ਅਤੇ ਆਈਐਸਆਈ ਦੀ ਸਹਾਇਤਾ ਨਾਲ ਹਮਲਿਆਂ ਦੀਆਂ ਗੋਂਦਾਂ ਗੁੰਦਦਾ ਹੈ। ਜਾਓ, ਜਾ ਕੇ ਉਸ ਨੂੰ ਉਥੋਂ ਚੁੱਕ ਲਿਆਓ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਸਾਨੂੰ ਦੱਸੋ, ਅਸੀਂ ਤੁਹਾਡੇ ਲਈ ਇਸ ਨੂੰ ਅੰਜਾਮ ਦੇ ਕੇ ਵਿਖਾਈਏ। ਉਂਜ, 26/11 ਦੇ ਮੁੰਬਈ ਹਮਲੇ ਦੇ ਸਬੂਤਾਂ ਦਾ ਤੁਸੀਂ ਕੀ ਕੀਤਾ। ਗੱਲਬਾਤ ਦਾ ਸਮਾਂ ਆ ਗਿਆ ਹੈ।” ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਪਣੇ ਫੌਜ ਮੁਖੀ ਜਨਰਲ ਬਾਜਵਾ ਨਾਲ ਮਿਲ ਕੇ ਭਾਰਤੀ ਸੈਨਿਕਾਂ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾ ਰਿਹਾ ਹੈ। ਭਾਰਤ ਅਜਿਹਾ ਵਰਤਾਰਾ ਨਾ ਸਹਿਣ ਕਰ ਸਕਦਾ ਹੈ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੁਹਰਾਇਆ,”ਜੇਕਰ ਉਹ ਸਾਡਾ ਇਕ ਮਾਰਦੇ ਹਨ, ਤਾਂ ਸਾਨੂੰ ਵੀ ਉਨ੍ਹਾਂ ਦੇ ਦੋ ਮਾਰਨੇ ਚਾਹੀਦੇ ਹਨ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …