ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ
ਇਹ ਉਹ ਦੌਰ ਸੀ ਜਦੋਂ ਖਾੜਕੂ ਲਹਿਰ ਦੀ ਹਨ੍ਹੇਰੀ ਵੀ ਚੱਲ ਰਹੀ ਸੀ ਅਤੇ ਸਾਡੇ ‘ਤੇ ਵੀ ਜਵਾਨੀ ਚੜ੍ਹੀ ਹੋਈ ਸੀ। ਆਮ ਬਹੁ ਗਿਣਤੀ ਪੇਂਡੂ ਜੱਟ ਸਿੱਖ ਮੁੰਡਿਆਂ ਦੇ ਉਲਟ ਅਸੀਂ ਕਾਲੀ ਹਨ੍ਹੇਰੀ ਵਿੱਚ ਤਰਕਸ਼ੀਲਤਾ ਦਾ ਦੀਵਾ ਜਗਾਉਣ ਲੱਗੇ ਹੋਏ ਸੀ। ਉਸ ਸਮੇਂ ਤਰਕਸ਼ੀਲ ਸੁਸਾਇਟੀ ਲੋਕਾਂ ਵਿੱਚ ਵਿਗਿਆਨਕ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਭਾਰਤੀ ਜਨ ਵਿਗਿਆਨ ਲਹਿਰ ਦਾ ਸਮਰਥਨ ਕਰ ਰਹੀ ਸੀ। ਅਸੀਂ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਮੁਹੱਲੇ-ਮੁਹੱਲੇ, ਗਲੀ-ਗਲੀ, ਘਰ-ਘਰ ਜਾ ਕੇ ਲੋਕਾਂ ਨੂੰ ਵਿਗਿਆਨਕ ਸੋਚ ਤੋਂ ਜਾਣੂ ਕਰਵਾਉਣ ਲਈ ਵਿਗਿਆਨਕ ਤੱਥਾਂ ਨੂੰ ਪੇਸ਼ ਕਰਦੇ, ਅੰਧ ਵਿਸ਼ਵਾਸਾਂ, ਵਹਿਮਾਂ-ਭਰਮਾਂ ਦੇ ਖਿਲਾਫ ਲੜਾਈ ਲੜਦੇ, ਵਿਗਿਆਨਕ ਮੇਲੇ ਕਰਵਾਉਂਦੇ, ਨੁੱਕੜ ਨਾਟਕ ਕਰਦੇ, ਗੀਤ ਗਾਉਂਦੇ, ਜਾਦੂ ਦਿਖਾਉਂਦੇ, ਪ੍ਰਦਰਸ਼ਨੀਆਂ ਲਗਾਉਂਦੇ, ਵਿਗਿਆਨਕ ਸਾਹਿਤ ਵੇਚ ਕੇ ਇੱਕ ਤਰ੍ਹਾਂ ਨਾਲ ਸਿਆਣਪ ਫੈਲਾਉਣ ਲਈ ਕਮਲੇ ਹੋਏ ਤੁਰੇ ਫਿਰਦੇ ਸੀ। ਭਾਰਤੀ ਜਨ ਵਿਗਿਆਨ ਜੱਥਿਆਂ ਵਿੱਚ ਡਾ ਪਿਆਰਾ ਲਾਲ ਗਰਗ, ਡਾ ਅਮਰ ਆਜ਼ਾਦ, ਡਾ ਪ੍ਰੇਮ ਖੋਸਲਾ, ਡਾ ਹਰਚਰਨ ਸਿੰਘ, ਪ੍ਰੋਫੈਸਰ ਹਰਜਿੰਦਰ ਲਾਲਟੂ ਅਤੇ ਇੰਜੀਨੀਅਰ ਆਰ ਐਸ ਗਿੱਲ ਵਰਗੇ ਸਰਗਰਮ ਸਨ। ਚੰਡੀਗੜ੍ਹ ਸ਼ਾਇਦ ਪਾਲ ਸਿੰਘ ਢਿੱਲੋਂ ਦੇ ਘਰ ਇੱਕ ਮੀਟਿੰਗ ਸੀ ਜਿਸ ਵਿੱਚ ਸਲਾਹ ਹੋਈ ਮਾਲਵੇ ਵਿੱਚ ਬਰਨਾਲਾ-ਮੋਗਾ ਰੋਡ ‘ਤੇ ਪੈਂਦੇ ਪਿੰਡ ਬਿਲਾਸਪੁਰ ਜਾਇਆ ਜਾਵੇ ਅਤੇ ਉੱਥੇ ਜਨ ਵਿਗਿਆਨ ਜੱਥੇ ਦੇ ਪੜਾਅ ਦੀ ਤਿਆਰੀ ਵਜੋਂ ਡਾ. ਧਰਮਵੀਰ ਗਾਂਧੀ ਨੂੰ ਮਿਲਿਆ ਜਾਵੇ ਜੋ ਉੱਥੇ ਸਥਾਨਕ ਪੇਂਡੂ ਡਿਸਪੈਂਸਰੀ ਵਿੱਚ ਡਾਕਟਰ ਸਨ।
ਲਓ ਜੀ ਪਹੁੰਚ ਗਏ, ਬਿਲਾਸਪੁਰ ਦੀ ਪੇਂਡੂ ਡਿਸਪੈਂਸਰੀ ਵਿੱਚ ਭੱਲ ਸਰਦੀਆਂ ਦੀ ਧੁੰਦ ਭਰੀ ਸਵੇਰ ਦੇ ਨੌਂ ਵੱਜੇ ਸਨ ਪਰ ਅਜੇ ਸੂਰਜ ਦੇਵਤਾ ਨੇ ਕਿਰਨਾਂ ਘਰੇ ਹੀ ਲੁੱਕਾ ਰੱਖੀਆਂ ਸਨ। ਮੂੰਹ ਖੋਲ੍ਹਣ ਤੋਂ ਡਰਦੇ ਸੀ ਕਿਤੇ ਮੂੰਹ ਵਿੱਚੋਂ ਨਿਕਲੇ ਧੂੰਏ ਨਾਲ ਧੁੰਦ ਨਾ ਵਧ ਜਾਵੇ। ਧੁੰਦਲੀ ਹੀ ਯਾਦ ਹੈ, ਬੰਦਾ ਪੁੱਛਦਾ ਪੁਛਾਉਂਦਾ ਗਿਆ, ਪੁੱਛਿਆ ਡਾਕਟਰ ਸਾਹਿਬ ਜੀ ਕਿੱਥੇ ਮਿਲਣਗੇ। ਹਰ ਕੋਈ ਕਹਿ ਦੇਵੇ, ਇੱਥੇ ਹੀ ਹਨ। ਸਧਾਰਣ ਜਿਹੀ ਬਿਲਡਿੰਗ, ਆਸੇ ਪਾਸੇ ਕੋਈ ਹਸਪਤਾਲਾਂ ਵਾਲੇ ਬੈੱਡ ਨਹੀਂ, ਬਾਹਰ ਹੀ ਦੇਸੀ ਮੰਜਿਆਂ ਉੱਪਰ ਰੰਗ ਬਰੰਗੀਆਂ ਲੇਫ ਤਲਾਈਆਂ ਵਿੱਚ ਮਰੀਜ਼ ਪਏ ਸਨ। ਕਿਸੇ ਦੇ ਬਾਂਹ ‘ਤੇ ਡਰਿੱਪ ਲੱਗੀ ਹੋਈ ਹੈ, ਡਰਿੱਪ ਕਿਸੇ ਸਟੈਂਡ ‘ਤੇ ਨਹੀਂ ਨਾਲ ਖੜ੍ਹੇ ਮੰਜੇ ਨਾਲ ਹੀ ਲਟਕਦੀ ਹੈ। ਕੋਈ ਖੇਸ ਦੀ ਬੁੱਕਲ ਮਾਰੀ ਬੈਠਾ ਉਂਘ ਰਿਹਾ ਹੈ। ઠਸਮਝ ਨਹੀਂ ਆਉਂਦੀ ਕਿ ਕਿਸ ਨਾਲ ਗੱਲ ਕਰੀਏ। ਇੱਕ ਬੰਦਾ ਰਜਾਈ ਜਿਹੀ ਲੈ ਕੇ ਤੁਰਿਆ ਫਿਰਦਾ ਹੈ। ਕਿਸੇ ਇਸ਼ਾਰਾ ਕੀਤਾ ਇਹ ਡਾਕਟਰ ਹੈ। ਯਕੀਨ ਨਹੀਂ ਆਇਆ ।ਡਾਕਟਰ ਸੂਟਡ ਬੂਟਡ, ਪੈਂਟਾਂ ਕੋਟਾਂ ਵਾਲੇ, ઠਟਾਈ ਰੁਮਾਲਾਂ ਨਾਲ, ਗਹਿਣੇ ਵਾਂਗ ਗਲ ਵਿੱਚ ਸਟੈਥੋਸਕੋਪ ਲਟਕਾਉਣ ਵਾਲੇ ਹੁੰਦੇ ਹਨ। ਇਸ ਨੇ ਤਾਂ ਸਟੈਥੋ ਹੱਥ ਵਿੱਚ ਗੁੱਛਾ ਮੁੱਛਾ ਕਰਕੇ ਫੜੀ ਹੋਈ ਸੀ। ਹੁਣ ਕੀ ਹਾਲ ਬਾਬਾ? ਕਿਵੇ ਆ ਬੇਬੇ ਪੁੱਛਦਾ ਸੀ? ਡਾਕਟਰ ਤਾਂ ਚੁੱਪ ਰਹਿੰਦੇ ਹਨ, ਪੁੱਛਣ ‘ਤੇ ਵੀ ਕੁਝ ਨਹੀਂ ਦੱਸਦੇ, ਇਹ ਤਾਂ ਬੋਲੀ ਹੀ ਜਾਂਦਾ ਹੈ।
ਇਹ ਦਵਾਈ ਬੋਲੀ ਜਾਂਦਾ ਸੀ ਕਦੇ ਕਦੇ ਲਿਖਦਾ ਸੀ, ਨਾਲ ਮੁੰਡਾ ਤੁਰਿਆ ਫਿਰਦਾ ਸੀ ਸ਼ਾਇਦ ਫਾਰਮਾਸਿਸਟ ਸੀ। ਝਕਦੇ-ਝਕਦੇ ਆਪਣੇ ਆਉਣ ਦਾ ਮੰਤਵ ਦੱਸਿਆ। ਹਾਂ! ਹਾਂ! ਆਪਾਂ ਕਰਾਂਗੇ ਪ੍ਰੋਗਰਾਮ, ਮੈਂ ਬੁਲਾਏ ਨੇ ਬੰਦੇ, ਕਰਦੇ ਆ ਗੱਲ, ਬੜੀ ਲੋੜ ਹੈ ਲੋਕਾਂ ਵਿੱਚ ਅਵੇਅਰਨੈੱਸ ਕ੍ਰੀਏਟ ਕਰਨ ਦੀ, ਅੱਧੀਆਂ ਬਿਮਾਰੀਆਂ ਤਾਂ ਵੈਸੇ ਹੀ ਠੀਕ ਹੋ ਜਾਣ ਜੇ ਸਹੀ ਜਾਣਕਾਰੀ ਹੋਵੇ, ਕੋਈ ਸਹੀ ਜਾਣਕਾਰੀ ਦਿੰਦਾ ਹੀ ਨਹੀਂ, ਲੋਕਾਂ ਨੂੰ ਲੱਗਦਾ ਵੀ ਬੰਦਾ ਬੋਤਲ ਨਾਲ ਠੀਕ ਹੋ ਜਾਂਦਾ ਹੈ, ਬੋਤਲ ਕੀ ਹੁੰਦੀ ਹੈ ਲੂਣ ਮਿੱਠੇ ਵਾਲਾ ਪਾਣੀ, ਬੋਤਲ ਦੀ ਦੀ ਲੋੜ ਤਾਂ ਕਿਸੇ ਕਿਸੇ ਨੂੰ ਹੁੰਦੀ ਹੈ, ਸਾਰਾ ਢਾਂਚਾ ਭ੍ਰਿਸ਼ਟਿਆ ਪਿਆ ਸਰਮਾਏਦਾਰੀ ਦੌਰ ਵਿੱਚ ਮੁਨਾਫ਼ੇ ਦੀ ਅੰਨ੍ਹੀ ਦੌੜ ਬੰਦੇ ਦਾ ਖੂਨ ਚੂਸ ਰਹੀ ਹੈ । ਉਹ ਨਾਨ ਸਟਾਪ ਬੋਲੀ ਜਾ ਰਿਹਾ ਸੀ। ਵਿੱਚੋਂ ਕਿਸੇ ਮਰੀਜ਼ ਨੇ ਕੁਝ ਪੁੱਛਿਆ ਹਾਂ, ਹਾਂ, ਪੀ ਜੀ ਆਈ ਲੈਜੋ, ਮੈਂ ਲਿਖ ਦਿੰਦਾ ਹਾਂ, ਇੱਥੇ ਇਲਾਜ ਨਹੀਂ ਹੈ ,ਉੱਥੇ ਹੈ, ਛੋਟਾ ਜਿਹਾ ਆਪ੍ਰੇਸ਼ਨ ਹੈ ਪਰ ਕਰਾਉਣਾ ਪਊ । ਸਿੱਧੇ ਚੰਡੀਗੜ੍ਹ ਜਾਓ। ਬਹੁਤਾ ਪੈਸਾ ਨਹੀਂ ਲੱਗਣਾ ਪੀ ਜੀ ਆਈ ਵੱਡਾ ਸਰਕਾਰੀ ਹਸਪਤਾਲ ਹੈ। ਉੱਥੇ ਜਾਓ। ਮਰੀਜ਼ ਦਾ ਤਿਮਾਰਦਾਰ ਪੁੱਛਦਾ ‘ਕੁਝ ਦਿਨ ਠਹਿਰ ਕੇ ਨਹੀਂ ਲਿਜਾ ਸਕਦੇ ਧੁੰਦਾਂ ਬੜੀਆਂ ਨੇ,’ ‘ਨਹੀਂ, ਬੰਦਾ ਮਾਰਨਾਂ ਹੈ ਤੁਸੀਂ’ ਤੀਮਾਰਦਾਰ ਕਹਿੰਦਾ ‘ਸੱਤ ਬੱਚਨ ਹੁਣੇ ਲੈ ਜਾਂਦੇ” ਹੁਣ ਮੈਨੂੰ ਸਮਝ ਨਹੀਂ ਲੱਗਦੀ ਇਹ ਡਾਕਟਰ ਹੈ ਕਿ ਸਰਪੰਚ । ਮਹੀਨੇ ਬਾਅਦ ਨੇੜੇ ਦੇ ਪਿੰਡ ਭੋਤਨੇ (ਚਰਨਜੀਤ ਦੇ ਪੇਕੇ, ਮੇਰੇ ਸਹੁਰੇ) ਪ੍ਰੋਗਰਾਮ ਹੋਇਆ ਇਥੇ ਡਾਕਟਰ ਗਾਂਧੀ ਵਿਗਿਆਨ, ਅੰਧ ਵਿਸ਼ਵਾਸਾਂ, ਮੁਨਾਫਾ, ਸਰਮਾਏਦਾਰੀ ਤੇ ਖੁੱਲ੍ਹਕੇ ਪੇਂਡੂ ਭਾਸ਼ਾ ਵਿੱਚ ਬੋਲਿਆ। ਮੈਨੂੰ ਨੁੱਕਰ ਨਾਟਕ, ਗੀਤ ਕੋਰੀਓਗ੍ਰਾਫੀ ਤੋਂ ਵੀ ਵੱਧ ਦਿਲਚਸਪ ਲੱਗਿਆ ।ਬਹੁਤ ਲੋਕ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ ਪਰ ਇੰਨੀ ਕਮਿਟਮੈਂਟ ਇੰਨਾ ਜਨੂੰਨ! ਤੋਬਾ! ਤੋਬਾ!!
ਡਾਕਟਰ ਗਾਂਧੀ ਐੱਮ ਡੀ ਕਾਰਨ ਪਟਿਆਲੇ ਆ ਗਏ। ਇੱਥੇ ਹੀ ਨੌਕਰੀ ਕਰਨ ਲੱਗੇ ਸ਼ਾਇਦ ਇਸ ਦੇ ਪਿੱਛੇ ਪਿੰਡਾਂ ਵਿੱਚ ਖਾੜਕੂ ਟੋਲਿਆਂ ਦੀ ਫੈਲਾਈ ਦਹਿਸ਼ਤਗਰਦੀ ਦਾ ਵੀ ਹੱਥ ਹੋਵੇ । ਹਰ ਵੇਲੇ ਮਰੀਜ਼ਾਂ ਨੂੰ ਦੇਖਣ ਵਿੱਚ ਜੁੱਟੇ ਰਹਿੰਦੇ ।ਬਠਿੰਡਾ, ਬਰਨਾਲਾ, ਮੋਗੇ ਦੇ ਮਰੀਜ਼ ਵਹੀਰਾਂ ਘੱਤ ਕੇ ਰਜਿੰਦਰਾ ਹਸਪਤਾਲ ਆਉਣ ਲੱਗੇ, ਏਨੀਆਂ ਲੰਮੀਆਂ ਕਤਾਰਾਂ ਤਾਂ ਸੀਨੀਅਰ ਪ੍ਰੋਫੈਸਰਾਂ/ ਮੁਖੀਆਂ ਡਾਕਟਰਾਂ ਦੀਆਂ ਨਹੀਂ ਲੱਗਦੀਆਂ । ਉਹ ਡਾਕਟਰ ਕਾਬਲ ਤਾਂ ਵੱਧ ਹੋਣੇ, ਪੜ੍ਹਾਈ ਤਾਂ ਵਧੇਰੇ ਕੀਤੀ ਹੋ ਸਕਦੀ ਪਰ ਉਹ ਜਜ਼ਬਾ ਕਿੱਥੋਂ ਲਿਆਉਂਦੇ ਜਿਹੜਾ ਗਾਂਧੀ ਦੇ ਖੂਨ ਵਿੱਚ ਘੁਲਿਆ ਪਿਆ ਸੀ। ਆਪਣੇ ਮਰੀਜ਼, ਗਰੀਬ ਲੋਕਾਂ ਦੀ ਸੇਵਾ ਦਾ ਭੁੱਸ । ਉਹ ਪ੍ਰੋਫੈਸ਼ਨਲ ਜੈਲਸੀ ਤੋਂ ਬੇਲਾਗ ਸੀ ਪਰ ਐਨਾ ਵੀ ਧਰਮਾਤਮਾ ਨਹੀਂ ਕਿ ਬਾਕੀਆਂ ਨੂੰ ਪ੍ਰੋਫੈਸ਼ਨਲ ਜੈਲਸੀ ਨਾ ਹੋਵੇ, ਇਸ ਕਰਕੇ ਮਰੀਜ਼ ਦੇਖਣੇ ਛੱਡ ਦਿੰਦਾ। ਅਖੀਰ ਇੱਕ ਦਿਨ ਉਸ ਨੇ ਪ੍ਰੀ ਰਿਟਾਇਰਮੈਂਟ ਲੈ ਕੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
ਪਟਿਆਲ਼ੇ ਸ਼ਹਿਰ ਵਿੱਚ ਸਪੈਸ਼ਲਿਸਟ ਪੰਜ ਸੌ ਅਤੇ ਆਮ ਡਾਕਟਰ ਦੋ ਸੌ ਰੁਪਈਆ ਫੀਸ ਲੈਂਦੇ ਸੀ ਅਤੇ ਪਹਿਲੀ ਵਾਰੀ ਥੱਬਾ ਟੈਸਟਾਂ ਦਾ ਕਿਸੇ ਵਿਸ਼ੇਸ਼ ਲੈਬ ਤੋਂ ਕਰਵਾਉਣ ਲਈ ਆਖਿਆ ਕਰਦੇ ਸੀ। ਗਾਂਧੀ ਨੇ ਅਜੀਬ ਕਿਸਮ ਦੀ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕੀਤੀ ਨਾਂਮਾਤਰ ਫੀਸ, ਗਾਂਧੀ ਪੁੱਛਦਾ ਘਰਵਾਲਾ ਕੀ ਕੰਮ ਕਰਦਾ ਹੈ, ਮਰੀਜ ਦੱਸਦਾ, ਕੁਝ ਨਹੀਂ ਕਰਦਾ, ਪਹਿਲਾਂ ਮਜ਼ਦੂਰੀ ਕਰਦਾ ਸੀ। ਚੰਗਾ ਜਾਹ ਫੇਰ। ਕੋਈ ਕਹਿੰਦਾ ਖੇਤੀ ਕਰਦੈ, ਖੇਤੀ ਤਾਂ ਪੰਜਾਹ ਕਿੱਲਿਆਂ ਵਾਲਾ ਵੀ ਕਰਦਾ, ਪੰਜ ਕਿੱਲਿਆਂ ਵਾਲਾ ਵੀ ਕਰਦਾ ਹੈ, ਤੂੰ ਦੱਸ ਕਿੰਨੇ ਕਿੱਲੇ ਨੇ, ਚਾਰ ਭਾਈਆਂ ਕੋਲ ਹੀ ਪੰਜ ਕਿੱਲੇ, ਮਰੀਜ਼ ઠਦੀ ਪਰਚੀ ਦੀ ਨੁੱਕਰ ਵਿੱਚ ਕੁਝ ਸ਼ਬਦ ਵਾਹ ਦਿੰਦਾ, ਜਦੋਂ ਬੰਦਾ ਬਾਹਰ ਪੈਸੇ ਦੇਣ ਲੱਗਦਾ ਤਾਂ ਮਜ਼ਦੂਰ ਮੁਫ਼ਤ, ਸਵਾ ਕਿੱਲੇ ਵਾਲਾ ਪੰਜਾਹ, ਨੌਕਰੀ ਵਾਲਾ ਸੌ, ਬੱਸ ਇਸ ਤੋਂ ਅੱਗੇ ਡੱਕਾ ਹੈ। ਹਾਂ ਜੀ, ਇਸ ਤੋਂ ਵੱਧ ਜ਼ਮੀਨਾਂ ਜਾਇਦਾਦਾਂ ਵਾਲੇ ਤਾਂ ਗਾਂਧੀ ਕੋਲ ਆਉਂਦੇ ਨਹੀਂ ਜੇ ਮਾਤੜ੍ਹ ਤਮਾਤੜ ਜਾ ਹੀ ਵੜਨ ਤਾਂ ਜਾਣ-ਪਛਾਣ ਵਾਲਿਆਂ ਤੋਂ ਪੈਸੇ ਲੈਂਦਾ ਹੀ ਨਹੀਂ, ਉਸ ਦੀ ਗ੍ਰੇਡ ਵਾਲੀ ਪ੍ਰਣਾਲੀ ਦੇਖ ਕੇ ਲੱਗਦਾ ਹੈ ਕਿ ਸੱਚਮੁੱਚ ਧਰਤੀ ‘ਤੇ ਰੱਬ ਹੁੰਦਾ ਹੈ, ਉਹ ਡਾਕਟਰਾਂ ਦੇ ਰੂਪ ਵਿੱਚ ਹੋਵੇ ਨਾ ਹੋਵੇ, ਡਾਕਟਰ ਗਾਂਧੀ ਦੇ ਰੂਪ ਵਿੱਚ ਮੌਜੂਦ ਹੈ।
ਨਵਾਂ ਪ੍ਰਾਈਵੇਟ ਹਸਪਤਾਲ ਖੁੱਲ੍ਹਿਆ ਵੇਖ ਲੈਬੋਟਰੀ ਵਾਲਿਆਂ ઠਚੋਗੇ ਪਾਉਣੇ ਸ਼ੁਰੂ ਕੀਤੇ ਕਿ ਅਸੀਂ ਐਨਾ ਕਮਿਸ਼ਨ ਦੇਵਾਂਗੇ, ਅਸੀਂ ਐਨਾ ਕਮਿਸ਼ਨ ਦੇਵਾਂਗੇ, ਮਰੀਜ਼ ਸਾਡੇ ਕੋਲ ਭੇਜਿਆ ਕਰੋ। ਉਨ੍ਹਾਂ ਸਭ ਦੇ ਕਮਿਸ਼ਨ ਨੋਟ ਕਰ ਲਏ ਅਤੇ ਆਖਿਆ ਜਾਓ, ਜਿਹੜਾ ਮਰੀਜ਼ ਮੇਰੀ ਪਰਚੀ ਲੈ ਕੇ ਆਵੇ, ਉਸ ਨੂੰ ਮੇਰਾ ਕਮਿਸ਼ਨ ਛੱਡ ਕੇ ਪੈਸੇ ਲੈਣੇ, ਉਸੇ ਰੇਟ ਜਿਸ ਤੇ ਤੁਹਾਨੂੰ ਹੋਰ ਡਾਕਟਰਾਂ ਤੋਂ ਬੱਚਦੇ ਹਨ। ਸਾਰੇ ਪਟਿਆਲੇ ਵਿੱਚ ਭੜਥੂ ਪੈ ਗਿਆ ਗਾਂਧੀ ਦੀ ਪਰਚੀ ਦੇ ਟੈਸਟ ਅੱਧੇ ਰੇਟ ‘ਤੇ ਹੋ ਜਾਂਦੇ ਹਨ। ਪਤਾ ਲੱਗਿਆ ਡਾਕਟਰ ਅੱਧੋਂ ਵੱਧ ਕਮਿਸ਼ਨ ਖਾਂਦੇ ਹਨ, ਸਾਫ਼ ਹੈ ਕਿ ਡਾਕਟਰ ਬਿਨਾਂ ਲੋੜ ਤੋਂ ਵੀ ਟੈਸਟ ਲਿਖਦੇ ਹੋਣਗੇ। ਜੇ ਗਾਂਧੀ ਨੇ ਕਮਿਸ਼ਨ ਨਹੀਂ ਖਾਣਾ ਫਿਰ ਬਿਨਾਂ ਲੋੜ ਤੋਂ ਟੈਸਟ ਵੀ ਕੀ ਲਿਖਣਾ ਹੋਇਆ। ਅੱਧ ਪਚੱਧੀ ਜ਼ਮੀਰ ਵਾਲੇ ਪੈਸੇ ਦੇ ਲਾਲਚੀ ઠਡਾਕਟਰ ઠਚੁੱਪ ਰਹੇ ਚਲੋ ਉਹਦੀ ਮਰਜ਼ੀ ਆਪਾਂ ਨੂੰ ਕੀ ਉਹ ਨਾ ਖਾਵੇ ਪਰ ਮਰੀਆਂ ਜ਼ਮੀਰਾਂ ਵਾਲਿਆਂ ਨੇ ਤਾਂ ਕਦੇ ਭਾਈਚਾਰੇ ਦਾ ਵਾਸਤਾ ਪਾਇਆ, ਕਦੇ ਡਰਾਵੇ ਦਿੱਤੇ, ਕਦੇ ਪਾਖੰਡੀ, ਡਰਾਮੇਬਾਜ਼, ਸ਼ੋਹਰਤ ਦਾ ਭੁੱਖਾ, ਚਲਾਕ ਤੱਕ ਆਖ ਦਿੱਤਾ। ਪਰ ਮਸਤ ਹਾਥੀ ਆਪਣੀ ਚਾਲ ਚੱਲਦਾ ਰਿਹਾ ਤੀਰ ਕਮਾਨ ਤੋਂ ਨਿਕਲ ਚੁੱਕਿਆ ਸੀ। ਡਾਕਟਰਾਂ ਦੇ ਕੇਸ ਵਿੱਚ ਭੈੜਿਆਂ ਦੀ ਸ਼ਨਾਖਤ ਹੋ ਚੁੱਕੀ ਸੀ। ਹੁਣ ਕੀ ਹੋ ਸਕਦਾ ਹੈ ਲੋਕ ਡਾਕਟਰਾਂ ਅਤੇ ਲੈਬਾਟਰੀਆਂ ਦੇ ਮਾਫੀਆ ਗੱਠਜੋੜ ਨੂੰ ਜਾਣ ਚੁੱਕੀ ਸੀ।
ਗਾਂਧੀ, ਗਾਂਧੀ ਨਹੀਂ ਹੈ, ਗਾਂਧੀ ਤਾਂ ਉਹ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਹੁੰਦਿਆਂ ਐਮਰਜੈਂਸੀ ਦੇ ਵਿਰੋਧ ਵਿੱਚ ਜੇਲ੍ਹ ਜਾਣ ਕਾਰਨ ਦੂਸਰੇ ਲੋਕਾਂ ਵੱਲੋਂ ਪਾਇਆ ਨਾਂ ਸੀ, ਜੋ ਉਸ ਨੇ ਅਪਣਾ ਲਿਆ। ਵੈਸੇ ਉਹ ਗਾਂਧੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਸ਼ਹੀਦ ਭਗਤ ਸਿੰਘ ਦੇ ਵਧੇਰੇ ਨੇੜੇ ਹੈ, ਮਾਰਕਸਵਾਦ ਦੇ ਸਮਾਜਵਾਦ ਦਾ ਧਾਰਨੀ ਸੀ । ਲੰਮਾ ਸਮਾਂ ਦੇਸ਼ ਵਿੱਚ ਚੱਲੀ ਹਥਿਆਰਬੰਦ ਇਨਕਲਾਬ ਵਾਲੀ ਖੱਬੇ ਪੱਖੀ ਨਕਸਲਬਾੜੀ ਲਹਿਰ ਨਾਲ ਹਮਦਰਦੀ ਰੱਖਦਾ ਰਿਹਾ ਅਤੇ ਇਸ ਦੇ ਇੱਕ ਜਨਤਕ ਸਰਗਰਮੀਆਂ ਨੂੰ ਗਹਿਰਾਈਆਂ ਦੇਣ ਵਾਲੇ ਗਰੁੱਪ ਨਾਲ ਜ਼ਾਹਰ ਤੌਰ ‘ਤੇ ਜੁੜਿਆ ਵੀ ਰਿਹਾ ਹੈ। ਇੱਕ ਵਾਰ ਸਭ ਕੁਝ ਛੱਡ ਛੁਡਾ ਕੇ ਲੁਧਿਆਣੇ ਦੇ ਮਜ਼ਦੂਰਾਂ ਵਿੱਚ ਕੰਮ ਕਰਨ ਵੀ ਚੱਲਿਆ ਗਿਆ ਸੀ। ਮੁੜ ਜਦੋਂ ਇਨਕਲਾਬ ਦਾ ਬੁੱਲ ਨਾ ਡਿੱਗਿਆ ਤਾਂ ਡਾਕਟਰੀ ਪੇਸ਼ੇ ਵੱਲ ਪਰਤ ਆਇਆ। ਉਹ ਹਰ ਸਮੇਂ ਜਨਤਕ ਜੀਵਨ ਵਿੱਚ ਜਮਹੂਰੀ ਅਧਿਕਾਰ ਸਭਾ ਤੋਂ ਲੈ ਕੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੱਕ ਸਰਗਰਮ ਰਿਹਾ ਹੈ। ਦੇਸ਼ ਵਿੱਚ ਜਦੋਂ ਅੰਨਾ ਹਜਾਰੇ ਅੰਦੋਲਨ ਚੱਲਿਆ ਤਾਂ ਨਾ ਕੇਵਲ ਦਿੱਲੀ ਹੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਾ ਰਿਹਾ ਸਗੋਂ ਪਟਿਆਲੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ । ਉਸ ਨੇ ਤਿੰਨ ਵਾਰ ਜੇਤੂ ਰਹੀ (ਮਹਾਰਾਣੀ) ਪ੍ਰਨੀਤ ਕੌਰ ਨੂੰ ਵੀਹ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਜਿਸ ਉਪਰ ਕਦੇ (ਰਾਜ ਮਾਤਾ) ਮਹਿੰਦਰ ਕੌਰ ਅਤੇ ਕਦੇ (ਮਹਾਰਾਜਾ) ਕੈਪਟਨ ਅਮਰਿੰਦਰ ਸਿੰਘ ਜੇਤੂ ਰਹੇ ਸਨ ਭਾਵ ਇਹ ਰਾਜਾ ਮਹਾਰਾਜਿਆਂ ਦੀ ਜੱਦੀ ਪੁਸ਼ਤੀ ਸੀਟ ਸੀ। ਮਹਾਰਾਜੇ ਦੇ ਆਪਣੇ ਸ਼ਹਿਰ ਮਹਾਰਾਣੀ ਪ੍ਰਨੀਤ ਕੌਰ ਨੂੰ ઠਪਿੰਡ ਪਚਰੰਡਾ ਰੋਪੜ ਦੇ ਮਾਸਟਰ ਭਗਤ ਰਾਮ ਅਤੇ ਸ੍ਰੀਮਤੀ ਤੀਲੋ ਦੇਵੀ ਦੇ ઠ1 ਜੂਨ, 1951 ਨੂੰ ਜਨਮੇ ਮੁੰਡੇ ਨੇ ਚਿੱਤ ਕਰ ਦਿੱਤਾ ।ਇਸ ਜਿੱਤ ਪਿੱਛੇ ਉਸ ਸਮੇਂ ਆਮ ਆਦਮੀ ਪਾਰਟੀ ਦੀ ਲਹਿਰ ਦੀ ਚੜ੍ਹਤ ਦਾ ਅਸਰ ਤਾਂ ਹੋਵੇਗਾ ਪਰ ਸਭ ਤੋਂ ਵੱਧ ਡਾਕਟਰ ਗਾਂਧੀ ਦੀ ਨਿੱਜੀ ਸ਼ਖ਼ਸੀਅਤ ਸੀ। ਇਮਾਨਦਾਰੀ, ਮਿਹਨਤ, ਸੇਵਾ ਦੇ ਪੁੰਜ ਨੂੰ ਲੋਕਾਂ ਨੇ ਸਿਰ ਅੱਖਾਂ ‘ਤੇ ਬਿਠਾ ਲਿਆ। ਜਦੋਂ ਹੀ ਉਸ ਨੇ ਦੇਖਿਆ ਕਿ ਪਾਰਟੀ ਸਵਰਾਜ ਦੇ ਮੁੱਢਲੇ ਸਿਧਾਂਤਾਂ ਨੂੰ ਤਿਆਗ ਰਹੀ ਹੈ। ਕੇਜਰੀਵਾਲ ਦੇ ਚੋਟੀ ਦੇ ਯਾਰਾਂ ਵਿੱਚ ਤਾਨਾਸ਼ਾਹੀ ਆਉਣ ਲੱਗੀ ਹੈ। ਜਿੱਤ ਦੇ ਹੰਕਾਰ ਅਤੇ ਆਪਣੇ ਤੋਂ ਵੱਖਰੀ ਲੋਕ ਸੋਚ ਵਾਲੇ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ ਵਰਗਿਆਂ ਨੂੰ ਖੂੰਜੇ ਲਾਉਣ ਲੱਗੇ ਹਨ ਤਾਂ ਉਸ ਨੇ ਪਾਰਟੀ ਦਾ ਹੀ ਵਿਰੋਧ ਕਰਨ ਦਾ ਫ਼ੈਸਲਾ ਕਰ ਲਿਆ।
ਪਾਰਟੀ ਅੰਦਰਲੇ ਕਲੇਸ਼ ਕਾਰਨ ਬਹੁਤ ਹੀ ਤਣਾਅਪੂਰਨ ਦਿਨਾਂ ਦੀ ਗੱਲ ਹੈ ।ਮੈਂ ਡਾਕਟਰ ਗਾਂਧੀ ਨਾਲ ਗੱਲ ਕਰਨ ਗਿਆ ਤਾਂ ਉਹ ਮੈਨੂੰ ઠਈਕੋ ਮਸ਼ੀਨ ਵਾਲੇ ਕਮਰੇ ਵਿੱਚ ਲੈ ਗਿਆ ਜਿਥੇ ਮਰੀਜ਼ ਬੈਂਚ ‘ਤੇ ਪਾਇਆ ਹੋਇਆ ਸੀ। ਉਸਦੇ ਦਿਲ ਦੀ ਧੜਕਨ ਉੱਚੀ ਉੱਚੀ ਮਸ਼ੀਨ ਰਾਹੀਂ ਸੁਣਦੀ ਸੀ, ਮੈਨੂੰ ਕਹਿੰਦੇ ਲੈ ਦਿਲ ਧੜਕਦਾ ਸੁਣ, ਮੈਨੂੰ ਤਾਂ ਦਿਲ ਦੇ ਧੜਕਣ ‘ਚ ਖੁਸ਼ੀ ਮਿਲਦੀ ਹੈ। ਮੈਂ ਸਿਆਸਤ ਵਿੱਚ ਕੈਰੀਅਰ ਬਣਾਉਣ ਨਹੀਂ ਆਇਆ, ਸਮਾਜ ਦੀ ਜ਼ਿੰਦਗੀ ਬਦਲਣ ਆਇਆ ਹੈ। ਮੈਂ ਆਪਣੀ ਜ਼ਮੀਰ ਮਾਰ ਕੇ ਵਿੱਚ ਲਿਚਗੜਿਚੀਆਂ ਨਹੀਂ ਕਰ ਸਕਦਾ। ਇਹ ਡਾਕਟਰੀ ਦਾ ਕੰਮ ਤਾਂ ਮੈਥੋਂ ਕੋਈ ਖੋਹ ਨਹੀਂ ਸਕਦਾ, ਪਰ ਮੈਂ ਦਿਲ ਦੀ ਗੱਲ ਸੁਣਦਾ ਹੈ। ਤਾਨਾਸ਼ਾਹੀ ਨਹੀਂ ਚਲੇਗੀ, ਉਸ ਨਾਅਰਾ ਲਗਾਉਣ ਵਾਂਗ ਆਖਿਆ। ਅਰਵਿੰਦ ਤਾਨਾਸ਼ਾਹ ਬਣ ਗਿਆ, ਪੰਜਾਬ ਦਾ ਦਰਦ ਨਹੀਂ ਕਰਦਾ, ਲੋਕਾਂ ਨੇ ਸਾਡੇ ‘ਤੇ ਵਿਸ਼ਵਾਸ ਕੀਤਾ ਹੈ। ਸਾਡਾ ਫਰਜ਼ ਹੈ। ਪਾਰਟੀ ਅੰਦਰ ਲੋਕਤੰਤਰ ਚਾਹੀਦਾ ਹੈ, ਮੇਰੇ ਨਾਲ ਗੱਲ ਕਰਨ, ਜੇ ਮੈਂ ਗ਼ਲਤ ਹੋਵਾਂ, ਮੈਨੂੰ ਦੱਸੋ। ਮੈਂ ਸਮਝਾਉਣ ਗਿਆ ਸੀ, ਸਮਝਕੇ ਆ ਗਿਆ, ਉਸ ਐਲਾਨ ਕੀਤਾ ਪਾਰਟੀ ਉਪਰ ਸਿਆਸੀ ਦਲਾਲਾਂ ਅਤੇ ਗੁੰਡਿਆਂ ਦਾ ਕਬਜ਼ਾ ਹੋ ਚੁੱਕਿਆ ਹੈ। ਪਾਕ ਦਰਵੇਸ਼ ਸੰਤ ਦੀਆਂ ਗੱਲਾਂ ਬਾਅਦ ਵਿੱਚ ਸੱਤ ਸਾਬਤ ਹੋਈਆਂ।
ਪੰਜਾਬ ਇਲੈਕਸ਼ਨ ਹਾਰੇ, ਦਿੱਲੀ ਲੋਕਲ ਬਾਡੀ ਹਾਰੇ, ਨਵੇਂ ਬਦਲ ਦੀ ਥਾਂ ਇੱਕ ਹੋਰ ਪਾਰਟੀ ਬਣ ਕੇ ਰਹਿ ਗਏ । ਉਸਨੇ ਨਾ ਕਾਂਗਰਸ ਨਾਲ ਹੱਥ ਮਿਲਾਇਆ, ਨਾ ਅਕਾਲੀ-ਭਾਜਪਾ ਨੂੰ ਨੇੜੇ ਲਾਇਆ ਸਗੋਂ ਆਪਣੇ ਮੈਂਬਰ ਪਾਰਲੀਮੈਂਟ ਹੋਣ ਦੇ ਫ਼ਰਜ਼ ਪੂਰੇ ਤਨਦੇਹੀ ਨਾਲ ਕਰਨ ਲੱਗਿਆ ਹੋਇਆ ਹੈ। ਵੱਡੇ ਪ੍ਰਾਜੈਕਟ ਜਿਵੇਂ ਚੰਡੀਗੜ੍ਹ-ਰਾਜਪੁਰਾ ਰੇਲਵੇ ਲਿੰਕ, ਪਿੱਛੇ ਤਨਦੇਹੀ ਨਾਲ ਲੱਗਿਆ। ਐੱਮ ਪੀ ਲੈਂਡ ਫੰਡ ਲਈ ਸਿੱਖਿਆ ਪਹਿਲੇ ਦਰਜੇ ‘ਤੇ ਹੈ । ਸਕੂਲਾਂ ਵਿੱਚ ਬੈਂਚ, ਆਰ ਓ, ਲਇਬਰੇਰੀਆਂ, ਕਮਰੇ, ਪਾਖਾਨੇ ਪਹਿਲ ਦੇ ਆਧਾਰ ‘ਤੇ ਬਣਾ ਰਿਹਾ ਹੈ। ਸ਼ਮਸ਼ਾਨ ਘਾਟਾਂ ਲਈ ਗ੍ਰਾਂਟ ਦਿੰਦਿਆਂ ਸ਼ਰਤ ਹੈ ਕਿ ਸਾਰੀਆਂ ਜਾਤਾਂ ਧਰਮਾਂ ਦੀ ਸ਼ਮਸ਼ਾਨ ਇੱਕ ਕਰੋ। ਇੱਕ ਕਰਨ ਉੱਪਰਤ ਹੀ ਗ੍ਰਾਂਟ ਦਿੰਦਾ ਹੈ। ਪਾਸਪੋਰਟ ਦਫਤਰ, ਗਲੀਆਂ-ਨਾਲੀਆਂ ਪੱਕੀਆਂ ਕਰਵਾਉਣ ਤੋਂ ਲੈ ਕੇ ਵਾਤਾਵਰਨ ਸੰਭਾਲ ਤੱਕ ਸਭ ਤੇ ਪੈਸਾ ਖਰਚਾ ਹੋਵੇ, ਉਹ ਵੀ ਬਿਨਾ ਕਿਸੇ ਵਿਤਕਰੇ ਦੇ। ਪੰਜਾਬ ਦੇ ਮੁੱਦਿਆਂ ਪ੍ਰਤੀ ਸਹੀ ਸਟੀਕ ਸਮਝ ਬਣਾਈ। ਪਾਣੀ ਉੱਪਰ ਸਪੱਸ਼ਟ ਸਟੈਂਡ ਲਿਆ। ਪਹਿਲੀ ਵੇਰ ਵੱਡੀ ਪੱਧਰ ‘ਤੇ ਪੰਜਾਬ ਪਾਣੀ ਵੱਟੇ ਰਿਐਲਟੀ ਦਾ ਮੁੱਦਾ ਉਠਾਇਆ।
ਉਸ ਨੂੰ ਕੰਮ ਦਾ ਨਸ਼ਾ ਹੈ, ਹੋਰ ਕੋਈ ਨਸ਼ਾ ਨਹੀਂ ਕਰਦਾ ਪਰ ਉਹ ਨਸ਼ਈਆਂ ਨੂੰ ਨਫਰਤ ਨਹੀਂ ਕਰਦਾ। ਉਸ ਨੂੰ ਲੱਗਦਾ ਹੈ ਕਿ ਨਸ਼ੇੜੀ ਅਪਰਾਧੀ ਨਹੀਂ ਮਰੀਜ਼ ਹਨ ਉਹ ਪੰਜਾਬ ਦੇ ਰਵਾਇਤੀ ਨਸ਼ੇ ਭੰਗ, ਪੋਸਤ, ਭੁੱਕੀ, ਅਫੀਮ ਦੀ ਖੁੱਲ੍ਹ ਦਾ ਸਮਰਥਕ ਹੈ। ਉਸ ਦਾ ਸਪੱਸ਼ਟ ਮੰਨਣਾ ਹੈ ਕਿ ਸਿੰਥੈਟਿਕ ਨਸ਼ੇ ਹੈਰੋਇਨ, ਸਮੈਕ ਦੇ ਮੁਕਾਬਲੇ ਭੰਗ, ਭੁੱਕੀ ਘੱਟ ਨੁਕਸਾਨਦੇਹ ਹਨ ।ਅਮਲੀ ਉਸ ਦੇ ਦੀਵਾਨੇ ਹਨ,ਆਸ਼ਕ ਹਨ। ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਕੁਝ ਜੁਬਾਨ ਦਿੰਦਾ ਹੈ।
ਉਹ ਸਿਰਫ ਕਹਿਣੀ ਦਾ ਨਹੀਂ ਕਰਨੀ ਦਾ ਵੀ ਸੂਰਾ ਹੈ। ਸਾਦੇ ਵਿਆਹ ਕਰੋ, ਫਜ਼ੂਲ ਖਰਚ ਨਾ ਕਰੋ, ਮਹਿੰਗੇ ਤੋਹਫਿਆਂ ਦਾ ਅਦਾਨ ਪ੍ਰਦਾਨ ਨਾ ਕਰੋ, ਇਹ ਕੇਵਲ ਕਹਿੰਦਾ ਹੀ ਨਹੀਂ ਸਗੋਂ ਆਪਣੀ ਬੇਟੀ ਦੇ ਵਿਆਹ ਤੇ ਇਹ ਸਭ ਕਰ ਦਿਖਾਇਆ। ਕਿਸੇ ਤੋਂ ਸ਼ਗਨ ਨਹੀਂ ਫੜਿਆ, ਵੱਧ ਤੋਂ ਵੱਧ ਫੁੱਲਾਂ ਦਾ ਗੁਲਦਸਤਾ ਜਾਂ ਸ਼ੁੱਭਕਾਮਨਾਵਾਂ ਦਿੰਦਾ ਕਾਰਡ।
ਉਹ ਗੰਭੀਰ ਕਿਸਮ ਦਾ ਬੰਦਾ ਹੈ, ਮਖੌਲੀਆ ਨਹੀਂ ਹੈ ਪਰ ਆਪਣੇ ਆਪ ਕਈ ਵਾਰ ਮਖੌਲ ਬਣ ਜਾਂਦਾ ਹੈ। ਇੱਕ ਵਾਰ ਕਾਫੀ ਵੱਡੀ ਉਮਰ ਦੀ ਬੇਬੇ ਦਵਾਈ ਲੈਣ ਆਈ, ਦਵਾਈ ਲੈਣ ਤੋਂ ਬਾਅਦ ਫੇਰ ਮੁੜ ਆਈ, ਪੁੱਛਦੀ ਹੈ ਇਹ ਦਵਾਈ ਸਾਰੀ ਉਮਰ ਖਾਣੀ ਪਊ। ਗਾਂਧੀ ਨੇ ਪਿਆਰ ਨਾਲ ਸਮਝਾਇਆ ਹਾਂ ਬੇਬੇ ਇੱਕ ਗੋਲੀ ਖੂਨ ਪਤਲਾ ਕਰਨ ਦੀ ਹੈ, ਇੱਕ ਬਲੱਡ ਪ੍ਰੈਸ਼ਰ ਘਟਾਉਣ ਦੀ ਹੈ ਤਾਂ ਕਿ ਦੁਬਾਰਾ ਦਿਲ ਦਾ ਦੌਰਾ ਨਾ ਪਵੇ। ਬੇਬੇ ਇੱਕ ਵਾਰ ਤਾਂ ਚਲੀ ਗਈ ਪਰ ਫੇਰ ਮੁੜ ઠਕਹਿੰਦੀ, ਭਲਾ ਡਾਕਦਾਰ ਸਾਹਿਬ ਇਹ ਦਵਾਈ ਸਾਰੀ ਉਮਰ ਖਾਣੀ ਪਊ। ਡਾਕਟਰ ਗਾਂਧੀ ਕਹਿੰਦੇ ਭਲਾ ਬੇਬੇ ਤੇਰੀ ਉਮਰ ਕਿੰਨੀ ਹੋਈ ਹੈ? ਉਹ ਹੁੱਬ ਕੇ ਦੱਸਣ ਲੱਗੀ ਨੱਬਿਆਂ ਤੋਂ ਇੱਕ ਘੱਟ ਹੈ, ਗਾਂਧੀ ਹੱਸਣ ਲੱਗ ਪਏ ਭਲਾਂ ਹੁਣ ਤੇਰੀ ਰਹਿ ਕਿੰਨੀ ਕੁ ਗਈ, ਇਸ ਲਈ ਸਾਰੀ ਉਮਰੀ ਖਾਣੀ ਪਊ। ਉਹ ਕਿੱਤੇ ਵਜੋਂ ਡਾਕਟਰ, ਸੁਭਾਅ ਵਜੋਂ ਸਮਾਜ ਸੇਵਕ ਅਤੇ ਸਮਾਜ ਨੂੰ ਬਦਲਣ ਦੀ ਇੱਛਾ ਰੱਖਣ ਵਾਲਾ ਸਿਆਸਤਦਾਨ ਹੈ, ਪਰ ਧੁਰ ਅੰਦਰੋਂ ਕਲਾਕਾਰ ਹੈ ਉਸ ਨੂੰ ਸਮਾਗਮਾਂ ਵਿੱਚ ਪਾਸ਼ ਅਤੇ ਪਾਤਰ ਦੀਆਂ ਨਜ਼ਮਾਂ ਸੁਣਾਉਂਦਿਆਂ ਤਾਂ ਬਹੁਤ ਨੇ ਸੁਣਿਆ ਹੋਵੇਗਾ ਪਰ ਵਾਜੇ ਤੇ ਗ਼ਜ਼ਲ ਨੁਮਾ ਕਵਾਲੀਆਂ ਵੀ ਗਾ ਲੈਂਦਾ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
ਡਾਕਟਰ ਗਾਂਧੀ ਨੇ ਹਜ਼ਾਰਾਂ ਮਰੀਜ਼ ਠੀਕ ਕੀਤੇ ਹੋਣਗੇ ਪਰ ਆਪਣੇ ਆਪ ਪ੍ਰਤੀ ਪੂਰਾ ਅਲਗਰਜ਼ ਹੈ, ਉਸ ਦੀ ਇੱਕ ਅੱਖ ਫੰਗਸ ਕਾਰਨ ਖ਼ਰਾਬ ਹੋਈ ਵੀ ਹੈ। ਆਮ ਕਰਕੇ ਸਮਝਿਆ ਜਾਂਦਾ ਫੰਗਸ ਵਰਗੀ ਬਿਮਾਰੀ ਗਰੀਬਾਂ ਮਜ਼ਦੂਰਾਂ ਸਫ਼ਾਈ ਦਾ ਖਿਆਲ ਨਾ ਰੱਖਣ ਵਾਲਿਆਂ ਨੂੰ ਲੱਗਦੀ ਹੈ। ਡਾਕਟਰ ਮਰੀਜ਼ਾਂ ਨੂੰ ਦੇਖਣ ਸਮੇਂ ਅੱਜ ਕੱਲ੍ਹ ਆਪਣੇ ਪਾਸ ਸਟੂਲ ‘ਤੇ ਨਹੀਂ ਬਿਠਾਉਂਦੇ ਸਗੋਂ ਮੇਜ਼ ਦੇ ਦੂਜੇ ਪਾਸੇ ਬਿਠਾਉਂਦੇ ਹਨ। ਅਕਸਰ ਆਪ ਮੂੰਹ ਉੱਪਰ ਮਾਸਕ ਪਾ ਕੇ ਨੇੜੇ ਆਉਂਦੇ ਹਨ । ਮਰੀਜ਼ ਨੂੰ ਹੱਥ ਲਗਾਉਣ ਵੇਲੇ ਦਸਤਾਨੇ ਚੜ੍ਹਾ ਲੈਂਦੇ ਹਨ ।ਬਹੁਤੇ ਟੈੱਸਟ ਜਿਵੇਂ ਥਰਮਾਮੀਟਰ ਨਾਲ ਬੁਖਾਰ ਦੇਖਣਾ, ਸਟੈਥੋਂ ਨਾਲ ਸਾਹ ਅਤੇ ਧੜਕਨ ਦੇਖਣੀ, ਬਲੱਡ ਪ੍ਰੈਸ਼ਰ ਚੈੱਕ ਕਰਨ ਦਾ ਕੰਮ ਹੇਠਲਾ ਅਮਲਾ ਫੈਲਾ ਕਰਦਾ ਹੈ ਪਰ ਡਾਕਟਰ ਗਾਂਧੀ ਜਿੰਨਾ ਚਿਰ ਹਰ ਮਰੀਜ਼ ਦੇ ਸਾਹਾਂ ਨੂੰ ਸੁੰਘ ਨਾ ਲਵੇ, ਬਲੱਡ ਪ੍ਰੈਸ਼ਰ ਚੈੱਕ ਨਾ ਕਰ ਲਵੇ, ਇੱਕ ਦੋ ઠਪਿੱਠ ਤੇ ਥੱਫੇ ਨਾ ਮਾਰ ਲਵੇ, ઠਦੋ ਚਾਰ ਗੱਲਾਂ ਨਾ ਕਰ ਲਵੇ, ਡਾਕਟਰ ਗਾਂਧੀ ਨੂੰ ਲੱਗਦੈ ਕਿ ਮਰੀਜ਼ ਦੇਖਿਆ ਨਹੀਂ ਗਿਆ, ਨਾ ਮਰੀਜ਼ ਨੂੰ ਲੱਗਦਾ ਹੈ ਕਿ ਡਾਕਟਰ ਗਾਂਧੀ ਕੋਲ ਆਇਆ ਹਾਂ। ਅਸਲ ਵਿੱਚ ਡਾਕਟਰ ਗਾਂਧੀ ਇਸ ਮੱਤ ਦਾ ਧਾਰਨੀ ਹੈ ਕਿ ਮਰੀਜ਼ ਨੂੰ ਕੇਵਲ ਟੈਸਟ ਪੜ੍ਹਕੇ ਜਾਂ ਦੂਰੋਂ ਦੇਖ ਕੇ ਬਿਮਾਰੀ ਨੂੰ ਲੱਭੀ ਜਾ ਸਕਦੀ, ਇਸ ਲਈ ਉਸ ਦਾ ਪਰਿਵਾਰਕ ਪਿਛੋਕੜ ਅਤੇ ਨਿੱਜੀ ਮਾਨਸਿਕ ਦੁੱਖ ਦਰਦ ਵੀ ઠਦੂਰ ਕਰਨੇ ਜ਼ਰੂਰੀ ਹਨ ।ਇਸੇ ਨੇੜਤਾ ਕਾਰਨ ਕਿਸੇ ਮਰੀਜ਼ ਨੇ ਅੱਖਾਂ ਨੂੰ ਫੰਗਸ ਦੀ ਲਾਗ ਵੰਡੀ ਹੋਵੇਗੀ।
ਡਾਕਟਰ ਗਾਂਧੀ ਨੂੰ ਮਾਈਗ੍ਰੇਨ ਦੀ ਬੀਮਾਰੀ ਹੈ, ਕਈ ਵਾਰ ਟੈਲੀਫ਼ੋਨ ਬੰਦ, ਲਾਈਟ ਬੰਦ, ਦਵਾਈ ਅੰਦਰ, ਹਨੇਰਾ ਕਰਕੇ ਪੈ ਜਾਂਦਾ ਹੈ। ਘੱਟ ਜਾਨਣ ਵਾਲੇ ਆਖਦੇ ਹਨ ਲਓ ਜੀ, ਜਿੱਤ ਕੇ ਸਾਰੇ ਇਉਂ ਕਰਦੇ ਨੇ, ਹੁਣ ਨੀ ਚੱਕਦਾ ਫੋਨ। ਇੰਜ ਹੀ ਇੱਕ ਵਾਰ ਰਸਤੇ ਵਿੱਚ ਮਿਗਰੇਨ ਦੀ ਦਵਾਈ ਖਾ ਕੇ ਜ਼ਮੀਨ ‘ਤੇ ਲੇਟ ਗਿਆ ਸੀ, ਅਚਾਨਕ ਪਹੁੰਚੇ ਪੁਲਿਸ ਵਾਲਿਆਂ ਨੇ ਨਸ਼ਈ ਸਮਝ ਲਿਆ, ਉਸ ਨੇ ਉੱਠ ਕੇ ਗੱਲ ਕੀਤੀ ਕਿ ਮੈਂ ਖੁਦ ਡਾਕਟਰ ਹਾਂ, ਕੋਈ ਨਸ਼ਾ ਨਹੀਂ ਕੀਤਾ ਦਵਾਈ ਖਾਧੀ ਹੈ, ਇਸ ਲਈ ਮਿਗਰੇਨ ਟਿਕਣ ਦਾ ਇੰਤਜ਼ਾਰ ਕਰ ਰਿਹਾ ਹਾਂ। ਪੁਲਿਸ ਵਾਲੇ ਹੱਸਦੇ-ਹੱਸਦੇ ਚਲੇ ਗਏ ਹੋਣਗੇ ਕਿ ਅੱਜ ਕੱਲ੍ਹ ਡਾਕਟਰ ਵੀ ਨਸ਼ੇ ਕਰਨ ਲੱਗਪੇ ਜਾਂ ਨਸ਼ੇ ਕਰਨ ਅੱਜ ਕੱਲ੍ਹ ਆਪਣੇ ਆਪ ਨੂੰ ਡਾਕਟਰ ਸਮਝਣ ਲੱਗ ਪਏ ਹਨ।
ਗਾਂਧੀ ਕੋਈ ਦੇਵਤਾ ਨਹੀਂ ਉਸ ਵਿੱਚ ਗੁਣਾਂ ਦੀ ਭਰਮਾਰ ਹੈ ਪਰ ਔਗੁਣ ਵੀ ਹਨ ਇੱਕ ਔਗੁਣ ਗੱਲਾਂ ਵਿੱਚ ਆ ਜਾਣਾ ਅਤੇ ਅਚਾਨਕ ਭਾਵੁਕ ਹੋ ਜਾਣਾ ਵੀ ਹੈ। ਜਿਹੜਾ ਆਦਮੀ ਵੀ ਆਪਣੀ ਗੱਲ ਸੁਣਾ ਦੇਵੇ ਪਹਿਲੀ ਪੱਧਰ ਤੇ ਬਿਨਾਂ ਸ਼ੱਕ ਕੀਤੇ, ਦੂਜੇ ਦਾ ਪੱਖ ਸੁਣਿਆ, ਉਹ ਸਿੱਟੇ ‘ਤੇ ਪੁੱਜ ਜਾਂਦਾ ਹੈ, ਖਾਸ ਕਰਕੇ ਜੇ ਸੁਣਾਉਣ ਵਾਲਾ ਜ਼ਿਆਦਾ ਸ਼ਾਤਰ ਹੋਵੇ ਅਤੇ ਉਸ ਦੀ ਵਿਚਾਰਧਾਰਕ ਖੁਸ਼ਾਮਦ ਕਰ ਦੇਵੇ ਜਾਂ ਉਸ ਦੀ ਕਿਸੇ ਪੂਰਵ ਧਾਰਨਾ ਦੇ ਮੇਚ ਦਾ ਹੋ ਜਾਵੇ। ਉਸ ਨੂੰ ਕੁਝ ਵੀ ਝੂਠ ਨਹੀਂ ਲੱਗਦਾ। ਸਿਆਸਤ ਵਿੱਚ ਕਾਫੀ ਗਿਣਤੀ ਅਜਿਹੇ ਦਲਾਲ ਕਿਸਮ ਦੇ ਵਿਅਕਤੀਆਂ ਦੀ ਹੁੰਦੀ ਹੈ ਜੋ ਕਿਸੇ ਵਿਚਾਰਧਾਰਾ ਸੋਚ ਨਾਲ ਪ੍ਰਤੀਬੱਧਤਾ ਨਹੀਂ ਰੱਖਦੇ, ਉਨ੍ਹਾਂ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ ਹੈ ਇਸ ਲਈ ਗੰਗਾ ਗਏ ਗੰਗਾ ਰਾਮ ਅਤੇ ਜਮਨਾ ਗਏ ਜਮਨਾ ਦਾਸ ઠਹੀ ਨਹੀਂ ਬਣਦੇ ਸਗੋਂ ਗਿਰਗਟ ਵਾਂਗ ਪਲ-ਪਲ ਰੰਗ ਨਹੀਂ ਬਦਲਦੇ ਹਨ। ਲੀਡਰ ਦੀ ਭਾਸ਼ਾ ਵੀ ਤੋਤੇ ਵਾਂਗ ਬੋਲਣ ਲੱਗਦੇ ਹਨ, ਅਜਿਹੇ ਅਨਸਰਾਂ ਦੀ ਪਛਾਣ ਕਰਨ ਵਿੱਚ ਉਹ ਹਮੇਸ਼ਾ ਨਾਕਾਮ ਰਿਹਾ ਹੈ।ਉਸ ਨੂੰ ਅੰਡਰ ਗਰਾਊਂਡ, ਜਨਤਕ ਅਤੇ ਵੋਟ ਪਾਲੇਟਿਕਸ ਸਾਰੀ ਸਿਆਸਤ ਦੀ ਸਮਝ ਹੈ ਪਰ ਇਸ ਦੇ ਬਾਵਜੂਦ ਸੀਜ਼ਨਡ ਪਾਲੇਟੀਸ਼ਨ ਨਹੀਂ ,ਅਕਸਰ ਭਾਵੁਕ ਹੋ ਜਾਂਦਾ ਹੈ। ਉਹ ਸਿਆਸੀ ਤੌਰ ‘ਤੇ ਮਾਰਕਸਵਾਦ ਦਾ ਅਨੁਆਈ ਸੀ ਪਰ ਜਿਵੇਂ ਕਾਮਰੇਡ ਖੱਖੜੀਆਂ ਕਰੇਲੇ ਹੋਏ ਅਤੇ ਪੰਜਾਬ ਦੇ ਸਥਾਨਕ ਹਾਲਾਤ ਤੋਂ ਮੂੰਹ ਮੋੜਦੇ ਰਹੇ। ਉਸ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਅਤੇ ਕਿਤਾਬੀ ਗਿਆਨ ਵਿੱਚੋਂ ਫੈਡਰਲ ਇੰਡੀਆ ਡੈਮੋਕ੍ਰੇਟਿਕ ਪੰਜਾਬ ਦਾ ਨਾਅਰਾ ਘੜਿਆ, ਸਿਧਾਂਤ ਦਿੱਤਾ । ਇਨਕਲਾਬ ਦਾ ਅਭਿਲਾਸ਼ੀ ਹੈ ਪਰ ਇਨਕਲਾਬ ਤੱਕ ਸਭ ਕੁਝ ਛੱਡ ਛਡਾ ਕੇ ਬੈਠਣ ਵਾਲਿਆਂ ਵਿੱਚ ਨਹੀਂ।ਫੌਰੀ ਰਾਹਤ ਦੇਣ ਵਾਲਿਆਂ ਵਿੱਚ ਹੈ ।ਇਸ ਲਈ ਜੇ ਨਿੱਜੀ ਤੌਰ ‘ਤੇ ਵੱਸ ਵਿੱਚ ਹੈ ਤਾਂ ਮੁਫ਼ਤ ਦਵਾਈ ਦੇ ਦਿੰਦਾ ਹੈ, ਜੇ ਸਰਕਾਰੀ ਪੱਧਰ ਤੇ ਸੰਭਵ ਹੈ ਤਾਂ ਸਕੂਲ ਦੇ ઠਬੱਚਿਆਂ ਦੇ ਬੈਠਣ ਲਈ ਬੈਂਚ ਦੇ ਦਿੰਦਾ ਹੈ, ਆਰ ਓ ਦੇ ਦਿੰਦਾ ਹੈ, ਜੇ ਰਾਜਪੁਰਾ ਰੇਲਵੇ ਲਿੰਕ ਬਣਾਉਣ ਲਈ ਭੱਜਾ ਫਿਰਦਾ ਹੈ। ਰੀਜ਼ਨਲ ਪਾਸਪੋਰਟ ਦਫਤਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦਾ ਹੈ। ਹਰ ਪੱਧਰ ‘ਤੇ ਕੰਮ ਕਰਨਾ ਚਾਹੁੰਦਾ ਹੈ।
ਇੱਕ ਮੁਹਾਵਰਾ ਹੈ ਕਿ ਜੇ ਕਿਸੇ ਨੇ ਆਪਣੇ ਖਾਨਦਾਨ ਬਾਰੇ ਪਤਾ ਕਰਨਾ ਹੋਵੇ ਤਾਂ ਵੋਟਾਂ ਵਿੱਚ ਖੜ੍ਹਾ ਹੋ ਜਾਵੇ, ਵਿਰੋਧੀ ਆਪੇ ਸਭ ਕੱਢ ਲਿਆਉਂਦੇ ਹਨ।ਅਫਵਾਹਾਂ ਵੀ ਫੈਲਾਉਂਦੇ ਹਨ ਜਦੋਂ ਗਾਂਧੀ ਖੜ੍ਹਾ ਹੋਇਆ ਤਾਂ ਵਿਰੋਧੀਆਂ ਦੇ ਨਾਲੋਂ-ਨਾਲ ਪੱਖੀਆਂ ਵਿੱਚ ਵੀ ਗਾਂਧੀ ਦੀ ਜਾਤ ਜਾਣਨ ਵਿੱਚ ਦਿਲਚਸਪੀ ਪੈਦਾ ਹੋਈ। ਇੱਕ ਆਮ ਆਦਮੀ ਪਾਰਟੀ ਦਾ ਕਾਰਕੁਨ ਪੁੱਛਣ ਲੱਗਿਆ, ਭਲਾ ਪਾਰਟੀ ਕਮਲੀ ਹੋ ਗਈ, ਜਨਰਲ ਸੀਟਾਂ ‘ਤੇ ਵੀ ਐੱਸ ਸੀਂ ਖੜ੍ਹੇ ਕਰ ਰਹੀਂ ਹੈ। ਮੈਂ ਪੁੱਛਿਆ ਕਿੱਥੇ? ਕਹਿੰਦਾ ਪਟਿਆਲ਼ੇ, ਮੈਂ ਪੁੱਛਿਆ ਤੈਨੂੰ ਕਿਵੇਂ ਪਤਾ ਹੈ ਕਿ ਗਾਂਧੀ ਐੱਸ ਸੀ ਹੈ। ਕਹਿੰਦਾ ਗਾਂਧੀ ਤਾਂ ਐਵੇਂ ਨਾਂ ਨਾਲ ਲਗਾਉਂਦਾ ਹੈ ઠਹਰ ਵੇਲੇ ਗੱਲ ਤਾਂ ਦਲਿਤਾਂ ਦੀ ਕਰਦਾ ਰਹਿੰਦਾ। ਉਸ ਦੀਆਂ ਦੋਵੇਂ ਗੱਲਾਂ ਸੱਚੀਆਂ ਸਨ ਉਹ ਗਾਂਧੀ ਨਹੀਂ ਸੀ, ਇਹ ਤਾਂ ਐਮਰਜੈਂਸੀ ਵੇਲੇ ਜੇਲ੍ਹ ਕੱਟਣ ਕਰਕੇ ਅੱਲ ਪਈ ਸੀ, ਉਹ ਦਲਿਤ ਦਲਿਤ ਵੀ ઠਕੂਕਦਾ ਰਹਿੰਦਾ ਹੈ। ਉਸਦੀ ਪਤਨੀ ਨੂੰ ਸਾਰੇ ਮੈਡਮ ਪਦਮਾ, ਪਦਮਾ ਕਹਿੰਦੇ ਹਨ, ਕਾਗਜ਼ਾਂ ਵਿੱਚ ਨਾਂ ਜਗਦੰਬਾ ਕੌਸ਼ਲ ਹੈ।ਬੇਟਾ ਬੇਟੀ ਵੀ ਡਾਕਟਰ ਹਨ। ਡੀਕਲਾਸ ਤਾਂ ਸੁਣਿਆ ਸੀ, ਪਰ ਗਾਂਧੀ ਡੀ ਕਾਸਟ ਹੋਇਆ ਹੈ। ਧਰਮਵੀਰ ਦੇ ਨਾਂ ਦਾ ਅਰਥ ਸਦਾ ਧਰਮ ਨਿਭਾਉਣ ਲਈ ਤਤਪਰ ਵਿਅਕਤੀ ਦਾ ਹੈ ਅਤੇ ਇੱਥੇ ਧਰਮ ਦਾ ਅਰਥ ਮਾਨਵਤਾ ਦੀ ਭਲਾਈ ਹੈ।
ਇਸ ਪ੍ਰਕਾਰ ਉਸ ਨੇ ਆਪਣੇ ਨਾਂ ਦਾ ਸਾਕਾਰ ਕੀਤਾ ਹੈ ।ਉਸ ਦੇ ਕਲੀਨਿਕ ਵਿੱਚ ਕੋਈ ਧਾਰਮਿਕ ਫੋਟੋ ਨਹੀਂ ਹੈ, ਬਾਹਰਲੇ ਕਮਰੇ ਵਿੱਚ ਭਗਤ ਸਿੰਘ ਦੀ ਫ਼ੋਟੋ ਤੇ ਅੰਦਰਲੇ ਕਮਰੇ ਵਿੱਚ ਲੈਨਿਨ ਦਾ ਬੁੱਤ ਹੈ। ਮਰੀਜ਼ਾਂ ਲਈ ਸਾਰੀਆਂ ਹਦਾਇਤਾਂ ਪੰਜਾਬੀ ਵਿੱਚ ਲਿਖੀਆਂ ਹਨ। ਉਹ ਬੜਾ ਹੀ ਸਾਫ ਦਿਲ ਹੈ ਪਰ ਵਿਅਕਤੀ ਨੂੰ ਫੇਸ ਵੈਲੀਊ ਉੱਤੇ ਹੀ ਲੈਂਦਾ ਹੈ ਜਿਸ ਦਾ ਅੱਜ ਜ਼ਮਾਨਾਂ ਨਹੀਂ ਹੈ।
ਅੱਜ ਕੱਲ੍ਹ ਉਸ ਨੂੰ ਲੱਗਦਾ ਹੈ ਕਿ ਅਜੇ ਸਾਰਾ ਦੇਸ਼ ਤਬਦੀਲੀ ਲਈ ਤਿਆਰ ਨਹੀਂ, ਹਰ ਇਲਾਕੇ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਆਪਣੇ ਸੰਘਰਸ਼ ਦੇ ਢੰਗ ਹਨ। ਪੰਜਾਬੀਆਂ ਨੂੰ ਇੱਕ ਲੜਾਈ ਸੈਂਟਰ ਨਾਲ ਲੜਨੀ ਪਵੇਗੀ; ਰਾਜਾਂ ਨੂੰ ਵਧੇਰੇ ਅਧਿਕਾਰਾਂ ਲਈ। ਉਸ ਦਾ ਦ੍ਰਿੜ੍ਹ ਮੱਤ ਹੈ ਕਿ ਇਹ ਲੜਾਈ ਕਾਂਗਰਸ ਅਤੇ ਬੀਜੇਪੀ ਵਾਲਿਆਂ ਨੇ ਨਹੀਂ ਲੜਨੀ, ਅਕਾਲੀ ਇਹ ਏਜੰਡਾ ਛੱਡ ਬੈਠੇ ਹਨ, ਕਮਿਊਨਿਸਟਾਂ ਨੂੰ ਇਸ ਦੀ ਸਮਝ ਨਹੀਂ ਹੈ। ਇਸੇ ਲਈ ਉਹ ਪੰਜਾਬੀਆਂ ਦਾ ਸਾਂਝਾ ਮੰਚ ਬਣਾ ਕੇ ਲੜਨਾ ਚਾਹੁੰਦਾ ਹੈ। ਉਸ ਦੇ ਜਜ਼ਬੇ ਅਤੇ ਜਨੂੰਨ ਨੂੰ ਸਲਾਮ। ਸੱਚਮੁੱਚ ਧਰਮਵੀਰ ਗਾਂਧੀ, ਗਾਂਧੀ ਨਹੀਂ ਸ਼ਹੀਦ ਭਗਤ ਸਿੰਘ ਕਿਆਂ ‘ਚੋਂ ਹੈ । ਮੈਨੂੰ ਜਿਵੇਂ ਲੱਗਿਆ, ਲਿਖ ਦਿੱਤਾ, ਤੂਹਾਨੂੰ ਜਿਵੇਂ ਲੱਗਿਆ, ਪੜ੍ਹ ਲੈਣਾ, ਭਾਵੇਂ ਲਿਖ ਵੀ ਦੇਣਾ।
ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ
9815050617
rpsbrar’gmail.com
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …