Breaking News
Home / Special Story / 40 ਜਵਾਨਾਂ ਦੀ ਸ਼ਹਾਦਤ ‘ਤੇ ਸੀਆਰਪੀਐਫ ਦੀ ਚਿਤਾਵਨੀ

40 ਜਵਾਨਾਂ ਦੀ ਸ਼ਹਾਦਤ ‘ਤੇ ਸੀਆਰਪੀਐਫ ਦੀ ਚਿਤਾਵਨੀ

ਨਾ ਭੁੱਲਾਂਗੇ, ਨਾ ਮਾਫ਼ ਕਰਾਂਗੇ, ਬਦਲਾ ਲਵਾਂਗੇ
ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖਤਮ, ਕਸਟਮ ਡਿਊਟੀ ਵਧਾਈ
ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੀਆਰਪੀਐਫ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੀਆਪੀਐਫ ਨੇ ਕਿਹਾ ‘ਨਾ ਅਸੀਂ ਭੁੱਲਾਂਗੇ, ਨਾ ਮਾਫ਼ ਕਰਾਂਗੇ, ਅਸੀਂ ਬਦਲਾ ਲਵਾਂਗੇ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਅੱਤਵਾਦੀ ਅਤੇ ਉਨ੍ਹਾਂ ਦੇ ਸਰਪ੍ਰਸਤ ਬਹੁਤ ਵੱਡੀ ਗਲਤੀ ਕਰ ਚੁੱਕੇ ਹਨ। ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਖੂਨ ਦੀ ਬੂੰਦ-ਬੂੰਦ ਦਾ ਹਿਸਾਬ ਲਿਆ ਜਾਵੇਗਾ। ਅੱਤਵਾਦ ਦੇ ਸੌਦਾਗਰਾਂ ਦੇ ਖਾਤਮੇ ਦਾ ਸਮਾਂ, ਸਥਾਨ ਅਤੇ ਤਰੀਕ ਤਹਿ ਕਰਨ ਦੇ ਲਈ ਫੌਜ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 1996 ‘ਚ ਦਿੱਤੇ ਮੋਸਟ ਫੇਵਰਡ ਨੇਸ਼ਨ ਦੇ ਦਰਜੇ ਨੂੰ ਵੀ ਖਤਮ ਕਰ ਦਿੱਤਾ। ਯਾਨੀ ਹੁਣ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ ‘ਤੇ ਭਾਰਤ ਨੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ।
ਪੰਜਾਬ ਦੇ ਚਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ 12-12 ਲੱਖ ਰੁਪਏ, ਇਕ ਨੂੰ ਨੌਕਰੀ
ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ 12-12 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ।
ਪੰਜਾਬ ਦੇ ਚਾਰੇ ਬਹਾਦਰ ਨੌਜਵਾਨਾਂ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਗੁਰਦਾਸਪੁਰ : ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਚਾਰੇ ਬਹਾਦਰ ਫੌਜੀ ਜਵਾਨਾਂ ਮਨਿੰਦਰ ਸਿੰਘ, ਜੈਮਲ ਸਿੰਘ, ਕੁਲਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਦੀਨਾਨਗਰ ਦੇ ਮਨਿੰਦਰ ਸਿੰਘ ਦੀ ਤਿਰੰਗੇ ‘ਚ ਲਿਪਟੀ ਲਾਸ਼ ਨੂੰ ਦੇਖ ਕੇ ਪਿਤਾ ਸਤਪਾਲ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਭੈਣਾਂ ਗਗਨਦੀਪ, ਸ਼ਬਨਮ ਅਤੇ ਸ਼ੀਤਲ ਬੇਹਾਲ ਹੋ ਉਠੀਆਂ। ਭੈਣਾਂ ਨੇ ਭਰਾ ਨੂੰ ਸਿਹਰਾ ਅਤੇ ਰੱਖੜੀ ਬੰਨ੍ਹ ਕੇ ਅੰਤਿਮ ਵਿਦਾਈ ਦਿੱਤੀ। ਘਰ ਤੋਂ ਭੈਣਾਂ ਨੇ ਭਾਈ ਨੂੰ ਕੰਧਾ ਦੇ ਕੇ ਅੰਤਿਮ ਸਫਰ ਲਈ ਰਵਾਨਾ ਕੀਤਾ। ਸ਼ਹੀਦ ਮਨਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀ ਸ਼ਹੀਦ ਦੇ ਭਰਾ ਲਖਵਿੰਦਰ ਸਿੰਘ ਨੇ ਦਿੱਤੀ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਈਸੇ ਖਾਂ ਨਿਵਾਸੀ ਜੈਮਲ ਸਿੰਘ ਦਾ ਸਰੀਰ ਵਿਚ ਸ਼ਨੀਵਾਰ ਸਵੇਰੇ ਘਰ ਲਿਆਂਦਾ ਗਿਆ। ਸੀਆਰਪੀਐਫ ਦੇ ਡੀਆਈਜੀ ਅਰੁਣ ਪ੍ਰਸਾਦ ਦੀ ਦੇਖ-ਰੇਖ ‘ਚ ਸ਼ਹੀਦ ਜੈਮਲ ਸਿੰਘ ਦਾ ਦੁਪਹਿਰ ਲਗਭਗ 12 ਵਜੇ ਅੰਤਿਮ ਸਸਕਾਰ ਕੀਤਾ ਗਿਆ। ਜੈਮਲ ਸਿੰਘ ਦੇ 5 ਸਾਲਾ ਬੇਟੇ ਨੇ ਜਦੋਂ ਉਨ੍ਹਾਂ ਨੂੰ ਸਲਿਊਟ ਕੀਤਾ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ। ਇਸੇ ਤਰ੍ਹਾਂ ਅੱਤਵਾਦੀ ਹਮਲੇ ਦੌਰਾਨ ਰੋਪੜ ਜ਼ਿਲ੍ਹੇ ਦੇ ਪਿੰਡ ਰੌਲੀ ਵਾਸੀ ਸ਼ਹੀਦ ਕੁਲਵਿੰਦਰ ਸਿੰਘ ਦਾ ਪਾਰਥਿਵ ਸਰੀਰ ਸ਼ਨੀਵਾਰ ਨੂੰ ਜਦੋਂ ਨੂਰਪੁਰ ਬੇਦੀ ਤੋਂ ਪਿੰਡ ਰੌਲੀ ਲਿਆਂਦਾ ਗਿਆ ਤਾਂ ਰਸਤੇ ‘ਚ ਪੈਂਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਸ਼ਹੀਦ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਹੀਦ ਨੂੰ ਸਨਮਾਨ ਦਿੱਤਾ। ਜਦੋਂ ਸ਼ਹੀਦ ਦਾ ਮ੍ਰਿਤਕ ਸਰੀਰ ਪਿੰਡ ਪਹੁੰਚਿਆ ਤਾਂ ਸਾਰਾ ਪਿੰਡ ਗਮ ‘ਚ ਡੁੱਬ ਗਿਆ। ਵਿਆਹ ਵੇਲੇ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ। ਲਗਭਗ ਦੋ ਕਿਲੋਮੀਟਰ ਲੰਬੀ ਅੰਤਿਮ ਯਾਤਰਾ ‘ਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਆਪਣੇ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਸ. ਦਰਸ਼ਨ ਸਿੰਘ ਨੇ ਤਿਰੰਗੇ ਝੰਡੇ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ ਹੁਣ ਇਹੀ ਮੇਰਾ ਪੁੱਤਰ ਹੈ। ਇਸੇ ਤਰ੍ਹਾਂ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਚੌਥੇ ਜਵਾਨ ਸੁਖਜਿੰਦਰ ਸਿੰਘ ਦਾ ਪਾਰਥਿਵ ਸਰੀਰ ਜਦੋਂ ਪਿੰਡ ਗੰਢੀਵਿੰਡ ਪਹੁੰਚਿਆਂ ਤਾਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸਾਰਾ ਪਿੰਡ ਵੀ ਇਕੱਠਾ ਹੋ ਗਿਆ। ਇਸ ਸਮੇਂ ਸ਼ਹੀਦ ਦੀ ਪਤਨੀ ਅਤੇ ਮਾਂ ਦੀ ਹਾਲਤ ਦੇਖ ਕੇ ਹਰ ਅੱਖ ਰੋ ਰਹੀ ਸੀ। ਬਾਅਦ ਦੁਪਹਿਰ ਲਗਭਗ ਦੋ ਵਜੇ ਫੌਜੀ ਸਨਮਾਨਾਂ ਨਾਲ ਸੁਖਜਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਦੇ ਸ਼ਹੀਦ ਹੋਏ ਚਾਰੇ ਫੌਜੀ ਜਵਾਨਾਂ ਦੇ ਅੰਤਿਮ ਸਸਕਾਰ ਸਮੇਂ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੋਏ।
ਹੁਸੈਨੀਵਾਲਾ ਬਾਰਡਰ : ਪਾਕਿ ਦੇ ਇਕ ਰੇਂਜਰ ਨੇ ਤਾਣੀ ਰਾਈਫਲ, ਭਾਰਤੀ ਦਰਸ਼ਕਾਂ ਨੇ ਕੀਤੀ ਨਾਅਰੇਬਾਜ਼ੀ
ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦੇ ਦੌਰਾਨ ਦਿਸਿਆ ਜੰਗ ਵਰਗਾ ਮਾਹੌਲ
ਹੁਸੈਨੀਵਾਲਾ/ਬਿਊਰੋ ਨਿਊਜ਼ : ਪੁਲਵਾਮਾ ਅੱਤਵਾਦੀ ਹਮਲੇ ਦਾ ਅਸਰ ਹੁਸੈਨੀਵਾਲਾ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ‘ਚ ਵੀ ਦੇਖਣ ਨੂੰ ਮਿਲਿਆ। ਅੱਖਾਂ ਦਿਖਾਉਣ, ਸੀਨਾ ਤਾਨਣ ਅਤੇ ਮੁੱਛਾਂ ਨੂੰ ਤਾਅ ਦੇਣ ਵਰਗੇ ਇਸ਼ਾਰਿਆਂ ਤੋਂ ਬਾਅਦ ਪਾਕਿ ਦੇ ਇਕ ਰੇਂਜਰ ਨੇ ਭਾਰਤੀ ਰੇਂਜਰ ਵੱਲ ਰਾਈਫਲ ਤਾਣ ਦਿੱਤੀ। ਇਸ ਤੋਂ ਭਾਰਤੀ ਦਰਸ਼ਕਾਂ ਨੇ ਪਾਕਿਸਤਾਨ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਹੁਸੈਨੀਵਾਲਾ ਬਾਰਡਰ ‘ਤੇ ਸ਼ੁੱਕਰਵਾਰ ਸ਼ਾਮ ਸਾਢੇ ਚਾਰ ਵਜੇ ਸ਼ੁਰੂ ਹੋਈ ਰਿਟ੍ਰੀਟ ਸੈਰੇਮਨੀ ‘ਚ ਭਾਰਤੀ ਰੇਂਜਰਾਂ ਦੇ ਐਕਸ਼ਨ ‘ਚ ਅੱਤਵਾਦ ਖਿਲਾਫ ਗੁੱਸਾ ਸਾਫ਼ ਨਜ਼ਰ ਆ ਰਿਹਾ ਸੀ। ਪਾਕਿ ਰੇਂਜਰ ਵੀ ਕਾਫ਼ੀ ਭੈੜੇ ਐਕਸ਼ਨ ਅਤੇ ਇਸ਼ਾਰੇ ਕਰ ਰਿਹਾ ਸੀ। ਇਕ ਪਾਕਿਸਤਾਨੀ ਰੇਂਜਰ ਨੇ ਗੁੱਸੇ ‘ਚ ਭਾਰਤੀ ਰੇਂਜਰ ਵੱਲ ਰਾਈਫਲ ਤਾਣ ਕੇ ਇਸ਼ਾਰਾ ਕੀਤਾ। ਇਸ ‘ਤੇ ਪਾਕਿਸਤਾਨ ‘ਚ ਬੈਠੇ ਦਰਸ਼ਕਾਂ ਨੇ ਤਾੜੀਆਂ ਅਤੇ ਨਾਅਰੇ ਲਗਾਏ। ਇਸ ਦੇ ਜਵਾਬ ‘ਚ ਭਾਰਤੀ ਦਰਸ਼ਕਾਂ ‘ਚੋਂ ਵੀ ਇਕ ਸਿੱਖ ਨੇ ਖੜ੍ਹੇ ਹੋ ਕੇ ਉਚੀ ਅਵਾਜ਼ ‘ਚ ‘ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ’ ਦਾ ਨਾਅਰਾ ਲਗਾਇਆ। ਇਸ ਨਾਅਰੇ ਤੋਂ ਬਾਅਦ ਪਾਕਿ ਰੇਂਜਰਾਂ ਦੇ ਐਕਸ਼ਨ ਅਤੇ ਇਸ਼ਾਰੇ ਹੋਰ ਵੀ ਜ਼ਿਆਦਾ ਭੈੜੇ ਹੋ ਗਏ। ਇਕ ਪਾਕਿਸਤਾਨੀ ਰੇਂਜਰ ਨੇ ਆਪਣੇ ਦੋਵੇਂ ਹੱਥਾਂ ਨਾਲ ਇਸ ਤਰ੍ਹਾਂ ਇਸ਼ਾਰਾ ਕੀਤਾ ਜਿਸ ਤਰ੍ਹਾਂ ਤਲਵਾਰ ਚਲਾ ਰਿਹਾ ਹੋਵੇ।
ਬਾਜਵਾ ! ਤੂੰ ਪੰਜਾਬ ‘ਚ ਵੜ ਕੇ ਦਿਖਾ, ਤੈਨੂੰ ਦੱਸਾਂਗੇ : ਕੈਪਟਨ ਅਮਰਿੰਦਰ
ਵਿਧਾਨ ਸਭਾ ‘ਚ ਮੁੱਖ ਮੰਤਰੀ ਨੇ ਪਾਕਿ ਸੈਨਾ ਮੁਖੀ ਅਤੇ ਇਮਰਾਨ ਖਾਨ ਨੂੰ ਲਲਕਾਰਿਆ
ਚੰਡੀਗੜ੍ਹ : ਕਿਸੇ ਨੂੰ ਮਾਰਨਾ ਇਕ ਕਾਇਰਾਨਾ ਹਰਕਤ ਹੈ। ਬਾਜਵਾ! ਜੇ ਤੂੰ ਪੰਜਾਬੀ ਏ ਤਾਂ ਅਸੀਂ ਵੀ ਪੰਜਾਬੀ ਹਾਂ, ਤੂੰ ਪੰਜਾਬ ‘ਚ ਵੜ ਕੇ ਦਿਖਾ, ਤੈਨੂੰ ਲਿਟਾ ਦਿਆਂਗੇ।
ਅਜਿਹੇ ਗੁੱਸੇ ਦਾ ਇਜਹਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਕੀਤਾ। ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਵਿਧਾਨ ਸਭਾ ‘ਚ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜਮ ਕੇ ਭੰਡਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਮਰਾਨ ਖਾਨ ਵੀ ਪਾਕਿ ਆਰਮੀ ਚੀਫ਼ ਦੀ ਕਠਪੁਤਲੀ ਹਨ। ਉਹ ਬਾਜਵਾ ਦੇ ਇਸ਼ਾਰੇ ‘ਤੇ ਹੀ ਕੰਮ ਕਰਦੇ ਹਨ। ਇਕ ਪਾਸੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਏ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਯੂਨੀਵਰਸਿਟੀ ਬਣਾਵਾਂਗੇ, ਦੂਜੇ ਪਾਸੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਾਰ ਸੇਵਕ ਸ਼ਹੀਦ ਕਰ ਦਿੱਤੇ। ਹੁਣ ਪਾਕਿਸਤਾਨ ਦਾ ਦੋਗਲਾ ਚਿਹਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਹੁਤ ਹੋ ਚੁੱਕਿਆ ਹੈ, ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਸਦਨ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ
ਪੁਲਵਾਮਾ ‘ਚ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਸਨਮਾਨ ‘ਚ ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੌਰਾਨ ਦੋ ਮਿੰਟ ਦਾ ਮੌਨ ਰੱਖਿਆ ਗਿਆ।
ਇਕ ਸੁਰ ‘ਚ ਬੋਲਿਆ ਭਾਰਤ : ਹੁਣ ਬਦਲਾ ਲਓ
ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਕਾਰਨ ਅੱਤਵਾਦ ਅਤੇ ਪਾਕਿਸਤਾਨ ਖ਼ਿਲਾਫ਼ ਦੇਸ਼ ਭਰ ‘ਚ ਭਾਰੀ ਗੁੱਸਾ ਹੈ। ਲੋਕਾਂ ਨੇ ਕੇਂਦਰ ਸਰਕਾਰ ਤੋਂ ਹੁਣ ਤੱਕ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕੀਤੀ। ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਸਮੇਤ ਦੇਸ਼ ਦੇ ਸਾਰੇ ਸ਼ਹਿਰਾਂ ‘ਚ ਲੋਕ ਸੜਕਾਂ ‘ਤੇ ਉਤਰ ਕੇ ਪਾਕਿਸਤਾਨ ਅਤੇ ਅੱਤਵਾਦ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਭਾਰੀ ਪ੍ਰਦਰਸ਼ਨ : ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ‘ਚ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਅੱਤਵਾਦ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਈ ਥਾਈਂ ਪਾਕਿਸਤਾਨ ਦੇ ਝੰਡੇ ਅਤੇ ਪਾਕਿ ਸਰਕਾਰ ਦੇ ਪੁਤਲੇ ਸਾੜੇ। ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ।ਉੱਤਰ ਪ੍ਰਦੇਸ਼ ‘ਚ ਪਾਕਿ ਦੇ ਰੱਖਿਆ ਮੰਤਰੀ ਦਾ ਸਾੜਿਆ ਪੁਤਲਾ : ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ‘ਚ ਕਈ ਮੁਸਲਿਮ ਭਾਈਚਾਰੇ ਦੇ ਲੋਕ ਸੜਕਾਂ ‘ਤੇ ਉੱਤਰ ਆਏ ਅਤੇ ਉਨ੍ਹਾਂ ਨੇ ਜਾਜਮਊ ਇਲਾਕੇ ‘ਚ ਇਕੱਠੇ ਹੋ ਕੇ ਪਾਕਿਸਤਾਨ ਖ਼ਿਲਾਫ਼ ਨਾਅਰੇ ਲਗਾਏ ਅਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਬਾਜਵਾ ਦਾ ਪੁਤਲਾ ਫੂਕਿਆ। ਇਥੇ ਲੋਕਾਂ ‘ਚ ਏਨਾ ਗੁੱਸਾ ਸੀ ਕਿ ਉਨ੍ਹਾਂ ਨੇ ਇਸ ਪੁਤਲੇ ਨੂੰ ਡਾਂਗਾਂ ਅਤੇ ਜੁੱਤੀਆਂ ਮਾਰੀਆਂ। ਇਸੇ ਤਰ੍ਹਾਂ ਵਾਰਾਨਸੀ ਸ਼ਹਿਰ ‘ਚ ਸਥਾਨਕ ਲੋਕਾਂ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕਰਨ ਲਈ ਸਖ਼ਤ ਕਦਮ ਉਠਾਉਣ ਲਈ ਕਿਹਾ। ਗੰਗਾ ਆਰਤੀ ‘ਤੇ ਛਾਈ ਸ਼ੋਕ ਦੀ ਲਹਿਰ : ਰਾਜਸਥਾਨ ਦੇ ਬੀਕਾਨੇਰ, ਬਿਹਾਰ ‘ਚ ਪਟਨਾ, ਬਨਾਰਸ ਦਸ਼ਾਸ਼ਵਮੇਘ ਘਾਟ, ਭੋਪਾਲ, ਲਖਨਊ, ਦਰਭੰਗਾ, ਇਲਾਹਾਬਾਦ ‘ਚ ਇਸ ਅਤਿ ਦੁਖਦਾਈ ਘਟਨਾ ਦਾ ਅਸਰ ਦੇਖਣ ਨੂੰ ਮਿਲਿਆ। ਵਾਰਾਨਸੀ ਦੇ ਦਸ਼ਾਸ਼ਵਮੇਘ ਘਾਟ ‘ਤੇ ਰੋਜ਼ਾਨਾ ਹੋਣ ਵਾਲੀ ਗੰਗਾ ਆਰਤੀ ‘ਤੇ ਵੀ ਜਵਾਨਾਂ ਦੀ ਸ਼ਹਾਦਤ ‘ਤੇ ਸ਼ੋਕ ਜਤਾਇਆ ਜਾ ਰਿਹਾ ਹੈ। ਆਰਤੀ ‘ਚ ਸ਼ਾਮਿਲ ਲੋਕਾਂ ਨੇ 2 ਮਿੰਟ ਦਾ ਮੌਨ ਰੱਖ ਕੇ ਦੇਸ਼ ਦੇ ਵੀਰ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਪੁਲਵਾਮਾ ਹਮਲਾ
ਪੰਜਾਬ ਦੇ ਸ਼ਹੀਦਾਂ ਨੂੰ ਪ੍ਰਣਾਮ
ਰੋ ਪਿਆ ਪੰਜਾਬ : ਫਿਦਾਇਨ ਹਮਲੇ ‘ਚ ਦੀਨਾਨਗਰ, ਰੋਪੜ, ਤਰਨ ਤਾਰਨ ਅਤੇ ਮੋਗਾ ਦੇ ਚਾਰ ਜਵਾਨ ਸ਼ਹੀਦ, ਪਰਿਵਾਰਾਂ ਨੇ ਕਿਹਾ ਸਾਨੂੰ ਸ਼ਹਾਦਤ ‘ਤੇ ਮਾਣ ਪ੍ਰੰਤੂ ਸਰਕਾਰ ਅਜਿਹੇ ਖੂਨ ਖਰਾਬ ਨੂੰ ਬੰਦ ਕਰਵਾਏ, ਨੌਜਵਾਨਾਂ ਨੂੰ ਇਸ ਤਰ੍ਹਾਂ ਨਾ ਮਰਵਾਓ
ਬੁਝਦਿਲਾਂ ਨੇ ਧੋਖੇ ਨਾਲ ਮਾਰਿਆ ਪੰਜਾਬੀਆਂ ਨੂੰ, ਸਾਹਮਣੇ ਆ ਕੇ ਮੁਕਾਬਲਾ ਕਰਦੇ ਤਾਂ ਕਈਆਂ ਨੂੰ ਮਾਰ ਕੇ ਮਰਦੇ
ਦੀਨਾਨਗਰ : ਪੁਲਵਾਮਾ ‘ਚ ਸ਼ਹੀਦ ਹੋਏ ਦੀਨਾਨਗਰ ਦੇ ਕਾਂਸਟੇਬਲ ਮਨਿੰਦਰ ਸਿੰਘ (31) ਦੇ ਪਿਤਾ ਸਤਪਾਲ ਅੱਤਰੀ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਬੁਝਦਿਲਾਂ ਨੇ ਧੋਖੇ ਨਾਲ ਸ਼ਹੀਦ ਕਰ ਦਿੱਤਾ। ਸਾਹਮਣੇ ਆ ਕੇ ਮੁਕਾਬਲਾ ਕਰਦੇ ਤਾਂ ਚਾਰ-ਪੰਜਾਂ ਨੂੰ ਮਾਰ ਕੇ ਹੀ ਮੇਰਾ ਪੁੱਤਰ ਮਰਦਾ। ਮੇਰਾ ਪੁੱਤਰ ਬਹਾਦਰ ਸੀ। ਸਤਪਾਲ ਨੇ ਰੋਂਦੇ ਹੋਏ ਭਰੇ ਮਨ ਨਾਲ ਭਾਰਤ ਸਰਕਾਰ ਨੂੰ ਕਿਹਾ ਕਿ ਆਪਣੇ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਬੰਦ ਕਰਵਾਏ ਅਜਿਹੇ ਖੂਨ-ਖਰਾਬੇ ਨੂੰ, ਨੌਜਵਾਨ ਬੱਚਿਆਂ ਨੂੰ ਇਸ ਤਰ੍ਹਾਂ ਨਾ ਮਰਵਾਓ। ਆਪਣੇ ਪੁੱਤਰ ਦੇ ਦੁਨੀਆ ਤੋਂ ਤੁਰ ਜਾਣ ਕਾਰਨ ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ, ਇਹ ਨਾ ਸਹਿਨ ਕਰਨ ਵਾਲਾ ਦੁੱਖ ਹੈ ਪ੍ਰੰਤੂ ਸਾਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਬਹੁਤ ਮਾਣ ਵੀ ਹੈ। ਉਸ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬੇਖਬਰ ਅਸੀਂ ਚੈਨ ਦੀ ਨੀਂਦ ਸੌਂ ਰਹੇ ਸੀ ਕਿ ਅੱਧੀ ਰਾਤ ਨੂੰ ਲਗਭਗ 12 ਵਜੇ ਫੋਨ ਆਇਆ, ਅਵਾਜ਼ ਆਈ ਕਿ ਸੀਆਰਪੀਐਫ ਹੈਡਕੁਆਰਟਰ ਤੋਂ ਬੋਲ ਰਿਹਾ ਹਾਂ, ਨਾਮ ਨਹੀਂ ਦੱਸਿਆ ਅਤੇ ਕਿਹਾ ਕਿ ਤੁਹਾਡਾ ਬੇਟਾ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਕੁਝ ਪਲਾਂ ਦੇ ਲਈ ਸੁੰਨ ਹੋਏ ਸਤਪਾਲ ਨੇ ਖੁਦ ਨੂੰ ਸੰਭਾਲਿਆ ਅਤੇ ਪੂਰੀ ਗੱਲ ਨੂੰ ਸੁਣਨ ਤੋਂ ਬਾਅਦ ਆਪਣੀਆਂ ਬੇਟੀਆਂ ਨੂੰ ਫੋਨ ਕਰਕੇ ਦੱਸਿਆ।
ਪਿਤਾ ਨੂੰ ਕਿਹਾ ਸੀ ਮਨਿੰਦਰ ਨੇ ਕਿ ਆਖਰੀ ਚਾਹ ਪੀ ਕੇ ਜਾ ਰਿਹਾ ਹਾਂ : ਪਤਨੀ ਰਾਜ ਕੁਮਾਰੀ ਦੀ 9 ਸਾਲ ਪਹਿਲਾਂ ਮੌਤ ਤੋਂ ਬਾਅਦ ਬੱਚਿਆਂ ਨੂੰ ਸੰਭਾਲ ਰਹੇ ਪਿਤਾ ਸਤਪਾਲ ਅੱਤਰੀ ਨੇ ਦੱਸਿਆ ਕਿ ਘਰ ਆ ਕੇ ਮਨਿੰਦਰ ਅਕਸਰ ਹੀ ਖੁਦ ਚਾਹ ਬਣਾ ਕੇ ਉਨ੍ਹਾਂ ਨੂੰ ਪਿਲਾਉਂਦਾ ਸੀ ਪ੍ਰੰਤੂ ਹਮਲੇ ਤੋਂ ਇਕ ਦਿਨ ਪਹਿਲਾਂ ਡਿਊਟੀ ‘ਤੇ ਰਵਾਨਾ ਹੋਣ ਸਮੇਂ ਉਸ ਨੇ ਪਿਤਾ ਦੇ ਹੱਥਾਂ ਦੀ ਬਣੀ ਹੋਈ ਚਾਹ ਪੀਤੀ ਅਤੇ ਚਾਹ ਪੀਣ ਤੋਂ ਬਾਅਦ ਉਸ ਦੇ ਮੂੰਹੋਂ ਅਚਾਨਕ ਨਿਕਲ ਗਿਆ ਕਿ ਆਖਰੀ ਚਾਹ ਪੀ ਕੇ ਜਾ ਰਿਹਾ ਹਾਂ। ਮਨਿੰਦਰ ਦੇ ਮੂੰਹੋਂ ਨਿਕਲ ਇਹ ਸ਼ਬਦ ਸੱਚ ਹੋ ਗਏ।
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਪੁੱਤ ਦੀ ਸ਼ਹੀਦੀ ਤੋਂ ਬਾਅਦ ਪਾਈ ਉਸ ਦੀ ਵਰਦੀ
ਕੁਲਵਿੰਦਰ ਸਿੰਘ ਦੀ ਕੁੱਝ ਦਿਨ ਪਹਿਲਾਂ ਹੀ ਹੋਈ ਸੀ, ਮੰਗਣੀ, ਨਵੰਬਰ ‘ਚ ਹੋਣਾ ਸੀ ਵਿਆਹ
ਨੂਰਪੁਰ ਬੇਦੀ : ਪਿੰਡ ਰੌਲੀ ਦੇ ਸ਼ਹੀਦ ਕੁਲਵਿੰਦਰ ਸਿੰਘ (28) ਪਰਿਵਾਰ ਦੇ ਇਕੱਲੇ ਹੀ ਚਿਰਾਗ ਸਨ। ਉਸ ਦੀ ਸ਼ਹਾਦਤ ਨਾਲ ਪੂਰਾ ਰੋਪੜ ਰੋ ਪਿਆ। ਕੁਲਵਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ 8 ਨਵੰਬਰ ਨੂੰ ਵਿਆਹ ਹੋਣਾ ਸੀ। ਇਸ ਦੇ ਚਲਦੇ ਹੀ ਉਹ ਆਪਣਾ ਘਰ ਬਣਵਾ ਰਿਹਾ ਸੀ। ਸ਼ਹੀਦ ਕੁਲਵਿੰਦਰ ਸਿੰਘ ਦੇ ਸਰੀਰ ਦੀ ਪਹਿਚਾਣ ਵੀ ਉਨ੍ਹਾਂ ਦੀ ਅੰਗੂਠੀ ਤੋਂ ਹੀ ਹੋਈ। ਕੁਲਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਤੋਂ ਬਾਅਦ ਪਿਤਾ ਦਰਸ਼ਨ ਸਿੰਘ ਨੇ ਪੁੱਤਰ ਦੀ ਵਰਦੀ ਪਹਿਨ ਕੇ ਦੇਸ਼ ਦੇ ਪ੍ਰਤੀ ਜਜਬਾ ਦਿਖਾਇਆ। ਮਾਂ ਅਮਰਜੀਤ ਕੌਰ ਦਾ ਬੁਰਾ ਹਾਲ ਹੈ। ਕੁਲਵਿੰਦਰ ਨੇ ਆਖਰੀ ਵਾਰ 14 ਫਰਵਰੀ ਦੀ ਸਵੇਰੇ ਆਪਣੀ ਮੰਗੇਤਰ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ, 24 ਦਸੰਬਰ 1992 ਨੂੰ ਪੈਦਾ ਹੋਏ ਕੁਲਵਿੰਦਰ ਸਿੰਘ ਨੇ 12ਵੀਂ ਤੋਂ ਬਾਅਦ ਆਈਟੀਆਈ ਕੀਤੀ ਸੀ, 21 ਸਾਲ ਦੀ ਉਮਰ ‘ਚ ਸਿਪਾਹੀ ਭਰਤੀ ਹੋਏ ਸਨ। ਪਿੰਡ ਰੌਲੀ ਦੇ 14 ਜਵਾਨ ਭਾਰਤੀ ਫੌਜ ‘ਚ ਹਨ। ਰਿਟਾਇਰਡ ਸੈਨਿਕਾਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਬਦਲੇ ਲਈ ਆਰਮੀ ਨੂੰ ਫਰੀਹੈਂਡ ਕੀਤਾ ਜਾਵੇ।
ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਮੰਗਿਆ ਕੇਂਦਰ ਸਰਕਾਰ ਤੋਂ ਜਵਾਬ
ਮੋਗਾ : ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸੀਆਰਪੀਐਫ ਦੀ ਬੱਸ ਦੇ ਡਰਾਈਵਰ ਜੈਮਲ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਕਿਹਾ ਕਿ ਉਸ ਨੂੰ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਨਹੀਂ ਚਾਹੀਦੀ ਅਤੇ ਨਾ ਉਸ ਨੂੰ ਪਤੀ ਦੀ ਮੌਤ ਦਾ ਬਦਲਾ। ਬਸ ਕੇਂਦਰ ਸਰਕਾਰ ਉਸ ਨੂੰ ਉਸਦਾ ਪਤੀ ਅਤੇ ਹੋਰ ਪਰਿਵਾਰਾਂ ਦੇ ਨੌਜਵਾਨ ਪੁੱਤਰਾਂ ਨੂੰ ਵਾਪਸ ਕਰ ਦੇਵੇ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਸੁਰਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਵਿਆਹ ਦੇ 16 ਸਾਲ ਬਾਅਦ ਪੁੱਤਰ ਨੇ ਜਨਮ ਲਿਆ ਸੀ, 6 ਸਾਲ ਦੇ ਇਕਲੌਤੇ ਪੁੱਤਰ ਨਾਲ ਉਹ ਦਿਨ ‘ਚ 10-10 ਵਾਰ ਫੋਨ ‘ਤੇ ਗੱਲ ਕਰਦਾ ਸੀ। ਹੁਣ ਆਪਣੇ ਪੁੱਤਰ ਨੂੰ ਕੀ ਜਵਾਬ ਦੇਵਾਂਗੀ..ਉਸ ਨੂੰ ਹੁਣ ਵੀ ਆਪਣੇ ਪਿਤਾ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੰਮੂ-ਕਸ਼ਮੀਰ ‘ਚ ਹੀ ਜਵਾਨ ਕਿਉਂ ਸ਼ਹੀਦ ਹੋ ਰਹੇ ਨੇ। ਅਧਿਕਾਰੀ ਅਤੇ ਮੰਤਰੀ ਕਿਉਂ ਨਹੀਂ ਆਪਣੇ ਸੀਨੇ ‘ਤੇ ਗੋਲੀ ਖਾਂਦੇ। ਮੈਨੂੰ ਇਸ ਦਾ ਉਤਰ ਚਾਹੀਦਾ ਹੈ। ਵੀਰਵਾਰ ਨੂੰ ਜਦੋਂ ਸੀਆਰਪੀਐਫ ‘ਤੇ ਅੱਤਵਾਦੀ ਹਮਲੇ ਦੀ ਖਬਰ ਆਈ ਤਾਂ ਸੁਰਜੀਤ ਕੌਰ ਜਲੰਧਰ ਸੀਆਰਪੀਐਫ ਕੁਆਰਟਰ ‘ਚ ਆਪਣੇ 6 ਸਾਲਾ ਪੁੱਤਰ ਨੂੰ ਪੜ੍ਹਾ ਰਹੀ ਸੀ। ਪਤੀ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਦੇ ਹੀ ਸੱਸ-ਸਹੁਰੇ ਦੇ ਕੋਲ ਮੋਗਾ ਦੇ ਪਿੰਡ ਗਲੋਟੀ ਪਹੁੰਚੀ। ਇਕ ਵਾਰ ਤਾਂ ਉਸ ਦੀ ਸਿਹਤ ਵੀ ਕਾਫ਼ੀ ਖਰਾਬ ਹੋ ਗਈ ਸੀ ਪ੍ਰੰਤੂ ਡਾਕਟਰਾਂ ਨੇ ਸਥਿਤੀ ਨੂੰ ਸੰਭਾਲ ਲਿਆ।
ਸ਼ਹੀਦ ਸੁਖਜਿੰਦਰ ਸਿੰਘ ਦੇ ਪਿਤਾ ਦੀ ਪੁਕਾਰ, ਇੱਟ ਦਾ ਜਵਾਬ ਪੱਥਰ ਨਾਲ ਦੇਵੇ ਸਰਕਾਰ
ਤਰਨ ਤਾਰਨ : ਤਰਨ ਤਾਰਨ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਿੰਡ ਗੰਢੀਵਿੰਡ ਦੇ ਲੋਕਾਂ ‘ਚ ਪਾਕਿਸਤਾਨ ਅਤੇ ਅੱਤਵਾਦੀਆਂ ਦੇ ਖਿਲਾਫ਼ ਬਹੁਤ ਗੁੱਸਾ ਹੈ। ਬੇਟੇ ਦੀ ਮੌਤ ਤੋਂ ਦੁਖੀ ਪਿਤਾ ਗੁਰਮੇਜ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਹੁਣ ਅੱਤਵਾਦੀਆਂ ਨਾਲ ਨਿਪਟਣ ਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਇੱਟ ਦਾ ਜਵਾਬ ਪੱਥਰ ਨਾਲ ਦੇਣ ਨਾਲ ਹੀ ਗੱਲ ਬਣੇਗੀ ਤਾਂ ਕਿ ਭਵਿੱਖ ‘ਚ ਭਾਰਤੀ ਫੌਜ ‘ਤੇ ਹਮਲਾ ਕਰਨ ਵਾਲਿਆਂ ਨੂੰ ਸਬਕ ਮਿਲ ਸਕੇ। ਉਥੇ ਹੀ ਪਿੰਡ ਦੇ ਲੋਕਾਂ ਨੇ ਵੀ ਭਾਰਤ ਸਰਕਾਰ ਤੋਂ ਅੱਤਵਾਦੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਸ਼ਹੀਦ ਦੀ ਪਤਨੀ ਸਰਬਜੀਤ ਕੌਰ ਜੋ ਵੀਰਵਾਰ ਨੂੰ ਹੀ ਆਪਣੇ ਪੇਕੇ 7 ਮਹੀਨੇ ਦੇ ਬੇਟੇ ਗੁਰਜੋਤ ਸਿੰਘ ਦੇ ਨਾਲ ਗਈ ਸੀ। ਘਟਨਾ ਦੇ ਬਾਰੇ ‘ਚ ਜਦੋਂ ਘਰੋਂ ਫੋਨ ਆਇਆ ਤਾਂ ਕਾਫ਼ੀ ਰਾਤ ਹੋ ਚੁੱਕੀ ਸੀ। ਇਸ ਲਈ ਸਹੁਰਾ ਪਰਿਵਾਰ ਸਰਬਜੀਤ ਕੌਰ ਨੂੰ ਸ਼ੁੱਕਰਵਾਰ ਸਵੇਰੇ ਹੀ ਘਰ ਲੈ ਕੇ ਆਏ। ਘਰ ਪਹੁੰਚਣ ‘ਤੇ ਹੀ ਸਰਬਜੀਤ ਕੌਰ ਨੂੰ ਪਤੀ ਦੀ ਸ਼ਹੀਦੀ ਬਾਰੇ ਦੱਸਿਆ ਗਿਆ, ਇਹ ਸੁਣਦੇ ਹੀ ਸਰਬਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਕੁਝ ਸਮੇਂ ਲਈ ਤਾਂ ਉਸ ਦੀਆਂ ਅੱਖਾਂ ਵੀ ਪਥਰਾ ਗਈਆਂ ਸਨ। ਜਦੋਂ ਉਸ ਨੂੰ ਹੋਸ਼ ਆਈ ਤਾਂ ਆਪਣੇ 7 ਮਹੀਨੇ ਦੇ ਪੁੱਤਰ ਨੂੰ ਗੋਦ ‘ਚ ਲਿਆ ਅਤੇ ਲਗਾਤਾਰ ਬਾਹਰ ਵੱਲ ਦੇਖਦੀ ਰਹੀ ਕਿ ਸ਼ਾਇਦ ਉਸ ਦਾ ਪਤੀ ਵਾਪਸ ਆ ਜਾਵੇ।
ਪੁਲਵਾਮਾ ਮੁਕਾਬਲੇ ‘ਚ ਮੇਜਰ ਸਮੇਤ ਪੰਜ ਜਵਾਨ ਸ਼ਹੀਦ
ਇਕ ਆਮ ਨਾਗਰਿਕ ਦੀ ਵੀ ਗਈ ਜਾਨઠ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੋਮਵਾਰ ਨੂੰ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਜਦਕਿ ਮੇਜਰ, ਚਾਰ ਜਵਾਨ ਅਤੇ ਪੁਲਿਸ ਦਾ ਹੈੱਡ ਕਾਂਸਟੇਬਲ ਸ਼ਹੀਦ ਹੋ ਗਏ। ਕਰੀਬ 16 ਘੰਟੇ ਤਕ ਚੱਲੇ ਗਹਿਗੱਚ ਮੁਕਾਬਲੇ ਦੌਰਾਨ ਇਕ ਆਮ ਨਾਗਰਿਕ ਦੀ ਵੀ ਜਾਨ ਚਲੀ ਗਈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਲੈਫ਼ਟੀਨੈਂਟ ਕਰਨਲ, ਡਿਪਟੀ ਆਈਜੀ (ਦੱਖਣੀ ਕਸ਼ਮੀਰ) ਅਮਿਤ ਕੁਮਾਰ, ਬ੍ਰਿਗੇਡੀਅਰ, ਮੇਜਰ ਅਤੇ ਚਾਰ ਹੋਰ ਰੈਂਕਾਂ ਦੇ ਜਵਾਨ ਜਵਾਨ ਜ਼ਖ਼ਮੀ ਹੋ ਗਏ ਹਨ।ਪਿਛਲੇ ਹਫ਼ਤੇ ਜਿਹੜੀ ਥਾਂ ‘ਤੇ ਫਿਦਾਈਨ ਨੇ ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ, ਉਸ ਤੋਂ ਕਰੀਬ 10 ਕਿਲੋਮੀਟਰ ਦੂਰ ਪੁਲਵਾਮਾ ਦੇ ਪਿੰਗਲੇਨਾ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਇਹ ਮੁਕਾਬਲਾ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਹ ਮਿਲਣ ਮਗਰੋਂ ਰਾਤ ਨੂੰ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਦਹਿਸ਼ਤਗਰਦਾਂ ਵੱਲੋਂ ਜਵਾਨਾਂ ‘ਤੇ ਗੋਲੀਆਂ ਚਲਾਏ ਜਾਣ ਮਗਰੋਂ ਮੁਕਾਬਲਾ ਸ਼ੁਰੂ ਹੋਇਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ਵਿਚ ਮੇਜਰ ਵੀ ਐਸ ਢੌਂਡੀਆਲ, ਹਵਲਦਾਰ ਸ਼ਿਓ ਰਾਮ ਅਤੇ ਸਿਪਾਹੀ ਹਰੀ ਸਿੰਘ ਤੇ ਅਜੇ ਕੁਮਾਰ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਹੈੱਡ ਕਾਂਸਟੇਬਲ ਅਬਦੁਲ ਰਸ਼ੀਦ ਸ਼ਹੀਦ ਹੋ ਗਏ। ਜ਼ਖ਼ਮੀ ਹੋਏ ਡੀਆਈਜੀ (ਦੱਖਣੀ ਕਸ਼ਮੀਰ) ਅਮਿਤ ਕੁਮਾਰ ਦੇ ਢਿੱਡ ਅਤੇ ਬ੍ਰਿਗੇਡ ਕਮਾਂਡਰ ਦੀ ਲੱਤ ਵਿਚ ਗੋਲੀਆਂ ਲੱਗੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।ਉਧਰ ਦੂਜੇ ਪਾਸੇ ਪਾਕਿਸਤਾਨ ਨੇ ਸਰਹੱਦੀ ਖੇਤਰਾਂ ਵਿਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਹੈ, ਸਰਹੱਦੀ ਚੌਕੀਆਂ ‘ਤੇ ਚੌਕਸੀ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਹੁਣ ਪੁਲਵਾਮਾ ਹਮਲੇ ਦਾ ਬਦਲਾ ਜ਼ਰੂਰ ਲਵੇਗਾ।
ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਕਾਮਰਾਨ ਹਲਾਕ
ਸ੍ਰੀਨਗਰ : ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਹਮਲੇ ਦੀ ਸਾਜਿਸ਼ ਰਚਣ ਵਾਲੇ ਪਾਕਿਸਤਾਨੀ ਜੈਸ਼ ਅੱਤਵਾਦੀ ਕਾਮਰਾਨ ਉਰਫ ਗਾਜ਼ੀ ਨੂੰ ਪੰਜਵੇਂ ਦਿਨ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਉਹ ਸੀਆਰਪੀਐਫ ‘ਤੇ ਹੋਏ ਹਮਲੇ ਵਾਲੀ ਜਗ੍ਹਾ ਤੋਂ ਸਿਰਫ 10 ਕਿਲੋਮੀਟਰ ਦੂਰ ਪਿੰਡ ਪਿੰਗਲੇਨਾ ਦੇ ਇਕ ਵਿਚ ਲੁਕਿਆ ਹੋਇਆ ਸੀ। ਸੁਰੱਖਿਆ ਬਲਾਂ ਨੇ ਐਤਵਾਰ ਰਾਤ 12 ਵਜੇ ਉਸ ਘਰ ਨੂੰ ਘੇਰ ਲਿਆ। ਖੁਦ ਨੂੰ ਘਿਰਿਆ ਦੇਖ ਕੇ ਕਾਮਰਾਨ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਵਿਚ ਮੇਜਰ ਸਮੇਤ 5 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿਚ ਇਕ ਜੰਮੂ ਕਸ਼ਮੀਰ ਪੁਲਿਸ ਦਾ ਜਵਾਨ ਵੀ ਸ਼ਾਮਲ ਹੈ। ਸੁਰੱਖਿਆ ਬਲਾਂ ਨੇ ਕਾਮਰਾਨ ਨੂੰ ਧਮਾਕੇ ਨਾਲ ਉਡਾਇਆ। ਕਾਮਰਾਨ ਜੈਸ਼ ਏ ਮੁਹੰਮਦ ਦਾ ਖਤਰਨਾਕ ਅੱਤਵਾਦੀ ਸੀ। ਉਸ ਨੇ ਹੀ ਸੀਆਰਪੀਐਫ ਦੇ ਕਾਫਲੇ ‘ਤੇ ਹਮਲੇ ਲਈ ਆਤਮਘਾਤੀ ਆਦਿਲ ਡਾਰ ਨੂੰ ਟ੍ਰੇਨਿੰਗ ਦਿੱਤੀ ਸੀ।

Check Also

ਕਣਕ ਦੀ ਵਿਕਰੀ ਮਗਰੋਂ ਝੋਨੇ ਦੀ ਲਵਾਈ ਦਾ ਸੰਕਟ

ਹਮੀਰ ਸਿੰਘ ਸਰਕਾਰੀ ਨੀਤੀ ਅਤੇ ਜ਼ਮੀਨੀ ਹਕੀਕਤ ਵਿਚ ਅੰਤਰ ਹੋਣ ਕਾਰਨ ਕਣਕ ਦੀ ਵਾਢੀ ਦੌਰਾਨ …