Breaking News
Home / ਨਜ਼ਰੀਆ / ਆਸਟਰੇਲੀਆ ਛੇਵੀਂ ਵਾਰ ਵਿਸ਼ਵ ਕ੍ਰਿਕਟ ਚੈਂਪੀਅਨ

ਆਸਟਰੇਲੀਆ ਛੇਵੀਂ ਵਾਰ ਵਿਸ਼ਵ ਕ੍ਰਿਕਟ ਚੈਂਪੀਅਨ

ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ: ਆਸਟਰੇਲੀਆ ਦੀ ਕ੍ਰਿਕਟ ਟੀਮ ਨੇ ਲੰਘੇ ਕੱਲ੍ਹ ਐਤਵਾਰ ਨੂੰ ਭਾਰਤੀ ਟੀਮ ਨੂੰ ਹਰਾ ਕੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਹੈ, ਜਿਸ ਨਾਲ ਆਸਟਰੇਲੀਆ ‘ਚ ਜਸ਼ਨ ਦਾ ਮਾਹੌਲ ਰਿਹਾ ਅਤੇ ਭਾਰਤ ਵਿਚ ਕ੍ਰਿਕਟ ਖੇਡ ਨੂੰ ਚਾਹੁਣ ਵਾਲਿਆਂ ਵਿਚ ਨਿਰਾਸ਼ਾ ਦੇਖੀ ਗਈ। ਇਹ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਹੋਰ ਖਿਡਾਰੀ ਭਾਵੁਕ ਵੀ ਹੋ ਗਏ ਸਨ। ਇਸ ਵਿਸ਼ਵ ਕੱਪ ਦਾ ਉਦਘਾਟਨੀ ਮੈਚ 5 ਅਕਤੂਬਰ ਨੂੰ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ ਸੀ ਅਤੇ ਲੰਘੇ ਕੱਲ੍ਹ ਫਾਈਨਲ ਮੈਚ ਵੀ ਇਸੇ ਸਟੇਡੀਅਮ ਵਿਚ ਹੀ ਖੇਡਿਆ ਗਿਆ। ਇਸ ਫਾਈਨਲ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਸਿਆਸੀ ਆਗੂ ਅਤੇ ਫਿਲਮੀ ਸਿਤਾਰੇ ਪਹੁੰਚੇ ਹੋਏ ਸਨ।
ਮਿਸ਼ੇਲ ਸਟਾਰਕ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਟਰੈਵਿਸ ਹੈੱਡ (137) ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਉਪਰੋਥਲੀ ਨੌਵੀਂ ਜਿੱਤ ਨਾਲ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਿਆ ਹੈ। ਭਾਰਤ ਇਕ ਵਾਰ ਫਿਰ ਆਈਸੀਸੀ ਟੂਰਨਾਮੈਂਟਾਂ ਵਿਚ ਫਾਈਨਲ ਦਾ ਦਬਾਅ ਝੱਲਣ ਵਿੱਚ ਨਾਕਾਮ ਰਿਹਾ। ਇਸੇ ਸਾਲ ਖੇਡੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਨੂੰ ਕੰਗਾਰੂਆਂ ਹੱਥੋਂ ਸ਼ਿਕਸਤ ਝੱਲਣੀ ਪਈ ਸੀ। 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਨੇ ਹੀ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਾਹ ਦਿਖਾਇਆ ਸੀ। ਆਸਟਰੇਲੀਅਨ ਟੀਮ ਨੇ ਮੈਚ ਜਿੱਤ ਕੇ 140 ਕਰੋੜ ਭਾਰਤੀਆਂ ਦਾ ਦਿਲ ਤੇ ਮੇਜ਼ਬਾਨ ਟੀਮ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਤੋੜ ਦਿੱਤਾ। ਉਪਰੋਥਲੀ 10 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਟੀਮ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਤੀਜਾ ਵਿਸ਼ਵ ਕੱਪ ਜਿੱਤਣ ਦੀ ਉਮੀਦ ਸੀ। ਟੂਰਨਾਮੈਂਟ ਦੇ ਸਭ ਤੋਂ ਸਫ਼ਲ ਬੱਲੇਬਾਜ਼ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਨੇ ਇਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਦੂਜੀ ਵਾਰ ਹਿੱਸਾ ਬਣਨ ਜਦੋਂਕਿ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਚੈਂਪੀਅਨ ਬਣਨਾ ਦਾ ਸੁਪਨਾ ਦੇਖਿਆ ਸੀ, ਪਰ ਪੈਟ ਕਮਿਨਸ ਨੇ ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ।
ਆਸਟਰੇਲੀਅਨ ਟੀਮ ਨੇ ਭਾਰਤ ਖਿਲਾਫ਼ ਪਹਿਲੇ ਮੈਚ ਸਣੇ ਲਗਾਤਾਰ ਦੋ ਹਾਰ ਨਾਲ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਸੀ, ਪਰ ਫਿਰ ਲਗਾਤਾਰ ਨੌਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੂਰਨਾਮੈਂਟ ਵਿੱਚ ਬਣਾਈਆਂ 765 ਦੌੜਾਂ ਲਈ ‘ਪਲੇਅਰ ਆਫ ਦੀ ਸੀਰੀਜ਼’ ਐਲਾਨਿਆ ਗਿਆ। ਕੋਹਲੀ ਨੇ 95.62 ਦੀ ਔਸਤ ਤੇ 90.31 ਦੇ ਸਟਰਾਈਕ ਰੇਟ ਨਾਲ ਤਿੰਨ ਸੈਂਕੜੇ ਤੇ ਦੋ ਨੀਮ ਸੈਂਕੜੇ ਵੀ ਜੜੇ। ਉਂਜ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਬੱਲੇਬਾਜ਼ ਨੇ 700 ਦੌੜਾਂ ਬਣਾਈਆਂ। ਕੋਹਲੀ ਨੇ ਸਚਿਨ ਤੇਂਦੁਲਕਰ ਵੱਲੋਂ 2003 ਵਿਸ਼ਵ ਕੱਪ ਵਿੱਚ ਬਣਾਏ 673 ਦੌੜਾਂ ਦੇ ਰਿਕਾਰਡ ਨੂੰ ਤੋੜਿਆ।
ਆਸਟਰੇਲੀਆ ਨੇ ਭਾਰਤ ਵੱਲੋਂ ਦਿੱਤੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੈੱਡ ਦੀ 137 ਦੌੜਾਂ ਦਾ ਪਾਰੀ (ਚਾਰ ਛੱਕੇ ਤੇ 15 ਚੌਕੇ) ਤੋਂ ਇਲਾਵਾ ਮਾਰਨਸ ਲਾਬੂਸ਼ੇਨ (110 ਗੇਂਦਾਂ ਵਿੱਚ ਨਾਬਾਦ 58 ਦੌੜਾਂ) ਨਾਲ ਚੌਥੇ ਵਿਕਟ ਲਈ 192 ਦੌੜਾਂ ਦੀ ਭਾਈਵਾਲੀ ਸਦਕਾ 43 ਓਵਰ ਵਿੱਚ ਚਾਰ ਵਿਕਟ ‘ਤੇ 241 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਜੌਹੈੱਨਸਬਰਗ ਵਿੱਚ 2003 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਖਿਲਾਫ਼ ਮਿਲੀ ਹਾਰ ਦਾ ਬਦਲਾ ਲੈਣ ਵਿਚ ਵੀ ਨਾਕਾਮ ਰਿਹਾ। ਆਸਟਰੇਲੀਆ ਨੇ ਇਸ ਤੋਂ ਪਹਿਲਾਂ 1987, 1999, 2003, 2007 ਤੇ 2015 ਵਿਚ ਵੀ ਖਿਤਾਬੀ ਜਿੱਤ ਦਰਜ ਕੀਤੀ ਸੀ ਜਦੋਂਕਿ ਭਾਰਤ ਨੇ 1983 ਤੇ 2011 ਵਿਚ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤੀ ਪਾਰੀ ਲੋਕੇਸ਼ ਰਾਹੁਲ (66) ਤੇ ਵਿਰਾਟ ਕੋਹਲੀ (54) ਦੇ ਨੀਮ ਸੈਂਕੜਿਆਂ ਤੇ ਦੋਵਾਂ ਦਰਮਿਆਨ ਚੌਥੇ ਵਿਕਟ ਲਈ 67 ਦੌੜਾਂ ਦੀ ਭਾਈਵਾਲੀ ਦੇ ਬਾਵਜੂਦ 50 ਓਵਰਾਂ ਵਿੱਚ 240 ਦੌੜਾਂ ‘ਤੇ ਸਿਮਟ ਗਈ। ਕਪਤਾਨ ਰੋਹਿਤ ਸ਼ਰਮਾ (47) ਨੇ ਪਾਰੀ ਦਾ ਆਗਾਜ਼ ਕਰਦੇ ਹੋਏ ਇਕ ਵਾਰ ਫਿਰ ਤੇਜ਼ਤੱਰਾਰ ਪਾਰੀ ਖੇਡੀ। ਆਸਟਰੇਲੀਆ ਲਈ ਸਟਾਰਕ 55 ਦੌੜਾਂ ਬਦਲੇ ਤਿੰਨ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ।

ਅੱਜ ਸਾਡਾ ਦਿਨ ਨਹੀਂ ਸੀ ਪਰ ਮੈਨੂੰ ਟੀਮ ‘ਤੇ ਮਾਣ: ਰੋਹਿਤ
ਅਹਿਮਦਾਬਾਦ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ ਕਿ ਵਿਸ਼ਵ ਕੱਪ ਫਾਈਨਲ ਵਿੱਚ ਬੱਲੇਬਾਜ਼ੀ ਚੰਗੀ ਨਹੀਂ ਰਹੀ ਜਿਸ ਕਾਰਨ ਨਤੀਜਾ ਹੱਕ ਵਿੱਚ ਨਹੀਂ ਆਇਆ ਪਰ ਉਸ ਨੂੰ ਪੂਰੀ ਟੀਮ ‘ਤੇ ਮਾਣ ਹੈ। ਉਸ ਨੇ ਕਿਹਾ, ”ਨਤੀਜਾ ਸਾਡੇ ਹੱਕ ‘ਚ ਨਹੀਂ ਰਿਹਾ। ਅਸੀਂ ਜਾਣਦੇ ਹਾਂ ਕਿ ਅਸੀਂ ਚੰਗਾ ਨਹੀਂ ਖੇਡੇ ਪਰ ਮੈਨੂੰ ਟੀਮ ‘ਤੇ ਮਾਣ ਹੈ। ਜੇ ਅਸੀਂ ਸਕੋਰ ‘ਚ 20-30 ਦੌੜਾਂ ਹੋਰ ਜੋੜੀਆਂ ਹੁੰਦੀਆਂ ਤਾਂ ਚੰਗਾ ਹੁੰਦਾ। ਅਸੀਂ ਬੱਲੇਬਾਜ਼ੀ ਚੰਗੀ ਨਹੀਂ ਕੀਤੀ। ਜਦੋਂ ਕੇਐਲ ਰਾਹੁਲ ਅਤੇ ਵਿਰਾਟ ਬੱਲੇਬਾਜ਼ੀ ਕਰ ਰਹੇ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸੀਂ 270-280 ਦੇ ਸਕੋਰ ਤੱਕ ਪਹੁੰਚ ਜਾਵਾਂਗੇ ਪਰ ਅਸੀਂ ਲਗਾਤਾਰ ਵਿਕਟ ਗੁਆਉਂਦੇ ਗਏ।” ਰੋਹਿਤ ਨੇ ਕਿਹਾ, ”ਆਸਟਰੇਲੀਆ ਨੇ ਤਿੰਨ ਵਿਕਟਾਂ ਗੁਆ ਕੇ ਵੱਡੀ ਭਾਈਵਾਲੀ ਕੀਤੀ। 240 ਦੌੜਾਂ ਬਣਾਉਣ ਤੋਂ ਬਾਅਦ ਅਸੀਂ ਜਲਦੀ ਵਿਕਟਾਂ ਲੈਣੀਆਂ ਚਾਹੁੰਦੇ ਸੀ ਪਰ ਸਿਹਰਾ ਟਰੈਵਿਸ ਹੈੱਡ ਅਤੇ ਮਾਰਨਸ ਲਾਬੂਸ਼ੇਨ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਾਨੂੰ ਪੂਰੀ ਤਰ੍ਹਾਂ ਖੇਡ ਤੋਂ ਬਾਹਰ ਕਰ ਦਿੱਤਾ।” ਇਸੇ ਤਰ੍ਹਾਂ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਅਸੀਂ ਆਖਰੀ ਮੈਚ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਬਚਾ ਕੇ ਰੱਖਿਆ ਸੀ।
ਬੱਲੇਬਾਜ਼ੀ ‘ਚ ਕੋਹਲੀ ਤੇ ਗੇਂਦਬਾਜ਼ੀ ‘ਚ ਮੁਹੰਮਦ ਸ਼ਮੀ ਰਿਹਾ ਅੱਵਲ
ਅਹਿਮਦਾਬਾਦ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਸੇ ਤਰ੍ਹਾਂ ਮੁਹੰਮਦ ਸ਼ਮੀ ਸ਼ੁਰੂਆਤੀ ਚਾਰ ਮੈਚਾਂ ‘ਚੋਂ ਬਾਹਰ ਰਹਿਣ ਦੇ ਬਾਵਜੂਦ ਇਸ ਵਿਸ਼ਵ ਕੱਪ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਕੋਹਲੀ ਨੇ ਵਿਸ਼ਵ ਕੱਪ 2023 ਵਿੱਚ 11 ਮੈਚਾਂ ਵਿੱਚ 95.92 ਦੀ ਔਸਤ ਨਾਲ 765 ਦੌੜਾਂ ਬਣਾਈਆਂ, ਜੋ ਵਿਸ਼ਵ ਰਿਕਾਰਡ ਹੈ। ਉਸ ਨੇ ਤਿੰਨ ਸੈਂਕੜੇ ਅਤੇ ਛੇ ਨੀਮ ਸੈਂਕੜੇ ਜੜੇ। ਹਾਲਾਂਕਿ ਉਹ ਭਾਰਤ ਨੂੰ ਇੱਕ ਵਾਰ ਫਿਰ ਚੈਂਪੀਅਨ ਬਣਵਾਉਣ ਵਿੱਚ ਨਾਕਾਮ ਰਿਹਾ।
ਕੋਹਲੀ ਨੇ ਆਪਣੇ ਆਦਰਸ਼ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਭਾਰਤੀ ਕਪਤਾਨ ਰੋਹਿਤ ਸ਼ਰਮਾ 11 ਮੈਚਾਂ ਵਿੱਚ ਇੱਕ ਸੈਂਕੜੇ ਅਤੇ ਤਿੰਨ ਨੀਮ ਸੈਂਕੜਿਆਂ ਦੀ ਮਦਦ ਨਾਲ 54.27 ਦੀ ਔਸਤ ਨਾਲ 597 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਰਿਹਾ। ਉਧਰ ਭਾਰਤ ਦੇ ਪਹਿਲੇ ਚਾਰ ਮੈਚਾਂ ‘ਚੋਂ ਬਾਹਰ ਹੋਣ ਦੇ ਬਾਵਜੂਦ ਸ਼ਮੀ ਸੱਤ ਮੈਚਾਂ ਵਿੱਚ 10.70 ਦੀ ਸ਼ਾਨਦਾਰ ਔਸਤ ਨਾਲ 24 ਵਿਕਟਾਂ ਲੈ ਕੇ ਟੂਰਨਾਮੈਂਟ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਟੂਰਨਾਮੈਂਟ ਵਿੱਚ ਤਿੰਨ ਵਾਰ ਪਾਰੀ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਖਿਲਾਫ 57 ਦੌੜਾਂ ਦੇ ਕੇ ਸੱਤ ਵਿਕਟਾਂ ਲੈਣਾ ਉਸ ਦਾ ਸਰਬੋਤਮ ਪ੍ਰਦਰਸ਼ਨ ਸੀ।

ਅਸੀਂ ਹਮੇਸ਼ਾ ਭਾਰਤੀ ਟੀਮ ਨਾਲ ਖੜ੍ਹੇ ਹਾਂ: ਮੋਦੀ
ਨਵੀਂ ਦਿੱਲੀ: ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਦੇ ਹੁਨਰ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ, ”ਅਸੀਂ ਅੱਜ ਅਤੇ ਹਮੇਸ਼ਾ ਲਈ ਤੁਹਾਡੇ ਨਾਲ ਖੜ੍ਹੇ ਹਾਂ।” ਉਨ੍ਹਾਂ ਕਿਹਾ, ”ਟੀਮ ਇੰਡੀਆ, ਵਿਸ਼ਵ ਕੱਪ ਦੌਰਾਨ ਤੁਹਾਡਾ ਹੁਨਰ ਅਤੇ ਦ੍ਰਿੜਤਾ ਸ਼ਲਾਘਾਯੋਗ ਸੀ। ਤੁਸੀਂ ਸ਼ਾਨਦਾਰ ਖੇਡ ਦਿਖਾਈ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।” ਇਸ ਦੌਰਾਨ ਉਨ੍ਹਾਂ ਜਿੱਤ ਲਈ ਆਸਟਰੇਲੀਆ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਵਿਸ਼ਵ ਕੱਪ ਦਾ ਫਾਈਨਲ ਦੇਖਣ ਅਹਿਮਦਾਬਾਦ ਵਿੱਚ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਇਸ ਦੌਰਾਨ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਮੌਜੂਦ ਸਨ। ਮੋਦੀ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵਰੱਤ, ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ, ਰਾਜਪਾਲ ਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀਆਰ ਪਾਟਿਲ ਨੇ ਸ਼ਾਮ ਨੂੰ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਮੋਦੀ ਦਾ ਸਵਾਗਤ ਕੀਤਾ ਸੀ।
ਵਿਸ਼ਵ ਕੱਪ ਫਾਈਨਲ ਲਈ ਮੈਨੂੰ ਸੱਦਾ ਹੀ ਨਹੀਂ ਦਿੱਤਾ ਗਿਆ: ਕਪਿਲ ਦੇਵ
ਅਹਿਮਦਾਬਾਦ : ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਨੇ ਦਾਅਵਾ ਕੀਤਾ ਕਿ ਮੇਜ਼ਬਾਨ ਟੀਮ ਅਤੇ ਆਸਟਰੇਲੀਆ ਵਿਚਾਲੇ ਹੋਏ ਵਿਸ਼ਵ ਕੱਪ ਫਾਈਨਲ ਲਈ ਉਸ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਸੀ। 1983 ਵਿੱਚ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਦਾ ਪਹਿਲਾ ਖਿਤਾਬ ਦਿਵਾਉਣ ਵਾਲੇ ਕਪਿਲ ਦੇਵ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮੈਚ ਦੇਖਣਾ ਚਾਹੁੰਦਾ ਸੀ। ਕਪਿਲ ਨੇ ਕਿਹਾ, ”ਉਨ੍ਹਾਂ ਨੇ ਮੈਨੂੰ ਬੁਲਾਇਆ ਨਹੀਂ, ਇਸ ਲਈ ਮੈਂ ਗਿਆ ਨਹੀਂ। ਇੰਨੀ ਕੁ ਗੱਲ ਹੈ। ਮੈਂ ਚਾਹੁੰਦਾ ਸੀ ਕਿ 1983 ਦੀ ਪੂਰੀ ਟੀਮ ਮੇਰੇ ਨਾਲ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਇਹ ਇੰਨਾ ਵੱਡਾ ਟੂਰਨਾਮੈਂਟ ਹੈ ਅਤੇ ਲੋਕ ਜ਼ਿੰਮੇਵਾਰੀਆਂ ਸੰਭਾਲਣ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹ ਸੱਦਣਾ ਭੁੱਲ ਗਏ।” ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਦੇ ਸਾਬਕਾ ਕਪਤਾਨਾਂ ‘ਚੋਂ ਸੌਰਵ ਗਾਂਗੁਲੀ ਵੀ ਮੌਜੂਦ ਸਨ, ਜਿਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਪ੍ਰਧਾਨ ਵਜੋਂ ਸੱਦਾ ਦਿੱਤਾ ਗਿਆ ਸੀ। ਬੀਸੀਸੀਆਈ ਦਾ ਨਿਯਮ ਹੈ ਕਿ ਉਹ ਸਾਬਕਾ ਪ੍ਰਧਾਨਾਂ ਅਤੇ ਅਧਿਕਾਰੀਆਂ ਨੂੰ ਸੱਦਾ ਦਿੰਦਾ ਹੈ। ਇਹ ਮੈਚ ਦੇਖਣ ਲਈ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਵਰਗੀਆਂ ਬੌਲੀਵੁੱਡ ਦੀਆਂ ਵੱਡੀਆਂ ਹਸਤੀਆਂ ਮੌਜੂਦ ਸਨ। ਇਸ ਦੌਰਾਨ ਮਹਾਨ ਬੈਡਮਿੰਟਨਖਿਡਾਰੀ ਪ੍ਰਕਾਸ਼ ਪਾਦੂਕੋਣ ਵੀ ਮੌਜੂਦ ਸਨ।

 

Check Also

‘ਪਾਣੀਆਂ ‘ਤੇ ਵਹਿੰਦੀ ਪਨਾਹ’ ਕਹਾਣੀ ਸੰਗ੍ਰਹਿ ਪਾਠਕਾਂ ਦਾ ਮਨ ਮੋਹ ਲੈਣ ਦੇ ਸਮਰੱਥ

ਰਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਪੁਸਤਕ ਦਾ ਨਾਮ : ਪਾਣੀਆਂ ‘ਤੇ ਵਹਿੰਦੀ ਪਨਾਹ …