ਸੱਜਣਾ ਨੂੰ ਇਨਕਾਰ ਵੀ ਕਰਨਾ ਨਹੀਂ ਆਉਂਦਾ।
ਮੁਹੱਬਤ ਦਾ ਇਜ਼ਹਾਰ ਵੀ ਕਰਨਾ ਨਹੀਂ ਆਉਂਦਾ।
ਆਪਣੇ ਤਨ ‘ਤੇ ਪੀੜ੍ਹ ਹੰਢਾਈ ਬੈਠੇ ਨੇ,
ਵੰਡਾ ਲੈਣ ਥੋੜ੍ਹਾ ਭਾਰ ਵੀ ਕਰਨਾ ਨਹੀਂ ਆਉਂਦਾ।
ਸਿਤਮ ਵੀ ਔਖੇ ਹੁੰਦੇ ਝੱਲਣੇ ਦੁਨੀਆਂ ਦੇ,
ਕਿਵੇਂ ਹੋਣਾ ਦੋ ਚਾਰ ਵੀ ਕਰਨਾ ਨਹੀਂ ਆਉਂਦਾ।
ਨੈਣਾ ਨੂੰ ਇਹ ਸਮਝਣ ਜੋਗੇ ਹੋਏ ਕਦੋਂ,
ਫੁੱਲਾਂ ਤੋਂ ਵੱਖ ਖਾਰ ਵੀ ਕਰਨਾ ਨਹੀਂ ਆਉਂਦਾ।
ਇਹ ਸਾਫ਼ ਦਿਲ ਦੇ ਭੋਲ਼ੇ ਭਾਲ਼ੇ ਸੱਜਣਾ ਨੂੰ,
ਸ਼ਾਤਿਰ ਨਾਲ ਵਪਾਰ ਵੀ ਕਰਨਾ ਨਹੀਂ ਆਉਂਦਾ।
ਇਸ਼ਕ ਸਮੁੰਦਰ ਤਾਰੀ ਤਾਂ ਲਾ ਲਈ ਏ,
ਹੋਣਾ ਕਿੱਦਾਂ ਪਾਰ ਵੀ ਕਰਨਾ ਨਹੀਂ ਆਉਂਦਾ।
ਬੇਦਰਦ ਜ਼ਮਾਨੇ ਦੀਆਂ ਠੋਕਰਾਂ ਖਾ ਲਈਆਂ,
ਆਪਣੇ ਦਾ ਇਤਬਾਰ ਵੀ ਕਰਨਾ ਨਹੀਂ ਆਉਂਦਾ।
ਯਾਦਾਂ ਨੂੰ ਸੰਭਾਲੀ ਦਿਲ ‘ਚ ਫਿਰਦੇ ਉਹ,
ਕੀ ਕਹੀਏ ਦੀਦਾਰ ਵੀ ਕਰਨਾ ਨਹੀਂ ਆਉਂਦਾ।
ਦੂਰ ਰਹਿਣਾ ਮੁਸ਼ਕਿਲ ਉਨ੍ਹਾਂ ਨੂੰ ਲਗਦਾ ਹੈ,
ਮਜ਼ਬੂਰੀ ਹੈ ਪਿਆਰ ਵੀ ਕਰਨਾ ਨਹੀਂ ਆਉਂਦਾ।
ਸੁਲੱਖਣ ਸਿੰਘ
+647-786-6329