ਤਲਵਿੰਦਰ ਸਿੰਘ ਬੁੱਟਰ
‘ਸ਼ਹੀਦਾਂ ਦੇ ਸਿਰਤਾਜ’ ਅਤੇ ‘ਬਾਣੀ ਕੇ ਬੋਹਿਥ’ ਵਿਸ਼ਾਲ ਅਰਥਾਂ ਵਾਲੇ ਲਕਬ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਦੇ ਮੁਥਾਜ ਹਨ ਪਰ ਗੁਰਮਤਿ ਸੰਗੀਤ ਪਰੰਪਰਾ ਦੇ ਵਿਕਾਸ ਤੇ ਸਥਾਪਤੀ ਵਿਚ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਬਹੁ-ਪੱਖੀ ਤੇ ਸਰਵੋਤਮ ਯੋਗਦਾਨ ਹੈ, ਭਾਰਤੀ ਸ਼ਾਸਤਰੀ ਸੰਗੀਤ ਅਤੇ ਭਗਤੀ ਸੰਗੀਤ ਦੀ ਮੌਲਿਕਤਾ ਤੇ ਵਿਸ਼ੇਸ਼ਤਾ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਦੇਣ ਹੈ, ਉਸ ਨੂੰ ਹਾਲੇ ਤੱਕ ਸਮਝਣ ਦਾ ਯਤਨ ਹੀ ਨਹੀਂ ਕੀਤਾ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ਆਦਿ (ਗੁਰੂ) ਗ੍ਰੰਥ ਸਾਹਿਬ ਦੀ ਰਾਗ ਆਧਾਰਿਤ ਸੰਗੀਤਕ ਸੰਪਾਦਨਾ ਕਰਕੇ ਗੁਰਮਤਿ ਸੰਗੀਤ ਨੂੰ ਬੁਨਿਆਦੀ ਸਿਧਾਂਤ ਅਤੇ ਆਧਾਰ ਪ੍ਰਦਾਨ ਕੀਤਾ, ਉਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਿੱਖੀ ਦੀ ਮੌਲਿਕ ਸੰਗੀਤ ਪਰੰਪਰਾ ਨੂੰ ਮਰਿਯਾਦਾਬੱਧ ਕਾਰਜਸ਼ੀਲਤਾ ਅਤੇ ਸਥਾਈ ਸਥਾਪਤੀ ਵੀ ਬਖ਼ਸ਼ੀ।
ਚੌਥੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਦੇਖ-ਰੇਖ ਅਤੇ ਭਾਈ ਗੁਰਦਾਸ ਜੀ ਦੇ ਸੰਗ-ਸਾਥ ਵਿਚ ਵਿੱਦਿਆ ਹਾਸਲ ਕਰਦਿਆਂ ਹੀ ਭਾਰਤ ਦੀਆਂ ਪ੍ਰਮੁੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ, ਸਿੰਧੀ, ਫ਼ਾਰਸੀ ਆਦਿ ਵਿਚ ਵੀ ਮੁਹਾਰਤ ਹਾਸਲ ਕਰ ਲਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦਰ-ਘਰ ਦੇ ਅਖੁੱਟ ਖਜ਼ਾਨੇ ਵਿਚੋਂ ਗੁਰਮਤਿ ਸੰਗੀਤ ਦੀ ਅਗੰਮੀ ਦਾਤ ਸ਼ਬਦ ਕੀਰਤਨ ਪਰੰਪਰਾ ਦੇ ਰੂਪ ਵਿਚ ਪ੍ਰਾਪਤ ਹੋਈ। ਸੰਨ 1581 ‘ਚ ਗੁਰਗੱਦੀ ਮਿਲਣ ਤੋਂ ਬਾਅਦ ਆਪ ਨੇ ਆਪਣਾ ਨਿਵਾਸ ਰਾਮਦਾਸਪੁਰ (ਅੰਮ੍ਰਿਤਸਰ) ਬਣਾ ਲਿਆ ਜਿੱਥੇ ਸਿੱਖ ਸੰਗਤਾਂ ਦੀ ਆਮਦ ਤੇਜ਼ੀ ਨਾਲ ਵੱਧਣ ਲੱਗੀ। ਇਥੇ ਹੀ ਆਪ ਜੀ ਨੇ ਸਿੱਖਾਂ ਵਿਚ ਸਿੱਖ ਸੰਸਥਾਵਾਂ ਦੀਆਂ ਨਵੀਆਂ ਬੁਨਿਆਦਾਂ ਦੀ ਸਮਝ ਤੇ ਉਨ੍ਹਾਂ ਦੀ ਮਹੱਤਤਾ ਦਾ ਵਿਲੱਖਣ ਰੂਪ ਪੇਸ਼ ਕੀਤਾ, ਜਿਨ੍ਹਾਂ ਵਿਚੋਂ ਗੁਰਮਤਿ ਸੰਗੀਤ ਪਰੰਪਰਾ ਵੀ ਪ੍ਰਮੁੱਖ ਰਹੀ।
ਗੁਰਮਤਿ ਸੰਗੀਤ ਦੇ ਵਿਕਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਆਧਾਰਿਤ ਸੰਪਾਦਨਾ ਬੁਨਿਆਦੀ ਅਤੇ ਅਹਿਮ ਪਹਿਲੂ ਹੈ। ਸੰਨ 1604 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਸਾਹਿਬਾਨ ਦੇ ਸਮਕਾਲੀਨ ਤੇ ਪਹਿਲਾਂ ਹੋਏ ਸੰਤਾਂ, ਭਗਤਾਂ, ਰਬਾਬੀਆਂ, ਭੱਟਾਂ ਅਤੇ ਗੁਰੂ ਸਬੰਧੀਆਂ ਦੀ ਬਾਣੀ ਨੂੰ ਵਿਸ਼ੇਸ਼ ਸੰਪਾਦਨ ਜੁਗਤ ਨਾਲ ਸੰਪਾਦਿਤ ਕੀਤਾ। ਗੁਰੂ ਸਾਹਿਬ ਨੇ ਆਦਿ (ਗੁਰੂ) ਗ੍ਰੰਥ ਸਾਹਿਬ ਦੀ ਰਾਗਾਂ ਆਧਾਰਿਤ ਸੰਪਾਦਨ ਜੁਗਤ ਲਈ 30 ਰਾਗ ਵਰਤੇ। ਗੁਰੂ ਸਾਹਿਬ ਨੇ ਖੁਦ 30 ਰਾਗਾਂ ਅਤੇ 16 ਰਾਗ ਪ੍ਰਕਾਰ, ਵਿਚ ਕੁੱਲ 2218 ਸ਼ਬਦਾਂ ਦੀ ਰਚਨਾ ਕੀਤੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ 31 ਰਾਗਾਂ ‘ਚ ਰਚੀ ਗਈ ਹੈ, ਜਿਨ੍ਹਾਂ ਵਿਚੋਂ 31ਵੇਂ ਰਾਗ ਜੈਜਾਵੰਤੀ ਵਿਚ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦੀ ਸੰਪਾਦਨਾ ਵੇਲੇ ਆਪਣੇ ਹੱਥੀਂ ਦਰਜ ਕੀਤੀ। ਮੁੱਖ 31 ਰਾਗਾਂ ਦੇ ਵੀ ਅੱਗੋਂ 31 ਰਾਗ ਪ੍ਰਕਾਰ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ ਅਤੇ ਉਥੇ ਗੁਰਮਤਿ ਸੰਗੀਤ ਨੂੰ ਸਥਾਈ ਮਰਿਯਾਦਾਬੱਧ ਸਥਾਪਨਾ ਦਿੰਦਿਆਂ ਅਖੰਡ ਕੀਰਤਨ ਦਾ ਪ੍ਰਵਾਹ ਸ਼ੁਰੂ ਕੀਤਾ, ਜੋ ਬੁਨਿਆਦੀ ਰੂਪ ‘ਚ ਅੱਜ ਤੱਕ ਨਿਰੰਤਰ ਜਾਰੀ ਹੈ। ਗੁਰਦੁਆਰਿਆਂ ‘ਚ ਅੰਮ੍ਰਿਤ ਵੇਲੇ (ਲਗਭਗ ਸਵੇਰੇ 4 ਤੋਂ 7 ਵਜੇ ਤੱਕ) ਗਾਇਨ ਕੀਤੀ ਜਾਂਦੀ ਆਸਾ ਦੀ ਵਾਰ ਦੀ ਰੀਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਰੰਭ ਕੀਤੀ ਸੀ। ਇਸ ਦੇ ਨਾਲ ਹੀ ਚਰਨ ਕਮਲ ਦੀ ਚੌਂਕੀ, ਜੋ ਸਵਾ ਪਹਿਰ ਦਿਨ ਚੜ੍ਹੇ ਲੱਗਦੀ ਹੈ ਅਤੇ ਸੋਦਰੁ ਦੀ ਚੌਂਕੀ ਸੰਞ ਵੇਲੇ (ਸੂਰਜ ਡੁੱਬਣ ਵੇਲੇ), ਆਰਤੀ ਦੀ ਚੌਂਕੀ, ਜਿਹੜੀ ‘ਸੋਦਰੁ’ ਦੀ ਚੌਂਕੀ ਤੋਂ ਬਾਅਦ ਅਰਦਾਸ ਉਪਰੰਤ ਲਗਾਈ ਜਾਂਦੀ ਹੈ ਅਤੇ ਕਾਨੜੇ ਜਾਂ ਕਲਿਆਣ ਦੀ ਚੌਂਕੀ, ਜੋ ਚਾਰ ਘੜੀ ਰਾਤ ਬੀਤਣ ‘ਤੇ ਲਗਾਈ ਜਾਂਦੀ ਹੈ ਤੇ ਇਸ ‘ਚ ਕਲਿਆਣ ਰਾਗ ਦੇ ਸ਼ਬਦ ਪੜ੍ਹੇ ਜਾਂਦੇ ਹਨ। ਇਨ੍ਹਾਂ ਰਾਗਾਤਮਕ ਚਾਰ ਕੀਰਤਨ ਚੌਂਕੀਆਂ ਨੂੰ ਸੰਸਥਾਗਤ ਰੂਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਤੇ ਵਿਕਸਿਤ ਕੀਤਾ। ਇਹ ਗੁਰਮਤਿ ਸੰਗੀਤ ਦੀ ਨਿਰੰਤਰ ਸਜੀਵ ਪਰੰਪਰਾ ਵਰਤਮਾਨ ਕਾਲ ਤੱਕ ਹਰੇਕ ਗੁਰੂ-ਘਰ ਵਿਚ ਮਰਿਯਾਦਾ ਸਹਿਤ ਨਿਭਾਈ ਜਾ ਰਹੀ ਹੈ। ਇਹ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਗੁਰਮਤਿ ਸੰਗੀਤ ਨੂੰ ਬਖ਼ਸ਼ੀ ਇਕ ਮੌਲਿਕ ਖੂਬਸੂਰਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸਥਾਪਿਤ ਕੀਤੀ ਕੀਰਤਨ ਮਰਿਯਾਦਾ ਵਿਚ ਸਰਦੀਆਂ ਦੌਰਾਨ ਘੱਟੋ-ਘੱਟ 19 ਘੰਟੇ ਤੇ ਗਰਮੀਆਂ ਵਿਚ 21 ਘੰਟੇ ਗੁਰਬਾਣੀ ਦਾ ਨਿਰੰਤਰ ਕੀਰਤਨ ਹੁੰਦਾ ਹੈ, ਜਿਸ ਦੌਰਾਨ ਕੀਰਤਨੀਆ ਕੋਈ ਵਿਆਖਿਆ ਨਹੀਂ ਕਰ ਸਕਦਾ, ਨਾ ਹੀ ਸਟੇਜਾਂ ਵਾਂਗ ਕੋਈ ਸੂਚਨਾ ਹੀ ਦੇ ਸਕਦਾ ਹੈ। ਇਥੇ ਗੁਰਮਤਿ ਦੇ ਨਿਰਧਾਰਿਤ ਰਾਗਾਂ ਉੱਤੇ ਆਧਾਰਿਤ ਗੁਰਬਾਣੀ ਦੇ ਅਖੰਡ ਕੀਰਤਨ, ਅਰਦਾਸ ਅਤੇ ਮਹਾਂਵਾਕ ਤੋਂ ਬਿਨਾਂ ਕਿਸੇ ਤਰ੍ਹਾਂ ਦੇ ਬਚਨ-ਬਿਲਾਸ ਨਹੀਂ ਕੀਤੇ ਜਾ ਸਕਦੇ। ਦੁਨੀਆ ‘ਚ ਹੋਰ ਕਿਸੇ ਵੀ ਸ਼ਾਸਤਰੀ ਜਾਂ ਭਗਤੀ ਸੰਗੀਤ ਨੂੰ ਇੰਨੀ ਪ੍ਰਧਾਨਤਾ ਅਤੇ ਮੌਲਿਕਤਾ ਨਹੀਂ ਮਿਲੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਜੀ ਦੇ ਹੀ ਦੋ ਸ਼ਾਗਿਰਦ ਭਾਈ ਬਾਦੂ ਤੇ ਦਾਦੂ (ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ‘ਚ ਕੀਰਤਨ ਕਰਦੇ ਸਨ) ਦੇ ਸਪੁੱਤਰ ਭਾਈ ਸੱਤਾ ਤੇ ਬਲਵੰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹਜ਼ੂਰੀ ਰਾਗੀ ਨੀਯਤ ਕੀਤੇ ਗਏ। ਭਾਈ ਸੱਤਾ ਤੇ ਬਲਵੰਡ ਵਲੋਂ ਕੀਰਤਨ ਭੇਟਾ ਥੋੜ੍ਹੀ ਮਿਲਣ ਕਾਰਨ ਰੁੱਸ ਕੇ ਚਲੇ ਜਾਣ ਦੀ ਘਟਨਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਬੰਧ ਨੂੰ ਨਵਾਂ ਮੋੜ ਦਿੱਤਾ। ਭਾਵੇਂਕਿ ਬਾਅਦ ਵਿਚ ਗਲਤੀ ਦਾ ਅਹਿਸਾਸ ਹੋਣ ‘ਤੇ ਭਾਈ ਸੱਤਾ ਤੇ ਬਲਵੰਡ ‘ਬਖਸ਼ੰਦ’ ਗੁਰੂ ਅਰਜਨ ਦੇਵ ਜੀ ਤੋਂ ਮੁਆਫ਼ੀ ਮੰਗ ਕੇ ਫੇਰ ਗੁਰੂ-ਦਰਬਾਰ ਵਿਚ ਆ ਗਏ ਅਤੇ ਗੁਰੂ-ਉਸਤਤਿ ਹਿਤ ‘ਰਾਮਕਲੀ ਕੀ ਵਾਰ’ ਉਚਾਰਨ ਕੀਤੀ। ਪਰ ਇਸ ਘਟਨਾ ਤੋਂ ਬਾਅਦ ਗੁਰਮਤਿ ਸੰਗੀਤ ਤੇ ਕੀਰਤਨ ਪਰੰਪਰਾ ਦਾ ਸੰਕਲਪ ਤੇ ਮਨੋਰਥ ਬੜੇ ਨਿਰਾਲੇ ਤੇ ਨਾਯਾਬ ਰੂਪ ‘ਚ ਸਾਹਮਣੇ ਆਇਆ, ਜਿਸ ਤੋਂ ਸਪੱਸ਼ਟ ਹੋਇਆ ਕਿ ਗੁਰਬਾਣੀ ਕੀਰਤਨ ਨਿਰੋਲ ਬ੍ਰਹਮ ਕੇਂਦਰਤ ਹੈ। ਇਹ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਸਾਧਨ ਹੈ। ਕੀਰਤਨ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਧੁਰ ਕੀ ਬਾਣੀ’ ਦੇ ਗੁਹਜ ਅਰਥ ਭਾਵ ਪ੍ਰਗਟਾਉਣਾ ਹੈ। ਇਹ ਗਾ ਕੇ ਪੈਸੇ ਕਮਾਉਣ ਵਾਲੀ ਕੋਈ ਆਮ ਰਾਗ ਵਿੱਦਿਆ ਨਹੀਂ, ਸਗੋਂ ਪਰਮਾਤਮਾ ਦੇ ਭਗਤਾਂ ਦਾ ਇਸ਼ਕ ਹੈ, ਇਬਾਦਤ ਹੈ।
ਭਾਈ ਸੱਤਾ ਤੇ ਬਲਵੰਡ ਦੇ ਰੁੱਸ ਕੇ ਚਲੇ ਜਾਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਆਪੂੰ ਸਰੰਦਾ ਪਕੜ ਕੀਰਤਨ ਕਰਨ ਲੱਗ ਪਏ ਤੇ ਸੰਗਤਾਂ ਨਾਲ ਰਲ ਪਈਆਂ। ਆਪ ਜੀ ਨੇ ਗੁਰਮਤਿ ਸੰਗੀਤ ਗਾਇਨ ਨੂੰ ਕਿਸੇ ਵਿਸ਼ੇਸ਼ ਸ਼੍ਰੇਣੀ ਲਈ ਰਾਖ਼ਵਾਂ ਰੱਖਣ ਦੀ ਥਾਂ ਆਮ ਸਿੱਖਾਂ ਨੂੰ ਵੀ ਕੀਰਤਨ ਕਰਨ ਵੱਲ ਉਤਸ਼ਾਹਿਤ ਕਰਦਿਆਂ ਖੁਦ ਕੀਰਤਨ ਸਿਖਾਉਣਾ ਸ਼ੁਰੂ ਕੀਤਾ। ਇਸ ਸੁਚੇਤ ਯਤਨ ਅਧੀਨ ਸਿੱਖ ਸੰਗਤਾਂ ਵਿਚ ਕੀਰਤਨ ਗਾਇਨ, ਸਾਜ਼ਾਂ ਦੀ ਸਿਖਲਾਈ ਅਤੇ ਕੀਰਤਨ ਗਾਇਨ ਦੇ ਲੋਕ ਸੰਗੀਤਕ ਪ੍ਰਵਾਹ ਦਾ ਆਗਾਜ਼ ਹੋਇਆ।
ਗੁਰਮਤਿ ਸੰਗੀਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਜੀਆਂ ਸੰਗੀਤਕ ਕਲਾਵਾਂ ਵਾਂਗ ਸਿਰਫ਼ ਕਲਾਕਾਰਾਂ ਦੇ ਗਾਉਣ ਅਤੇ ਸਰੋਤਿਆਂ ਦੇ ਕੰਨ ਰਸ ਤੱਕ ਸੀਮਤ ਨਹੀਂ ਰਹਿਣ ਦਿੱਤਾ ਸਗੋਂ ਗੁਰਮਤਿ ਸੰਗੀਤ ਨੂੰ ‘ਕੀਰਤਨ ਨਿਰਮੋਲਕ ਹੀਰਾ’ ਆਖ ਕੇ ਅਨੂਠੀ ਤੇ ਅਗੰਮੀ ਨੁਹਾਰ ਦਿੱਤੀ। ਪੰਚਮ ਪਾਤਸ਼ਾਹ ਨੇ ਆਪਣੇ ਸਿੱਖ ਕੀਰਤਨਕਾਰਾਂ ਨੂੰ ਸੁਚੇਤ ਰੂਪ ‘ਚ ਇਹ ਵੀ ਸੰਦੇਸ਼ ਦਿੱਤਾ ਕਿ ਗੁਰਬਾਣੀ ਕੀਰਤਨ ਕਲਾ ਦਾ ਮਨੋਰਥ ਇੱਛਾਵਾਂ ਦੀ ਪੂਰਤੀ ਨਹੀਂ ਸਗੋਂ ਸ੍ਰਿਸ਼ਟੀ ਦੇ ਕਰਤਾ ਵਾਹਿਗੁਰੂ ਦੀ ਸਿਫ਼ਤ-ਸਲਾਹ ਕਰਨਾ ਹੈ।
ਇਸੇ ਮਨੋਰਥ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਨਾਰਾਇਣ ਦਾਸ, ਭਾਈ ਉਗਰਸੈਨ, ਭਾਈ ਮੁਕੰਦ, ਭਾਈ ਰੁਲਾ, ਭਾਈ ਦੀਪਾ, ਭਾਈ ਝਾਜੂ, ਭਾਈ ਕੇਦਾਰਾ ਆਦਿ ਨਿਸ਼ਕਾਮ ਕੀਰਤਨੀਏ ਸਿੱਖ ਪੰਥ ਨੂੰ ਦਿੱਤੇ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ, ਇਕ ਵਾਰ ਭਾਈ ਝਾਜੂ, ਭਾਈ ਮੁਕੰਦਾ, ਭਾਈ ਕੇਦਾਰਾ ਅਤੇ ਕਲਿਆਨਾ ਜੀ ਨੇ ਜਦ ਗੁਰੂ ਜੀ ਕੋਲੋਂ ਪੁੱਛਿਆ ਕਿ ਉਨ੍ਹਾਂ ਦਾ ਉਧਾਰ ਕਿਵੇਂ ਹੋਵੇਗਾ ਤਾਂ ਮਹਾਰਾਜ ਨੇ ਫ਼ਰਮਾਇਆ : ਰਾਗਾਂ ਦੀ ਤੁਹਾਨੂੰ ਸੂਝ ਹੈ। ਕੀਰਤਨ ਕਰਿਆ ਕਰੋ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ਆਪਣੀ ਬਾਣੀ ‘ਚ ਰਾਗ ਵਿਸ਼ੇਸ਼ ਦੀ ਵਰਤੋਂ ਕਰਕੇ ਇਨ੍ਹਾਂ ਰਾਗਾਂ ਦੇ ਮਹੱਤਵ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋਂ ਪ੍ਰਕਾਸ਼ਮਾਨ ਕੀਤਾ, ਉਥੇ ਬਾਣੀ ‘ਚ ‘ਕਲਜੁਗ ਮਹਿ ਕੀਰਤਨੁ ਪਰਧਾਨਾ’, ‘ਭਲੋ ਭਲੋ ਰੇ ਕੀਰਤਨੀਆ’, ‘ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ’ ਅਤੇ ‘ ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ’ ਆਦਿ ਸ਼ਬਦਾਂ ਰਾਹੀਂ ਕੀਰਤਨ ਦੀ ਮਹਾਨਤਾ ਨੂੰ ਵੀ ਉਜਾਗਰ ਕੀਤਾ। ਗੁਰਮਤਿ ਸੰਗੀਤ ‘ਚ ਤੰਤੀ ਸਾਜ਼ ਵਿਸ਼ੇਸ਼ ਮਹੱਤਤਾ ਦੇ ਧਾਰਨੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਲਈ ‘ਰਬਾਬ’ ਸਾਜ਼ ਚੁਣਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇ ਘਰ ਦੀ ਸੰਗੀਤਕ ਪਰੰਪਰਾ ਨੂੰ ਨਵੀਆਂ ਛੋਹਾਂ ਦਿੰਦਿਆਂ ਨਵਾਂ ਤੰਤੀ ਸਾਜ਼ ‘ਸਰੰਦਾ’ ਈਜਾਦ ਕੀਤਾ। ਭਾਈ ਕਾਨ੍ਹ ਸਿੰਘ ਨਾਭਾ ‘ਸਰੰਦਾ’ ਬਾਰੇ ਮਹਾਨ ਕੋਸ਼ ‘ਚ ਲਿਖਦੇ ਹਨ, ”(ਇਹ) ਉੱਤਮ ਸ੍ਵਰ ਦੇਣ ਵਾਲਾ ਤਾਰਦਾਰ ਸਾਜ, ਜੋ ਗਜ ਨਾਲ ਵਜਾਈਦਾ ਹੈ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਤਜਵੀਜ ਨਾਲ ਬਣਵਾਕੇ ਸਿੱਖ ਰਾਗੀਆਂ ਨੂੰ ਬਖ਼ਸ਼ਿਆ ਅਤੇ ਵਜਾਉਣਾ ਸਿਖਾਇਆ।” ਕਈ ਪੁਰਾਤਨ ਸਾਖ਼ੀਆਂ ਵਿਚ ਇਹ ਵੀ ਜ਼ਿਕਰ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਆਦਿ (ਗੁਰੂ) ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਭਾਈ ਮੋਹਨ ਜੀ ਕੋਲੋਂ ਗੋਇੰਦਵਾਲ ਸਾਹਿਬ ਵਿਖੇ ਪੂਰਬਲੇ ਗੁਰੂ ਸਾਹਿਬਾਨ ਦੀ ਬਾਣੀ ਦੀਆਂ ਪੋਥੀਆਂ ਲੈਣ ਗਏ ਤਾਂ ਉਨ੍ਹਾਂ ਉਥੇ ਸਰੰਦੇ ਨਾਲ ਅਗੰਮੀ ਕੀਰਤਨ ਵੀ ਕੀਤਾ। ਪ੍ਰਸਿੱਧ ਗੁਰਮਤਿ ਸੰਗੀਤ ਸ਼ਾਸਤਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਅਨੁਸਾਰ, ਰਾਗ ਦੇ ਅਮੂਰਤ ਸਰੂਪ ਨੂੰ ਗੁਰਮਤਿ ਅਨੁਸਾਰ ‘ਧਿਆਨ’ ਰੂਪ ਵਿਚ ਵਰਣਿਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਸੰਗੀਤ ਦੀ ਰਾਗ ਧਿਆਨ ਪਰੰਪਰਾ ਨੂੰ ਵੀ ਨਵੀਂ ਦਿਸ਼ਾ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਵੱਖ-ਵੱਖ ਬਾਣੀ ਰੂਪਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਸਨਾਤਨੀ ਅਤੇ ਦੇਸੀ ਕਾਵਿ ਵਿਵਿਧਤਾ ਅਨੁਸਾਰ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਇਹ ਸਨਾਤਨੀ ਅਤੇ ਦੇਸੀ ਕਾਵਿ ਸ਼ਬਦ ਕੀਰਤਨ ਗਾਇਨ ਵਜੋਂ ਗੁਰਮਤਿ ਸੰਗੀਤ ਦੀਆਂ ਸ਼ਾਸਤਰੀ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਾਸਤੇ ਅਸ਼ਟਪਦੀ, ਪਦੇ, ਪੜਤਾਲ ਆਦਿ ਸਨਾਤਨੀ ਬਾਣੀ ਰੂਪ/ ਗਾਇਨ ਰੂਪ ਅਤੇ ਵਾਰਾਂ, ਛੰਤ, ਘੋੜੀਆਂ, ਅਲਾਹੁਣੀਆਂ ਆਦਿ ਲੋਕ ਬਾਣੀ ਰੂਪ/ਗਾਇਨ ਰੂਪਾਂ ਦੀ ਵਰਤੋਂ ਕੀਤੀ, ਜੋ ਗੁਰਮਤਿ ਸੰਗੀਤ ਦੀ ਖੂਬਸੂਰਤੀ ਦਾ ਇਕ ਨਿਵੇਕਲਾ ਰੂਪ ਹਨ। ਉਕਤ ਬਾਣੀ ਰੂਪਾਂ ਵਿਚੋਂ ਪੜਤਾਲ ਸ਼ਾਸਤਰੀ ਅੰਗ ਦੀ ਨਿਵੇਕਲੀ ਗਾਇਨ ਸ਼ੈਲੀ ਹੈ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਪ੍ਰਗਟ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇਕੋ-ਇਕ ਧਾਰਮਿਕ ਗ੍ਰੰਥ ਹੈ, ਜਿਸ ਦੀ ਸੰਪਾਦਨਾ ਰਾਗ ਆਧਾਰਿਤ ਖੂਬਸੂਰਤੀ ਦੀ ਲਖਾਇਕ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਆਧਾਰਿਤ ਕੀਤੀ ਸੰਪਾਦਨਾ ਅਤੇ ਗੁਰਮਤਿ ਸੰਗੀਤ ਪਰੰਪਰਾ ਦੀ ਸਥਾਈ ਤੇ ਮਰਿਯਾਦਾਬੱਧ ਰੂਪ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸਥਾਪਤੀ, ਸਮੁੱਚੇ ਗੁਰਮਤਿ ਸੰਗੀਤ ਦੇ ਵਿਕਾਸ ਅਤੇ ਸਥਾਪਤੀ ਲਈ ਸਦੀਵੀ, ਮੌਲਿਕ ਅਤੇ ਮਹਾਨ ਦੇਣ ਹੈ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …