ਬਰੈਂਪਟਨ/ਬਿਊਰੋ ਨਿਊਜ਼ : 10 ਜੂਨ ਨੂੰ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਕਲਾ ਮੰਚ ਮੁਲਾਂਪੁਰ ਦੇ ਸਹਿਯੋਗ ਨਾਲ ਦਿਖਾਈ ਗਈ ਫਿਲਮ ‘ਚੰਮ’ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਉਸੇ ਦਿਨ ਇਲਾਕੇ ਵਿੱਚ ਕਮਿਊਨਿਟੀ ਦੇ ਹੋਰ ਵੱਡੇ ਪਰੋਗਰਾਮਾਂ ਦੇ ਬਾਵਜੂਦ ਇੰਨੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਹੋਏ ਕਿ ਹਾਲ ਛੋਟਾ ਪੈ ਗਿਆ ਅਤੇ ਕਾਫੀ ਲੋਕਾਂ ਨੂੰ ਫਿਲਮ ਖੜ੍ਹੇ ਹੋ ਕੇ ਦੇਖਣੀ ਪਈ। ਦਰਸ਼ਕਾਂ ਦੇ ਚਿਹਰੇ ਅਤੇ ਉਹਨਾਂ ਨਾਲ ਕੀਤੀ ਗੱਲਬਾਤ ਅਤੇ ਫਿਲਮ ਖਤਮ ਹੋਣ ਤੋਂ ਬਾਅਦ ਵੀ ਬਹੁਤਿਆਂ ਦਾ ਉੱਥੇ ਖੜ੍ਹੇ ਰਹਿਣਾ ਇਸ ਗੱਲ ਦਾ ਪਰਤੱਖ ਸਬੂਤ ਸੀ ਕਿ ਫਿਲਮ ਨੇ ਦਰਸ਼ਕਾਂ ਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਇਆ ਹੈ।
ਧੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਭਗਵੰਤ ਰਸੂਲਪੁਰੀ ਅਤੇਡਾ: ਸੁਖਪਰੀਤ ਦੁਆਰਾ ਲਿਖਤ ਪਰੋਡਿਊਸਰਾਂ ਤੇਜਿੰਦਰਪਾਲ ਅਤੇ ਸੁਰਿੰਦਰ ਦੁਆਰਾ ਨਿਰਮਿਤ ਫਿਲਮ ‘ਚੰਮ’ ਲੋਕ ਕਲਾ ਮੰਚ ਦੇ ਸੰਸਥਾਪਕ ਮੈਂਬਰ ਰਾਜੀਵ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਬਣੀ ਇਸ ਫਿਲਮ ਵਿੱਚ ਮੁੱਖ ਕਲਾਾਕਾਰ ਸੁਰਿੰਦਰ ਸ਼ਰਮਾ, ਮਹਿਰੀਨ, ਬਲਜਿੰਦਰ, ਹਰਦੀਪ ਗਿੱਲ, ਲੱਕੀ, ਤੇਜਿੰਦਰ, ਕਰਮਜੀਤ, ਕਮਲਜੀਤ ਅਤੇ ਹਰਕੇਸ਼ ਨੇ ਬਹੁਤ ਹੀ ਜਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਦਲਿਤ ਪਰਿਵਾਰ ਦੁਆਲੇ ਘੁੰਮਦੀ ਇਸ ਫਿਲਮ ਵਿੱਚ ਦਲਿਤਾਂ, ਗਰੀਬ ਕਿਰਸਾਨਾਂ ਅਤੇ ਆਮ ਕਿਰਤੀ ਵਰਗ ਦੇ ਹੋ ਰਹੇ ਸ਼ੋਸ਼ਣ, ਵੋਟਾਂ ਸਮੇ ਹਰ ਤਰ੍ਹਾਂ ਦਾ ਹਰਬਾ ਵਰਤ ਕੇ ਸੱਤਾ ਹਾਸਲ ਕਰਨਾ, ਹੱਸਪਤਾਲਾਂ ਵਿੱਚ ਗਰੀਬਾਂ ਦਾ ਇੱਥੋਂ ਤੱਕ ਕਿ ਮਾਸੂਮ ਬਚਿੱਆਂ ਦਾ ਇਲਾਜ ਲਈ ਪੈਸੇ ਨਾ ਦੇ ਸਕਣ ਕਾਰਣ ਮੌਤ ਦੇ ਮੂੰਹ ਵਿੱਚ ਪੈਣ ਅਤੇ ਰਾਜਸੀ ਸਰਪ੍ਰਸਤੀ ਹੇਠ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਦਾ ਬਾਖੂਬੀ ਚਿਤਰਣ ਕੀਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਸਾਧਾਰਨ ਕਿਸਾਨ ਦੇ ਬੇਟੇ ਕਰਮੇ ਦੀ ਮੌਤ ਤੇ ਇਸ ਦਾ ਕਾਰਣ ਜਾਣਨ ਕਰਕੇ ਉਸ ਦਾ ਨਸ਼ਾ ਵਿਕਾਉਣ ਵਾਲੇ ਸਰਪੰਚ ਨੂੰ ਖਰੀਆਂ ਖਰੀਆਂ ਸੁਣਾਉਨਾ। ਫਿਲਮ ਦੀ ਪਾਤਰ ਨੌਜਵਾਨ ਡਾਕਟਰ ਲੜਕੀ ਜਿੱਥੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਉਂਦੀ ਹੈ ਉਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਯਤਨਸ਼ੀਲ ਹੈ। ਜਿਸ ਕਾਰਨ ਉਹ ਸਰਪੰਚ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਸਦੀ ਬਦਲੀ ਹੋ ਜਾਂਦੀ ਹੈ ਪਰੰਤੂ ਉਹ ਸਮਾਜ ਲਈ ਪ੍ਰਤੀਬੱਧ ਹੋਣ ਕਰ ਕੇ ਇਸ ਗੱਲ ਦੀ ਪਰਵਾਹ ਨਹੀਂ ਕਰਦੀ। ਨੌਜਵਾਨ ਵਰਗ ਵਿੱਚ ਅਜਿਹੇ ਵਿਅਕਤੀਆਂ ਦਾ ਹੋਣਾ ਸਮਾਜ ਦੇ ਵਧੀਆ ਭਵਿੱਖ ਦੀ ਆਸ ਬੰਨ੍ਹਾਊਂਦਾ ਹੈ। ਫਿਲਮ ਦੇ ਅੰਤ ਵਿੱਚ ਦਲਿਤ ਅਤੇ ਸਾਧਾਰਨ ਕਿਸਾਨਾ ਦਾ ਇਕੱਠੇ ਹੋਕੇ ਸਾਂਝੀ ਖੇਤੀ ਕਰਨਾ ਆਉਣ ਵਾਲੇ ਜਮਾਤੀ ਸੰਘਰਸ਼ ਅਤੇ ਲੋਕ ਮੁਕਤੀ ਦਾ ਪ੍ਰਤੀਕ ਹੈ। ਅਮੋਲਕ ਦਾ ਲਿਖਿਆ ਥੀਮ ਸੌਂਗ ਲਗਾਤਾਰ ਬਰਾਬਰੀ ਵਾਲਾ ਸਮਾਜ ਸਿਰਜਣ ਅਤੇ ਜਮਾਤੀ ਸੰਘਰਸ਼ ਦਾ ਸੁਨੇਹਾ ਦਿੰਦਾ ਹੈ।
ਅੱਜ ਦੇ ਪਦਾਰਥਵਾਦੀ ਯੁਗ ਵਿੱਚ ਪੈਸੇ ਦੀ ਹੋੜ ਵਿੱਚ ਲੱਗੇ ਕਲਾਕਾਰਾਂ ਦੁਆਰਾ ਸਭਿੱਆਚਾਰ ਦੇ ਨਾਂ ਕਲਾ ਦੁਆਰਾ ਅਸੱਭਿਅਕ ਪਰੋਗਰਾਮ ਪੇਸ਼ ਕਰਨ ਦੇ ਮੁਕਾਬਲੇ ਚੰਮ ਵਰਗੀਆਂ ਫਿਲਮਾਂ ਲੋਕਾਂ ਦੀ ਮਾਨਸਿਕ ਤ੍ਰਿਪਤੀ ਕਰਨ ਦੇ ਨਾਲ ਹੀ ਉਹਨਾਂ ਨੂੰ ਚੇਤਨ ਕਰਨ ਦਾ ਕਾਰਜ ਕਰਦੀਆਂ ਹਨ। ਗੁਰਸ਼ਰਨ ਸਿੰਘ ਦੇ ਕਥਨ ”ਸਭਿੱਆਚਾਰ ਉਹ ਨਹੀਂ ਜੋ ਨੱਚਣ ਲਾ ਦੇਵੇ, ਸਭਿੱਆਚਾਰ ਉਹ ਹੈ ਜੋ ਸੋਚਣ ਲਾ ਦੇਵੇ” ਤੇ ਇਹ ਫਿਲਮ ਪੂਰੀ ਉੱਤਰਦੀ ਹੈ। ਫਿਲਮ ‘ਚੰਮ’ ਦੀ ਸਮੁਚੀ ਟੀਮ ਦੇ ਮੈਂਬਰ ਸਮਾਜ ਲਈ ਪ੍ਰਤੀਬੱਧ ਹਨ। ਇਸ ਟੀਮ ਨੇ ਪੰਜਾਬ ਦੇ 200 ਤੋਂ ਵੱਧ ਪਿੰਡਾਂ ਵਿੱਚ ਇਸ ਦੇ ਸ਼ੋਅ ਲੋਕਾਂ ਦੇ ਘਰਾਂ ਤੱਕ ਜਾ ਕੇ ਕੀਤੇ ਹਨ। ਲੋਕਾਂ ਵਲੋਂ ਵੀ ਇਸ ਉੱਦਮ ਦਾ ਚੰਗਾ ਹੁੰਗਾਰਾ ਮਿਲਿਆ ਹੈ।
ਇਸ ਟੀਮ ਨੇ ਗੁਰਸ਼ਰਨ ਸਿੰਘ ਦੀ ਲੋਕ ਜਾਗਰਤੀ ਲਈ ਲੋਕਾਂ ਦੇ ਚੁਲ੍ਹਿਆ ਤੱਕ ਜਾ ਕੇ ਨਾਟਕ ਕਰਨ ਦੀ ਪਰੰਪਰਾ ਨੂੰ ਇਸ ਫਿਲਮ ਦੇ ਸ਼ੋਅ ਥਾਂ ਥਾਂ ਕਰਕੇ ਅੱਗੇ ਤੋਰਿਆ ਹੈ। ਜੋ ਇਸ ਟੀਮ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ। ਫਿਲਮ ਦੇ ਸ਼ੋਅ ਸਮੇਂ ਫਿਲਮ ਦੇ ਪਰਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਨੇ ਇਸ ਫਿਲਮ ਨੂੰ ਬਣਾਉਨ ਲਈ ਲੋਕਾਂ ਪ੍ਰਤੀ ਆਪਣੀ ਟੀਮ ਦਾ ਪ੍ਰਤੀਬੱਧ ਹੋਣ ਦਾ ਜਿਕਰ ਕਰਦੇ ਕਿਹਾ ਕਿ ਉਹ ਇਹ ਕਾਰਜ ਜਾਰੀ ਰੱਖ ਕੇ ਭਵਿੱਖ ਵਿੱਚ ਅਜਿਹੀਆਂ ਹੋਰ ਫਿਲਮਾਂ ਦਾ ਨਿਰਮਾਣ ਕਰ ਕੇ ਲੋਕ ਜਾਗਰਿਤੀ ਦਾ ਕਾਰਜ ਕਰਦੇ ਰਹਿਣਗੇ ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਫਿਲਮ ਮਾਧਿਅਮ ਨੂੰ ਲੋਕ ਚੇਤਨਾ ਲਈ ਵਰਤਣ ਲਈ ਹੀ ਇਸ ਟੀਮ ਨੇ ਇਹ ਫਿਲਮ ਬਣਾਈ ਹੈ।
ਅੰਤ ਤੇ ਤਰਕਸੀਲ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਨੇ ਦਰਸ਼ਕਾਂ ਦੁਆਰਾ ਦਿੱਤੇ ਬਹੁਤ ਵੱਡੇ ਹੁੰਗਾਰੇ ਦਾ ਧੰਨਵਾਦ ਕੀਤਾ ਅਤੇ ਅਜਿਹੇ ਅਗਲੇ ਪਰਾਜੈਕਟ ਸ਼ੁਰੂ ਕਰਨ ਲਈ ਟੀਮ ਦੀ ਸਹਾਇਤਾ ਲਈ ਅਪੀਲ ਕੀਤੀ ਜਿਸ ਤੇ ਦਰਸ਼ਕਾਂ ਨੇ ਫਿਲਮ ਦੀ ਟੀਮ ਲਈ ਦਿਲ ਖੋਲ੍ਹ ਕੇ ਮੱਦਦ ਕੀਤੀ ਜੋ ਇਸ ਗੱਲ ਦਾ ਸਬੂਤ ਹੈ ਕਿ ਲੋਕ ਉਹਨਾਂ ਦੇ ਜੀਵਣ ਨਾਲ ਸਬੰਧਤ ਫਿਲਮਾਂ ਨੂੰ ਸਹਿਯੋਗ ਦੇਣ ਲਈ ਤਤਪਰ ਹਨ ਅਤੇ ਅਜਿਹੀਆਂ ਫਿਲਮਾਂ ਦੇਖਣਾ ਚਾਹੁੰਦੇ ਹਨ। ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤਰਕਸੀਲ਼ ਸੁਸਾਇਟੀ ਦੇ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਨਛੱਤਰ ਬਦੇਸ਼ਾ 647-267-3397 ਜਾਂ ਬਲਜਿੰਦਰ ਸੇਖੌਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …