Breaking News
Home / ਰੈਗੂਲਰ ਕਾਲਮ / ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਜਰਨੈਲ ਸਿੰਘ
(ਕਿਸ਼ਤ 23ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਬਖ਼ਸ਼ੀਸ਼ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ। ਉਹ ਰੁਟੀਨ ਅਨੁਸਾਰ ਜਲੰਧਰ ਦੇ ਇੰਡੀਅਨ ਆਇਲ ਡਿਪੂ ਤੋਂ ਪੈਟਰੋਲ ਜਾਂ ਡੀਜ਼ਲ ਦਾ ਟੈਂਕਰ ਲੈ ਕੇ ਦੂਰ-ਨੇੜੇ ਦੇ ਪੈਟਰੋਲ ਪੰਪਾਂ ‘ਤੇ ਡਲਿਵਰ ਕਰਦਾ ਸੀ। ਪੈਟਰੋਲ ਪੰਪਾਂ ਦੀ ਡਿਮਾਂਡ ਪੂਰੀ ਕਰਕੇ ਕੁਝ ਡੀਜ਼ਲ ਜਾਂ ਪੈਟਰੋਲ ਟੈਂਕਰ ਦੇ ਹੇਠਲੇ ਹਿੱਸੇ ‘ਚ ਰਹਿ ਜਾਂਦਾ। ਉਸ ਵਾਧੂ ਮਾਲ ਦੀ ਲਾਲਸਾ ਹਿਤ ਪੰਪਾਂ ਵਾਲ਼ੇ ਬਖ਼ਸ਼ੀਸ਼ ਦੀ ਜੇਬ੍ਹ ਵਿਚ ਕੁਝ ਪੈਸੇ ਪਾ ਦੇਂਦੇ ਤੇ ਉਹ ਵਾਧੂ ਮਾਲ ਉਨ੍ਹਾਂ ਨੂੰ ਦੇ ਦੇਂਦਾ। ਉੱਪਰਲੀ ਕਮਾਈ ਨਾਲ਼ ਉਸਨੂੰ ਨਿੱਤ ਪੀਣ-ਪਿਆਉਣ ਦੀ ਆਦਤ ਪੈ ਗਈ। ਇਸ ਨੌਕਰੀ ਤੋਂ ਪਹਿਲਾਂ ਉਸਨੇ ਦੋ ਕੁ ਸਾਲ ਪੰਜਾਬ ‘ਚ ਟਰੱਕ-ਡਰਾਈਵਰੀ ਕੀਤੀ ਸੀ। ਕਦੀ ਉਸ ਸਮੇਂ ਦੇ ਡਰਾਈਵਰ ਤੇ ਕਦੀ ਨਵੇਂ ਬਣੇ ਬੇਲੀ ਆਪਣੇ ਕੋਲੋਂ ਇਕ-ਅੱਧੀ ਬੋਤਲ ਨਾਲ਼ ਮਹਿਫਲ ਸ਼ੁਰੂ ਕਰ ਲੈਂਦੇ ਤੇ ਫਿਰ ਉਨ੍ਹਾਂ ਦੀਆਂ ‘ਬੱਲੇ ਬਖ਼ਸ਼ੀਸ਼! ਨਹੀਂ ਰੀਸਾਂ ਤੇਰੀਆਂ’ ਵਰਗੇ ਵਾਕਾਂ ਨਾਲ਼ ਫੁੱਲਿਆ ਉਹ ਆਪਣੀ ਜ਼ੇਬ ਖਾਲੀ ਕਰਨ ਲਗ ਪੈਂਦਾ। ਸ਼ਾਮ ਨੂੰ ਟੁੰਨ ਹੋਇਆ ਘਰ ਪਹੁੰਚਦਾ। ਬਾਪੂ ਜੀ ਤੇ ਬੀਬੀ ਜੇ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨਾਲ਼ ਔਖਾ ਹੋ ਪੈਂਦਾ। ਕੁਝ ਕੁ ਵਾਰ ਉਹ ਪਿੰਡ ਦੇ ਬੰਦਿਆਂ ਨਾਲ਼ ਵੀ ਮਾਕੜ-ਧੀਕੜ ਹੋ ਪਿਆ। ਬਾਪੂ ਜੀ ਨੇ ਸਿਆਣਪ ਨਾਲ਼ ਉਹ ਮਸਲੇ ਨੱਜਿਠੇ। ਮੈਂ ਚਿੱਠੀ ਰਾਹੀਂ ਬਖ਼ਸ਼ੀਸ਼ ਨੂੰ ਪਰਿਵਾਰ ਦੇ ਅਤੀਤ ਵੱਲ ਝਾਤ ਪੁਆਈ। ਸਾਰੇ ਜੀਆਂ ਦੇ ਸਹੀ ਵਿਹਾਰ ਨਾਲ਼ ਪਰਿਵਾਰ ਵੱਲੋਂ ਅਗਾਂਹ ਪੁੱਟੇ ਕਦਮਾਂ ਦਾ ਹਵਾਲਾ ਦੇਂਦਿਆਂ, ਉਸਨੂੰ ਲੀਹ ‘ਤੇ ਆਉਣ ਲਈ ਪ੍ਰੇਰਿਆ। ਕੁਝ ਉਸ ਚਿੱਠੀ ਤੇ ਕੁਝ ਸਾਡੇ ਨਾਨੇ ਦੇ ਸਮਝਾਉਣ ਨਾਲ਼ ਫ਼ਰਕ ਪੈ ਗਿਆ। ਪਰ ਥੋੜ੍ਹੇ ਕੁ ਸਮੇਂ ਬਾਅਦ ਉਸਨੇ ਮੁੜ ਉਹੀ ਚਾਲਾ ਫੜ ਲਿਆ। ਪ੍ਰੇਸ਼ਾਨ ਹੋਏ ਬਾਪੂ ਜੀ ਨੇ ਉਸ ਨੂੰ ਅੱਡ ਕਰਨ ਦੀ ਗੱਲ ਸੁਣਾ ਤਾਂ ਦਿੱਤੀ ਸੀ ਪਰ ਬਖ਼ਸ਼ੀਸ਼ ਦੀ ਪਤਨੀ ਦੇ ਚੰਗੇ ਸੁਭਾਅ ਕਾਰਨ, ਉਹ ਅਜਿਹਾ ਕਰਨ ਲਈ ਦਿਲੋਂ ਤਿਆਰ ਨਹੀਂ ਸਨ। ਭਾਬੀ ਦੀ ਬੋਲਚਾਲ ਤੇ ਕੰਮ-ਕਾਜ ਪੱਖੋਂ ਟੱਬਰ ਨੂੰ ਕੋਈ ਸ਼ਿਕਾਇਤ ਨਹੀਂ ਸੀ। ਛੋਟੇ ਭਰਾ ਕੁਲਦੀਪ ਦੀ ਪਤਨੀ ਨੂੰ ਬਹਿਸਣ ਦੀ ਆਦਤ ਸੀ ਪਰ ਕੰਮ-ਕਾਜ ਉਹ ਵੀ ਨਿੱਠ ਕੇ ਕਰਦੀ ਸੀ। ਦਰਾਣੀ-ਜਠਾਣੀ ‘ਚ ਨੋਕ-ਝੋਕ ਹੋ ਜਾਂਦੀ ਸੀ। ਪਰ ਬੀਬੀ ਵੱਲੋਂ ਦੋਨਾਂ ਦੇ ਕੰਮ ਵੰਡੇ ਹੋਣ ਕਰਕੇ ਇੱਟ-ਖੱੜਿਕੇ ਵਾਲ਼ੀ ਸਥਿਤੀ ਨਹੀਂ ਸੀ। ਠੰਢੇ ਸੁਭਾਅ ਦਾ ਮਾਲਕ ਕੁਲਦੀਪ ਬਖ਼ਸ਼ੀਸ਼ ਨਾਲ਼ ਨਾਰਾਜ਼ਗੀ ਜ਼ਾਹਰ ਤਾਂ ਕਰਦਾ ਸੀ ਪਰ ਧੀਮੀ ਸੁਰ ‘ਚ। ਟੱਬਰ ਦਾ ਚੰਗਾ-ਭਲਾ ਢਾਂਚਾ ਬਖ਼ਸ਼ੀਸ਼ ਦੀ ਸ਼ਰਾਬਖੋਰੀ ਨੇ ਹਿਲਾ ਕੇ ਰੱਖ ਦਿੱਤਾ ਸੀ।
ਇਕ ਦਿਨ ਤ੍ਰਿਕਾਲਾਂ ਤੋਂ ਸ਼ੁਰੂ ਹੋਇਆ ਸ਼ਰਾਬ ਦਾ ਦੌਰ ਦੇਰ ਰਾਤ ਤੱਕ ਚੱਲਦਾ ਰਿਹਾ। ਬਖ਼ਸ਼ੀਸ਼ ਦੇ ਨਿੱਤ ਦੇ ਬੇਲੀ ਨਸ਼ਾ-ਪੂਰਤੀ ਕਰਕੇ ਉੱਠ ਗਏ। ਕੁਝ ਨਵੇਂ ਉਸ ਨਾਲ਼ ਆ ਬੈਠੇ। ਬੋਤਲ ਮੰਗਵਾ ਕੇ ਉਹ ਉਨ੍ਹਾਂ ਨੂੰ ਵਰਤਾਉਣ ਲੱਗ ਪਿਆ। ਪੀਂਦਿਆਂ ‘ਤੇ ਕਿਸੇ ਗੱਲੋਂ ਬਹਿਸ ਛਿੜ ਪਈ। ਟੁੰਨ ਹੋਇਆ ਬਖ਼ਸ਼ੀਸ਼ ਉਨ੍ਹਾਂ ਨੂੰ ਦਬਕੇ ਮਾਰਨ ਲੱਗ ਪਿਆ। ਉਹ ਤਾਅ ਖਾ ਗਏ। ਮੀਸਣੇ ਅੰਦਾਜ਼ ਵਿਚ ‘ਉਸਤਾਦ ਜੀ, ਉਸਤਾਦ ਜੀ’ ਕਰਦਿਆਂ ਵੱਡਾ ਪੈੱਗ ਪਾ ਕੇ ਗਲਾਸ ਉਸਦੇ ਮੂੰਹ ਨੂੰ ਲਾ ਦਿੱਤਾ। ਉਹ ਪਹਿਲਾਂ ਹੀ ਵਾਧੂ ਪੀ ਚੁੱਕਾ ਸੀ। ਕੁਝ ਮਿੰਟਾ ਬਾਅਦ ਉਹ ਬੇਸੁਰਤ ਹੋ ਗਿਆ। ਅੱਧੀ ਰਾਤ ਤੋਂ ਬਾਅਦ ਜਦੋਂ ਉਸ ਨੂੰ ਸੁਰਤ ਆਈ ਉਹ ਹੈਰਾਨ ਰਹਿ ਗਿਆ, ਉਹ ਹੁਸ਼ਿਆਰਪੁਰ-ਜਲੰਧਰ ਦੀ ਰੇਲ-ਪਟੜੀ ‘ਤੇ ਪਿਆ ਸੀ। ਇਹ ਕਾਰਾ ਮੀਸਣਿਆਂ ਨੇ ਕੀਤਾ ਸੀ, ਦਬਕਿਆਂ ਦਾ ਬਦਲਾ ਲੈਣ ਲਈ। ਮੌਸਮ ਸਰਦੀ ਦਾ ਸੀ, ਠੰਢ ਲੱਗਣ ਨਾਲ਼ ਸੁਰਤ ਛੇਤੀ ਆ ਗਈ। ਉਸ ਲਾਈਨ ‘ਤੇ ਰਾਤ ਨੂੰ ਰੇਲ-ਸਰਵਿਸ ਘੱਟ ਹੋਣ ਕਰਕੇ ਉਦੋਂ ਤੱਕ ਕੋਈ ਰੇਲ਼ ਵੀ ਨਹੀਂ ਸੀ ਆਈ। ਮਨ ਨੂੰ ਠੋਕਰ ਲੱਗੀ। ਉਸਨੇ ਅੰਮ੍ਰਿਤ ਛਕ ਲਿਆ ਤੇ ਸ਼ਰਾਬ ਤੋਂ ਤੌਬਾ ਕਰ ਲਈ। ਪਰਿਵਾਰ ਲਈ ਸੁਖਾਵੀਂ ਗੱਲ ਸੀ ਇਹ। ਪਰ ਕੁਝ ਮਹੀਨਿਆਂ ਬਾਅਦ ਜਦੋਂ ਉਹ ‘ਗੁਰਦੁਆਰਾ ਹਰੀਆਂ ਵੇਲਾਂ’ ਤੋਂ ਅੰਮ੍ਰਿਤ ਛਕ ਕੇ ਨਿਹੰਗ ਬਣਿਆਂ ਤਾਂ ਸਾਨੂੰ ਚੰਗਾ ਨਾ ਲੱਗਾ। ਅਸੀਂ ਨਿਹੰਗਾਂ ਨੂੰ ਪਰਿਵਾਰਕ ਜ਼ਿਮੇਵਾਰੀ ਪੱਖੋਂ ਲਾਪ੍ਰਵਾਹ ਬੰਦੇ ਸਮਝਦੇ ਸਾਂ। ਸਾਨੂੰ ਇਹ ਵੀ ਸ਼ੰਕਾ ਸੀ ਕਿ ਉਹ ਸ਼ਰਾਬ ਦੀ ਥਾਂ ਕੋਈ ਹੋਰ ਨਸ਼ਾ ਸ਼ੁਰੂ ਕਰੇਗਾ। ਉਸਨੇ ਨੌਕਰੀ ਛੱਡ ਦਿੱਤੀ ਸੀ। ਸਵੇਰੇ ਨਿਤਨੇਮ ਕਰਕੇ ਜਦੋਂ ਉਹ ਖੇਤਾਂ ‘ਚ ਪਹੁੰਚਦਾ, ਛਾਹ ਵੇਲਾ ਹੋ ਚੁੱਕਾ ਹੁੰਦਾ।
ਇਸ ਗੱਲੋਂ ਜਦੋਂ ਬਾਪੂ ਜੀ ਗੁੱਸੇ ਹੁੰਦੇ ਤਾਂ ਉਹ ਜਰ ਲੈਂਦਾ, ਮੂਹਰੇ ਨਹੀਂ ਸੀ ਬੋਲਦਾ। ਅੰਮ੍ਰਿਤ ਛਕ ਕੇ ਉਹ ਬਖ਼ਸ਼ੀਸ਼ ਸਿੰਘ ਤੋਂ ਦਲਜੀਤ ਸਿੰਘ ਬਣ ਗਿਆ ਸੀ।
ਮੈਂ ਜਦੋ ਛੁੱਟੀ ਗਿਆ ਉਹ ਸਾਨੂੰ ਪਹਿਲਾਂ ਵਾਂਗ ਹੀ ਸਨੇਹ ਨਾਲ਼ ਮਿਲ਼ਿਆ। ਪਰ ਮੈਂ ਉਸ ਨਾਲ਼ ਖੁੱਲ੍ਹ ਨਾ ਸਕਿਆ। ਉਹ ਆਪ ਹੀ ਕੋਈ ਗੱਲ ਸ਼ੁਰੂ ਕਰ ਲੈਂਦਾ। ਮੈਂ ‘ਹੂੰ, ਹਾਂ’ ਕਰਕੇ ਚੁੱਪ ਹੋ ਜਾਂਦਾ। ਉਸ ਨਾਲ਼ ਬਹੁਤੀ ਗੱਲ ਨਾ ਕਰਨ ਦਾ ਇਕ ਕਾਰਨ ਹੋਰ ਵੀ ਸੀ। ਮੈਂ ਐਮ.ਏਦੇ ਪੇਪਰ ਦੇਣੇ ਸਨ। ਆਪਣਾ ਸਾਰਾ ਧਿਆਨ ਮੈਂ ਪੇਪਰਾਂ ‘ਚ ਲਾਉਣਾ ਚਾਹੁੰਦਾ ਸਾਂ, ਉਸ ਨਾਲ਼ ਬਹਿਸ ‘ਚ ਪੈ ਕੇ ਕੋਈ ਟੈਨਸ਼ਨ ਨਹੀਂ ਸੀ ਲੈਣੀ ਚਾਹੁੰਦਾ। ਪੇਪਰਾਂ ਤੋਂ ਵਿਹਲਾ ਹੋ ਕੇ ਮੈਂ ਖੁੰਦਕ ਜਿਹੀ ‘ਚ ਨਿਹੰਗਾਂ ਦੇ ਭੰਗ ਪੀਣ ਦੀ ਗੱਲ ਛੇੜ ਲਈ। ਉਹ ਕਹਿਣ ਲੱਗਾ, ”ਮੈਂ ਸੁੱਖ-ਨਿਧਾਨ ਨਹੀਂ ਛਕਦਾ। ਹੋਲੇ-ਮੱਹਲੇ ‘ਤੇ ਨਿਹੰਗ ਸਿੰਘਾਂ ਵੱਲੋਂ ਝਟਕਾਏ ਜਾਂਦੇ ਬੱਕਰੇ ਦਾ ਮੀਟ ਵੀ ਨਹੀਂ। ਸਾਡੇ ਜਥੇਦਾਰ ਬਾਬਾ ਨਿਹਾਲ ਸਿੰਘ ਵੀ ਇਹ ਚੀਜ਼ਾਂ ਨਹੀਂ ਛਕਦੇ।” ਤੇ ਉਹ ਆਪਣੀ ਜਥੇਬੰਦੀ ਦੇ ਨਿਯਮ ਦੱਸਣ ਲੱਗ ਪਿਆ, ”ਅਸੀਂ ਮੱਸਿਆ ਅਤੇ ਹੋਰ ਦਿਨ-ਦਿਹਾਰਾਂ ‘ਤੇ ਹੀ ਗੁਰਦਵਾਰਾ ਹਰੀਆਂ ਵੇਲਾਂ ਜਾਂਦੇ ਆਂ। ਸਾਨੂੰ ਹਮੇਸ਼ਾ ਡੇਰੇ ‘ਚ ਰਹਿਣ ਦੀ ਲੋੜ ਨਹੀਂ। ਜਥੇਦਾਰ ਸਾਹਬ ਕਹਿੰਦੇ ਆ ਪਈ ਆਪਣੇ ਟੱਬਰਾਂ ‘ਚ ਰਹਿ ਕੇ ਕਿਰਤ ਕਰੋ ਤੇ ਨਾਮ ਜਪੋ। ਜਦੋਂ ਸਾਨੂੰ ਕਿਤੇ ਮੋਰਚਾ ਲਾਉਣਾ ਪਿਆ, ਤੁਹਾਨੂੰ ਸੱਦ ਲਵਾਂਗੇ। ਜਿਹੜੇ ਸਿੰਘ ਪੱਕੇ ਤੌਰ ‘ਤੇ ਡੇਰੇ ‘ਚ ਰਹਿੰਦੇ ਆ, ਬਾਬਾ ਜੀ ਨੇ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਆਂ। ਡੇਰੇ ਦੇ ਨਾਂ ਸੌ ਏਕੜ ਤੋਂ ਵੱਧ ਜ਼ਮੀਨ ਆਂ। ਖੇਤੀਬਾੜੀ ਤੇ ਮੱਝਾਂ-ਗਾਈਆਂ ਤੇ ਘੋੜਿਆਂ ਦੇ ਪੱਠੇ-ਦੱਥੇ ਦੇ ਕਾਫ਼ੀ ਕੰਮ ਆਂ। ਬਾਬਾ ਜੀ ਦੀ ਸਖਤ ਹਦੈਤ ਆ ਕਿ ਤਰਨਾ ਦਲ ਹਰੀਆਂ ਵੇਲਾਂ ਦਾ ਕੋਈ ਵੀ ਨਿਹੰਗ ਬਿਨਾਂ ਟਿਕਟ ਰੇਲ ਦਾ ਸਫਰ ਨਾ ਕਰੇ।”
”ਮੋਰਚੇ ਕਿਉਂ ਲਾਏ ਜਾਂਦੇ ਆ?” ਮੈਂ ਸਵਾਲ ਕੀਤਾ।
”ਜਦੋਂ ਕਿਸੇ ਗੁਰਦਵਾਰੇ ‘ਚ ਮਰਯਾਦਾ ਭੰਗ ਹੁੰਦੀ ਹੈ ਜਾਂ ਗਲਤ ਕੰਮ ਹੁੰਦੇ ਆ, ਉਸਦਾ ਸੁਧਾਰ ਕਰਨ ਲਈ।” ਫਿਰ ਉਸਨੇ ਇਤਿਹਾਸਿਕ ਗੁਰਦੁਵਾਰਾ ਪਾਉਂਟਾ ਸਾਹਿਬ ਦੇ ਮੋਰਚੇ ਦੀ ਗੱਲ ਛੇੜ ਲਈ, ”ਓਥੋਂ ਦੇ ਪ੍ਰਬੰਧਕ ਬੇਈਮਾਨੀਆਂ ਤੇ ਕੁਤਾਹੀਆਂ ਕਰ ਰਹੇ ਸੀ। ਜਥੇ ਨੇ ਅਖੰਡ ਪਾਠ ਸ਼ੁਰੂ ਕਰਕੇ ਮੋਰਚਾ ਲਾ ਦਿੱਤਾ। ਉਦੋਂ ਬਾਬਾ ਹਰਭਜਨ ਸਿੰਘ ਜਥੇਦਾਰ ਸੀ। ਪ੍ਰਬੰਧਕਾਂ ਨੇ ਪੁਲਿਸ ਨੂੰ ਵੱਢੀ ਦੇ ਕੇ ਆਪਣੇ ਨਾਲ਼ ਗੰਢ ਲਿਆ। ਪੁਲਸੀਆਂ ਨੇ ਆ ਕੇ ਜਥੇਦਾਰਾਂ ਨਾਲ਼ ਕੋਈ ਗੱਲ ਨਾ ਕੀਤੀ। ਸਿੱਧਾ ਆਰਡਰ ਦੇ ਦਿੱਤਾ ਕਿ ਅਖੰਡ ਪਾਠ ਬੰਦ ਕਰੋ। ਬਾਬਾ ਨਿਹਾਲ ਸਿੰਘ ਉਦੋਂ ਛੋਟੇ ਜਥੇਦਾਰ ਸੀ। ਇਹ ਚੌਰ ਦੀ ਸੇਵਾ ਕਰ ਰਹੇ ਸੀ। ਪੁਲਿਸ ਨੇ ਗੋਲ਼ੀ ਚਲਾ ਦਿੱਤੀ। ਗਿਆਰਾਂ ਸਿੰਘ ਸ਼ਹੀਦ ਹੋ ਗਏ। ਬਾਬਾ ਨਿਹਾਲ ਸਿੰਘ ਦੇ ਤਿੰਨ ਗੋਲ਼ੀਆਂ ਲੱਗੀਆਂ। ਡਾਕਟਰਾਂ ਨੇ ਦੋ ਤਾਂ ਕੱਢ ਦਿੱਤੀਆਂ ਪਰ ਤੀਜੀ ਸਰੀਰ ‘ਚ ਹੀ ਹੈ। ਮੈਂ ਸਮਝ ਗਿਆ ਕਿ ਦਲਜੀਤ ਸਿੰਘ ਬਾਬਾ ਨਿਹਾਲ ਸਿੰਘ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਬਣਿਆਂ ਸੀ। ਤੇ ਉਹ ਆਪਣੇ ਚੁਣੇ ਹੋਏ ਜੀਵਨ-ਢੰਗ ਪ੍ਰਤੀ ਦ੍ਰਿੜ ਸੀ ਪਰ ਟੱਬਰ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦਾ। ਸਾਰੇ ਜੀਆਂ ਨਾਲ਼ ਉਸਦਾ ਪਿਆਰ-ਸਤਿਕਾਰ ਪਹਿਲਾਂ ਵਾਂਗ ਹੀ ਬਰਕਰਾਰ ਸੀ। ਮੇਰੇ ਤੇ ਕੁਲਦੀਪ ਦੇ ਨਿਆਣਿਆਂ ਨੂੰ ਉਹ ਆਪਣੇ ਨਿਆਣਅਿਾਂ ਨਾਲ਼ੋਂ ਵੱਧ ਪਿਆਰ ਕਰਦਾ ਸੀ। ਭਾਬੀ ਨੇ ਵੀ ਅੰਮ੍ਰਿਤ ਛਕ ਲਿਆ ਸੀ। ਉਹ ਦਲਜੀਤ ਸਿੰਘ ਤੇ ਅਪਣੀ ਰੋਟੀ-ਪਾਣੀ ਦੇ ਸੁਚਮ ਦਾ ਖਿਆਲ ਰੱਖਦੀ।
ਗੁਰਦਵਾਰਾ ਹਰੀਆਂ ਵੇਲਾਂ ਵਿਖੇ ਕੋਈ ਸਮਾਗਮ ਸੀ। ਉਨ੍ਹਾਂ ਦੀ ਜਥੇਬੰਦੀ ਨੂੰ ਵੇਖਣ-ਜਾਚਣ ਲਈ ਮੈਂ ਵੀ ਦਲਜੀਤ ਸਿੰਘ ਨਾਲ਼ ਚਲਾ ਗਿਆ।
ਗੁਰਦੁਆਰਾ ਸਾਹਿਬ ਦੇ ਇਤਿਹਾਸਕ ਬੋਰਡ ਮੁਤਾਬਿਕ ਸ੍ਰੀ ਗੁਰੂ ਹਰਿ ਰਾਇ ਜੀ ਨੇ 2200 ਘੋੜ-ਸਵਾਰ ਸਿੰਘਾਂ ਸਮੇਤ 15 ਸਤੰਬਰ 1651 ਈਸਵੀ ਨੂੰ ਇਸ ਅਸਥਾਨ ‘ਤੇ ਚਰਨ ਪਾਏ ਸਨ। ਰਾਗੀ ਸਿੰਘਾਂ ਦੇ ਕੀਰਤਨ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਨੇ ਆਪਣੇ ਭਾਸ਼ਣ ਦੌਰਾਨ ਸੰਗਤ ਨੂੰ ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਨੂੰ ਨਕਾਰਨ ਤੇ ਗੁਰਬਾਣੀ ਵਿਚ ਦ੍ਰਿੜ ਵਿਸ਼ਵਾਸ ਬਣਾਉਣ ਲਈ ਅਪੀਲ ਕੀਤੀ। ਬਾਬਾ ਜੀ ਦਾ ਬੋਲਣ-ਢੰਗ ਸਪੱਸ਼ਟ ਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦੇ ਪ੍ਰਵਚਨਾਂ ਵਿਚੋਂ ਗੁਰਬਾਣੀ, ਗੁਰਮਤਿ ਅਤੇ ਸਿੱਖ-ਇਤਹਾਸ ਦਾ ਗਿਆਨ ਝਲਕਦਾ ਸੀ।
ਮੈਂ ਪਿਛਲੇ ਪੰਨਿਆਂ ‘ਤੇ ਦੱਸ ਆਇਆ ਹਾਂ ਕਿ ਸਾਡੇ ਪਿੰਡ ਬਾਬਾ ਰੂਪ ਦੇਵ ਜੀ ਦੇ ਵਾਰਸਾਂ ਨੇ ਬਾਬਾ ਜੀ ਦੇ ਨਾਂ ‘ਤੇ ਬਣੇ ਗੁਰਦਵਵਰੇ ਨੂੰ ਆਪਣੇ ਵੰਸ਼ ਦੀ ਜਾਇਦਾਦ ਬਣਾ ਲਿਆ ਸੀ, ਜਿਸਦੇ ਵਿਰੋਧ ਵਿਚ ਬਾਪੂ ਜੀ ਤੇ ਉਨ੍ਹਾਂ ਦੇ ਹਮ-ਖਿਆਲੀਆਂ ਨੇ ਧਾਰਮਿਕ ਦਿਨ-ਤਿਉਹਾਰ ਜੰਞ ਘਰ ‘ਚ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਦਲਜੀਤ ਸਿੰਘ ਨੇ ਅੰਮ੍ਰਿਤਧਾਰੀ ਹੋਣ ਉਪਰੰਤ ਗੁਰਦਵਾਰਾ ਬਣਾਉਣ ਲਈ ਕਦਮ ਉਠਾ ਲਿਆ। ਉਸਨੇ ਕੁਝ ਸਾਲ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ‘ਚ ਟੱਰਕ ਡਰਾਇਵਰੀ ਕੀਤੀ ਹੋਈ ਸੀ। ਉਹ ਉਨ੍ਹਾਂ ਥਾਵਾਂ ਦੇ ਟਰੱਕਿੰਗ ਭਾਈਚਾਰੇ ਦੇ ਆਪਣੇ ਦੋਸਤਾਂ ਤੋਂ ਉਗਰਾਹੀ ਕਰ ਲਿਆਇਆ। ਕੁਝ ਰਕਮ ਪਿੰਡ ਦੇ ਲੋਕਾਂ ਵੱਲੋਂ ਇਕੱਠੀ ਹੋ ਗਈ। ਸਾਦੀ ਜਿਹੀ ਬਿਲਡਿੰਗ ਵਾਲ਼ਾ ‘ਗੁਰਦਵਾਰਾ ਕਲਗੀਧਰ ਸਾਹਿਬ’ ਬਣ ਗਿਆ। ਪ੍ਰਬੰਧ ਵਾਸਤੇ ਨਿਧਾਨ ਸਿੰਘ, ਦਲਜੀਤ ਸਿੰਘ, ਹਜਾਰਾ ਸਿੰਘ ਤੇ ਮਲਕੀਅਤ ਸਿੰਘ ਦੀ ਕਮੇਟੀ ਬਣ ਗਈ।
(ਇਹ ਚੈਪਟਰ ਇਥੇ ਸਮਾਪਤ ਹੁੰਦਾ ਹੈ)
(ਚਲਦਾ)

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …