-5 C
Toronto
Wednesday, December 3, 2025
spot_img
Homeਦੁਨੀਆਪੁਲਵਾਮਾ ਹਮਲੇ ਵਿਚ ਪਾਕਿ ਸਰਕਾਰ ਸ਼ਾਮਲ ਨਹੀਂ : ਇਮਰਾਨ ਖਾਨ

ਪੁਲਵਾਮਾ ਹਮਲੇ ਵਿਚ ਪਾਕਿ ਸਰਕਾਰ ਸ਼ਾਮਲ ਨਹੀਂ : ਇਮਰਾਨ ਖਾਨ

ਭਾਰਤ ਨੂੰ ਕਿਹਾ – ਹਮਲੇ ਦੇ ਸਬੂਤ ਦੇਵੋ ਕਰਾਂਗੇ ਕਾਰਵਾਈ ੲ ਨਾਲ ਹੀ ਦਿੱਤੀ ਗਿੱਦੜ ਧਮਕੀ – ਜੰਗ ਲਈ ਵੀ ਤਿਆਰ ਹਾਂ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੁਲਵਾਮਾ ਦਹਿਸ਼ਤੀ ਹਮਲੇ ਤੋਂ ਪੰਜ ਦਿਨ ਮਗਰੋਂ ਆਪਣੀ ਚੁੱਪੀ ਤੋੜਦਿਆਂ ਭਾਰਤ ਨੂੰ ਯਕੀਨ ਦਿਵਾਇਆ ਕਿ ਜੇਕਰ ਨਵੀਂ ਦਿੱਲੀ ਇਸ ਫਿਦਾਈਨ ਹਮਲੇ ਬਾਰੇ ‘ਕਾਰਵਾਈਯੋਗ ਖੁਫ਼ੀਆ ਜਾਣਕਾਰੀ’ ਉਨ੍ਹਾਂ ਨਾਲ ਸਾਂਝੀ ਕਰਦਾ ਹੈ ਤਾਂ ਉਹ ਪੁਲਵਾਮਾ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਕਾਰਵਾਈ ਕਰਨਗੇ। ਖ਼ਾਨ ਨੇ ਹਾਲਾਂਕਿ ਵੀਡੀਓ ਸੁਨੇਹੇ ਵਿੱਚ ਗਿੱਦੜ ਧਮਕੀ ਵੀ ਦਿੱਤੀ ਕਿ ਜੇਕਰ ਪਾਕਿਸਤਾਨ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਇਮਰਾਨ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਹੇਠਾਂ ਲਿਖਿਆ ਹੈ ‘ਮੇਰੇ ਮੁਲਕ ਨਾਲ ਆਢਾ ਨਾ ਲਾਇਓ।’ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਫਿਦਾਈਨ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਮੁਲਕ ਦੇ ਨਾਂ ਜਾਰੀ ਵੀਡੀਓ ਸੁਨੇਹੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖਿੱਤੇ ਵਿੱਚ ਸਥਿਰਤਾ ਦਾ ਹਾਮੀ ਹੈ। ਖ਼ਾਨ ਨੇ ਕਿਹਾ, ‘ਅਸੀਂ ਸਮਝਦੇ ਹਾਂ ਕਿ ਇਸ ਸਾਲ ਭਾਰਤ ਵਿੱਚ ਆਮ ਚੋਣਾਂ ਹੋਣੀਆਂ ਹਨ ਤੇ ਪਾਕਿਸਤਾਨ ‘ਤੇ ਇਲਜ਼ਾਮਤਰਾਸ਼ੀ ਕਰਕੇ ਹਜ਼ੂਮ ਤੋਂ ਵੋਟਾਂ ਲੈਣੀਆਂ ਥੋੜ੍ਹੀਆਂ ਸੁਖਾਲੀਆਂ ਹੋ ਜਾਣਗੀਆਂ, ਪਰ ਮੈਂ ਆਸ ਕਰਦਾ ਹਾਂ ਕਿ ਬਿਹਤਰ ਸਮਝ ਵਿਕਸਿਤ ਹੋਵੇਗੀ ਤੇ ਭਾਰਤ ਸੰਵਾਦ ਲਈ ਤਿਆਰ ਹੋ ਜਾਵੇਗਾ।’ ਉਨ੍ਹਾਂ ਕਿਹਾ, ‘ਜਦੋਂ ਵੀ ਕਦੇ ਕਸ਼ਮੀਰ ਵਿਚ ਕੋਈ ਘਟਨਾ ਵਾਪਰਦੀ ਹੈ ਤਾਂ ਦਿੱਲੀ ਹਰ ਵਾਰ ਇਸ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹਦਾ ਹੈ ਤੇ ਮੁੜ-ਮੁੜ ਪਾਕਿਸਤਾਨ ਨੂੰ ‘ਬਲੀ ਦਾ ਬਕਰਾ’ ਬਣਾਇਆ ਜਾਂਦਾ ਹੈ।’ ਵਜ਼ੀਰੇ ਆਜ਼ਮ ਨੇ ਕਿਹਾ ਕਿ ਅਫ਼ਗ਼ਾਨ ਮੁੱਦੇ ਵਾਂਗ ਕਸ਼ਮੀਰ ਮਸਲਾ ਵੀ ਗੱਲਬਾਤ ਨਾਲ ਹੀ ਹੱਲ ਹੋਵੇਗਾ। ਇਮਰਾਨ ਨੇ ਕਿਹਾ, ‘ਜੇਕਰ ਤੁਹਾਡੇ ਕੋਲ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਕਾਰਵਾਈਯੋਗ ਕੋਈ ਸੂਹੀਆ ਜਾਣਕਾਰੀ ਹੈ ਤਾਂ ਉਹ ਸਾਨੂੰ ਦਿੱਤੀ ਜਾਵੇ। ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਅਸੀਂ ਇਸ ‘ਤੇ ਕਾਰਵਾਈ ਕਰਾਂਗੇ, ਇਸ ਲਈ ਨਹੀਂ ਕਿ ਸਾਡੇ ‘ਤੇ ਕਿਸੇ ਤਰ੍ਹਾਂ ਦਾ ਦਬਾਅ ਹੈ ਬਲਕਿ ਇਸ ਲਈ ਕਿਉਂਕਿ ਉਹ (ਦਹਿਸ਼ਤਗਰਦ) ਪਾਕਿਸਤਾਨ ਦੇ ਵੀ ਦੁਸ਼ਮਣ ਹਨ।’ ਖ਼ਾਨ ਨੇ ਕਿਹਾ, ‘ਮੈਂ ਭਾਰਤੀ ਮੀਡੀਆ ਵਿੱਚ ਸੁਣਿਆ ਤੇ ਵੇਖਿਆ ਹੈ ਕਿ ਸਿਆਸਤਦਾਨ ਪਾਕਿਸਤਾਨ ਤੋਂ ਬਦਲਾ ਲੈਣ ਦੀਆਂ ਗੱਲਾਂ ਆਖ ਰਹੇ ਹਨ। ਜੇਕਰ ਭਾਰਤ ਸੋਚਦਾ ਹੈ ਕਿ ਉਹ ਪਾਕਿਸਤਾਨ ‘ਤੇ ਹਮਲਾ ਕਰੇਗਾ, ਤਾਂ ਫ਼ਿਰ ਅਸੀਂ ਸੋਚਾਂਗੇ ਨਹੀਂ ਬਲਕਿ ਇਸ ਦਾ ਜਵਾਬ ਦੇਵਾਂਗੇ।’ ਖ਼ਾਨ ਨੇ ਸਾਫ਼ ਕਰ ਦਿੱਤਾ ਕਿ ਜੰਗ ਸ਼ੁਰੂ ਕਰਨੀ ਸਾਡੇ ਹੱਥ ਹੈ ਤੇ ਇਹ ਬਹੁਤ ਸੌਖਾ ਕੰਮ ਹੈ, ਪਰ ਇਸ ਨੂੰ ਖ਼ਤਮ ਕਰਨਾ ਸਾਡੇ ਹੱਥ ਨਹੀਂ ਤੇ ਕੋਈ ਨਹੀਂ ਜਾਣਦਾ ਕੀ ਵਾਪਰੇਗਾ। ਵਜ਼ੀਰੇ ਆਜ਼ਮ ਨੇ ਕਿਹਾ ਕਿ ਪਾਕਿਸਤਾਨ, ਭਾਰਤ ਨਾਲ ਦਹਿਸ਼ਤਗਰਦੀ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, ‘ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਨਵਾਂ ਤੇ ਨਵੀਂ ਸੋਚ ਵਾਲਾ ਪਾਕਿਸਤਾਨ ਹੈ। ਪਾਕਿਸਤਾਨ ਨਾਲ ਸੰਵਾਦ ਮੌਕੇ ਭਾਰਤ ਅੱਤਵਾਦ ਨੂੰ ਗੱਲਬਾਤ ਦਾ ਹਿੱਸਾ ਬਣਾਉਣ ਦੀ ਗੱਲ ਕਰਦਾ ਹੈ। ਇਸ ਖਿੱਤੇ ਵਿੱਚ ਅੱਤਵਾਦ ਵੱਡਾ ਮੁੱਦਾ ਹੈ ਤੇ ਅਸੀਂ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ। ਜੇਕਰ ਕੋਈ ਦਹਿਸ਼ਤੀ ਹਮਲਿਆਂ ਲਈ ਪਾਕਿਸਤਾਨੀ ਸਰਜ਼ਮੀਂ ਵਰਤਦਾ ਹੈ ਤਾਂ ਇਹ ਸਾਡੇ ਨਾਲ ਦੁਸ਼ਮਣੀ ਵਾਲੀ ਗੱਲ ਹੈ। ਇਹ ਸਾਡੇ ਹਿੱਤਾਂ ਖਿਲਾਫ਼ ਹੈ। ਅਸੀਂ ਪਿਛਲੇ 15 ਸਾਲਾਂ ਤੋਂ ਅੱਤਵਾਦ ਨਾਲ ਲੜ ਰਹੇ ਹਾਂ।’

RELATED ARTICLES
POPULAR POSTS