Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

(ਕਿਸ਼ਤ-14)
ਗੋਰੀ ਭੁੱਲ ਗਈ ਦੰਦਾਸਾ ਮਲਣਾ
– ਦਰਸ਼ਨ ਸਿੰਘ ਕਿੰਗਰਾ
ਔਰਤ ਕੁਦਰਤ ਦੇ ਹੱਥਾਂ ਦਾ ਸਿਰਜਿਆ ਹੋਇਆ ਸ਼ਾਹਕਾਰ ਹੈ, ਜਿਸ ਨੂੰ ਉਸ ਨੇ ਵਿਹਲੇ ਸਮੇਂ ਵਿਚ ਬੜੀ ਮਿਹਨਤ ਤੇ ਰੀਝ ਨਾਲ ਘੜਿਆ ਹੈ। ਕੁਦਰਤ ਨੇ ਔਰਤ ਦੇ ਹਰ ਅੰਗ ਨੂੰ ਬੇਮਿਸਾਲ ਖੂਬਸੂਰਤੀ ਬਖਸ਼ੀ ਹੈ। ਪਰ ਬਹੁਤੇ ਲੋਕਾਂ ਲਈ ਸੁੰਦਰਤਾ ਦਾ ਮਾਪਦੰਡ ਸਿਰਫ ਸੁੰਦਰ ਤੇ ਆਕਰਸ਼ਿਕ ਚਿਹਰਾ ਹੀ ਰਿਹਾ ਹੈ। ਸੁੰਦਰ ਤੇ ਮਨਮੋਹਣਾ ਚਿਹਰਾ ਅਜਿਹੇ ਲੋਕਾਂ ਦੇ ਦਿਲਾਂ ‘ਤੇ ਤਿਲਸਮੀ ਪ੍ਰਭਾਵ ਪਾ ਕੇ ਮੰਤਰ-ਮੁਗਧ ਕਰ ਦਿੰਦਾ ਹੈ। ਉਂਝ ਤਾਂ ਹਰ ਵਿਅਕਤੀ ਆਪਣੇ ਚਿਹਰੇ ਨੂੰ ਵੱਧ ਤੋਂ ਵੱਧ ਸੋਹਣਾ ਤੇ ਦਿਲਕਸ਼ ਬਣਾਉਣ ਦਾ ਯਤਨ ਕਰਦਾ ਹੈ, ਪਰ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਇਹ ਰੁਚੀ ਜ਼ਿਆਦਾ ਪ੍ਰਬਲ ਹੁੰਦੀ ਹੈ। ਇਸੇ ਲਈ ਸ਼ੁਕੀਨ ਮੁਟਿਆਰਾਂ ਆਪਣੇ ਦੰਦਾਂ, ਮਸੂੜਿਆਂ ਅਤੇ ਬੁੱਲ੍ਹਾਂ ਦੀ ਸੁੰਦਰਤਾ ਦੇ ਪ੍ਰਭਾਵ ਨੂੰ ਤੀਖਣ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ ਹਨ।
ਚਿਹਰੇ ਦੀ ਸੁੰਦਰਤਾ ਵਧਾਉਣ ਵਿਚ ਦੰਦ, ਮਸੂੜੇ ਅਤੇ ਬੁੱਲ੍ਹ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਦੁੱਧ ਚਿੱਟੇ ਮੋਤੀਆਂ ਵਰਗੇ ਚਮਕਦਾਰ ਦੰਦਾਂ, ਗੁਲਾਬੀ ਮਸੂੜਿਆਂ ਤੇ ਲਾਲ ਸੂਹੇ, ਗੁਲਾਬ ਦੀਆਂ ਪੱਤੀਆਂ ਵਰਗੇ ਕੋਮਲ, ਸਹੀ ਰੂਪ ਤੇ ਆਕਾਰ ਵਾਲੇ ਬੁੱਲ੍ਹਾਂ ਵਾਲੀ ਮੁਟਿਆਰ ਦੀ ਸੱਜਰੀ ਸਵੇਰ ਵਰਗੀ ਮੁਸਕਾਨ ਗੱਭਰੂਆਂ ਦੇ ਦਿਲਾਂ ਵਿਚ ਹਲਚਲ ਮਚਾ ਕੇ ਉਨ੍ਹਾਂ ਨੂੰ ਬੇਚੈਨ ਤੇ ਵਿਆਕੁਲ ਕਰ ਦਿੰਦੀ ਹੈ :
ਤੇਰੇ ਚਿੱਟਿਆਂ ਦੰਦਾਂ ਦਾ ਹਾਸਾ,
ਲੈ ਗਿਆ ਮੇਰੀ ਜਿੰਦ ਕੱਢ ਕੇ…
ਕੌਡੀਆਂ ਵਰਗੇ ਚਿੱਟੇ ਸੋਹਣੇ ਦੰਦ, ਗੁਲਾਬੀ ਮਸੂੜੇ ਤੇ ਲਾਲ ਬੁੱਲ੍ਹ ਹਰੇਕ ਮੁਟਿਆਰ ਦੇ ਨਹੀਂ ਹੁੰਦੇ। ਬਹੁਤ ਸਾਰੀਆਂ ਮੁਟਿਆਰਾਂ ਨੂੰ ਕੁਦਰਤ ਦੀ ਇਹ ਅਨਮੋਲ ਦਾਤ ਨਹੀਂ ਮਿਲਦੀ। ਅਜਿਹੀਆਂ ਮੁਟਿਆਰਾਂ ਬਨਾਉਟੀ ਸੁੰਦਰਤਾ ਸਾਧਨਾਂ ਦਾ ਸਹਾਰਾ ਲੈ ਕੇ ਇਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਭਾਵੇਂ ਕੁਦਰਤੀ ਸੁੰਦਰਤਾ ਨੂੰ ਹਾਰ-ਸ਼ਿੰਗਾਰ ਦੀ ਲੋੜ ਨਹੀਂ ਹੁੰਦੀ, ਲਾਲ ਤਾਂ ਰੂੜ੍ਹੀਆਂ ਵਿਚ ਵੀ ਦਗਦੇ ਰਹਿੰਦੇ ਹਨ, ਪਰ ਫਿਰ ਵੀ ਸੋਹਣੀਆਂ ਮੁਟਿਆਰਾਂ ਹੋਰ ਵੀ ਸੋਹਣੀਆਂ ਬਣਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਸੋ ਸਾਰੀਆਂ ਹੀ ਮੁਟਿਆਰਾਂ ਵਿਚ ਵਧ ਚੜ੍ਹ ਕੇ ਸੁੰਦਰਤਾ ਵਧਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਦੀਆਂ ਹਨ।
ਪੁਰਾਣੇ ਸਮਿਆਂ ਵਿਚ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਦੰਦਾਂ ਨੂੰ ਸਾਫ ਕਰਨ, ਚਮਕਾਉਣ ਅਤੇ ਬੁੱਲ੍ਹਾਂ ਤੇ ਮਸੂੜਿਆਂ ਦੇ ਸ਼ਿੰਗਾਰ ਲਈ ਸਿਰਫ ਦੰਦਾਸੇ ਦੀ ਹੀ ਵਰਤੋਂ ਕਰਦੀਆਂ ਸਨ। ਉਨ੍ਹਾਂ ਦਿਨਾਂ ਵਿਚ ਔਰਤਾਂ ਵਲੋਂ ਕੀਤੇ ਜਾਂਦੇ ਹਾਰ-ਸ਼ਿੰਗਾਰ ਵਿਚ ਦੰਦਾਸੇ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਸੀ ਤੇ ਦੰਦਾਸੇ ਬਿਨਾ ਹਾਰ-ਸ਼ਿੰਗਾਰ ਅਧੂਰਾ ਸਮਝਿਆ ਜਾਂਦਾ ਸੀ। ਵਿਆਹ ਸਮੇਂ ਵਿਆਹੁਲੀ ਕੁੜੀ ਨੂੰ ਉਸਦੇ ਸਹੁਰੇ ਜਿਹੜੀ ਸੁਹਾਗ ਪਟਾਰੀ ਭੇਜਦੇ ਸਨ, ਉਸ ਵਿਚ ਉਸਦੇ ਸ਼ਿੰਗਾਰ ਕਰਨ ਲਈ ਸੁਰਮਾ, ਮਹਿੰਦੀ, ਬਿੰਦੀ, ਕੰਘੀ ਆਦਿ ਵਸਤਾਂ ਤੋਂ ਬਿਨਾ ਦੰਦਾਸਾ ਵੀ ਜ਼ਰੂਰ ਹੁੰਦਾ ਸੀ। ਲਾਵਾਂ ਵਾਸਤੇ ਬੇਦੀ ‘ਤੇ ਬੈਠਣ ਤੋਂ ਪਹਿਲਾਂ ਕੁੜੀ ਇਨ੍ਹਾਂ ਵਸਤਾਂ ਦੀ ਵਰਤੋਂ ਕਰਕੇ ਹਾਰ-ਸ਼ਿੰਗਾਰ ਕਰਦੀ ਸੀ। ਦੰਦਾਸੇ ਦੇ ਛੋਟੇ ਜਿਹੇ ਟੁਕੜੇ ਨੂੰ ਜਦੋਂ ਦੰਦਾਂ ਤੇ ਮਲਿਆ ਜਾਂਦਾ ਤਾਂ ਇਸ ਦੇ ਅਸਰ ਨਾਲ ਦੰਦਾਂ ‘ਤੇ ਪਏ ਹੋਏ ਦਾਗ ਤੇ ਧੱਬੇ ਉਡਨ ਛੂਹ ਹੋ ਜਾਂਦੇ ਤੇ ਦੰਦ ਸਾਫ ਹੋ ਕੇ ਦੁੱਧ ਚਿੱਟੇ ਮੋਤੀਆਂ ਵਰਗੇ ਚਮਕਦਾਰ ਬਣ ਜਾਂਦੇ। ਦੰਦਾਸੇ ਨੂੰ ਕੁਝ ਦੇਰ ਚੱਬਣ ਜਾਂ ਚਿੱਥਣ ਨਾਲ ਮਸੂੜਿਆਂ ਤੇ ਬੁੱਲ੍ਹਾਂ ਦਾ ਰੰਗ ਲਾਲ ਸੂਹਾ ਹੋ ਜਾਂਦਾ ਜਿਵੇਂ ਲਿਪਸਟਿਕ ਲਾਈ ਹੋਵੇ। ਇਹ ਰੰਗ ਕਈ ਦਿਨਾਂ ਤੱਕ ਜਿਉਂ ਦਾ ਤਿਉਂ ਰਹਿੰਦਾ। ਕਿਸੇ ਮੁਟਿਆਰ ਦੇ ਦੰਦਾਸੇ ਵਾਲੇ ਸੂਹੇ ਬੁੱਲ੍ਹ ਮਲਮਲ ਦੀ ਪਤਲੀ ਪਾਰਦਰਸ਼ੀ ਚੁੰਨੀ ਦੇ ਘੁੰਡ ਵਿਚੋਂ ਦੂਰੋਂ ਹੀ ਦੇਖਣ ਵਾਲਿਆਂ ਨੂੰ ਦਿਸ ਪੈਂਦੇ :
ਝੋਨਾ ਮਲਮਲ ਦਾ,
ਘੁੰਡ ‘ਚੋਂ ਦੰਦਾਸਾ ਦਿਸਦਾ…
ਅਖਰੋਟ ਦੇ ਰੁੱਖ ਦੀ ਛਿੱਲ ਨੂੰ ਦੰਦਾਸਾ ਕਿਹਾ ਜਾਂਦਾ ਹੈ, ਜੋ ਪੁਰਾਣੇ ਸਮਿਆਂ ਵਿਚ ਔਰਤਾਂ ਵਲੋਂ ਸੁਰਖੀ ਦੀ ਥਾਂ ਵਰਤਿਆ ਜਾਂਦਾ ਸੀ। ਰੁੱਖਾਂ ਦੇ ਤਣੇ ਦੀ ਛਿੱਲ ਨੂੰ ਸੁਕਾ ਕੇ ਬਣਾਏ ਦੰਦਾਸੇ ਨਾਲੋਂ ਜੜ੍ਹਾਂ ਦੀ ਛਿੱਲ ਦਾ ਦੰਦਾਸਾ ਵਧੀਆ ਮੰਨਿਆ ਜਾਂਦਾ ਹੈ। ਭਾਰਤ ਦੀ ਕਸ਼ਮੀਰ ਘਾਟੀ ਤੇ ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ ਵਿਚ ਅਖਰੋਟ ਦੇ ਰੁੱਖ ਵੱਡੀ ਗਿਣਤੀ ਵਿਚ ਮਿਲਦੇ ਹਨ, ਜੋ ਕੁਦਰਤੀ ਤੌਰ ‘ਤੇ ਜੰਗਲਾਂ ਵਿਚ ਹੀ ਉਗਦੇ ਹਨ ਤੇ ਉਗਾਏ ਵੀ ਜਾਂਦੇ ਹਨ। ਜੰਗਲੀ ਅਖਰੋਟ ਦੇ ਰੁੱਖ ਦੀ ਛਿੱਲ ਸਖਤ ਤੇ ਉਗਾਏ ਗਏ ਰੁੱਖ ਦੀ ਛਿੱਲ ਨਰਮ ਹੁੰਦੀ ਹੈ। ਪ੍ਰਾਚੀਨ ਕਾਲ ਸਮੇਂ ਵਪਾਰੀ ਦੂਰ ਦੁਰਾਡੇ ਦੇਸ਼ਾਂ ਦੀਆਂ ਮੰਡੀਆਂ ਵਿਚ ਦੰਦਾਸੇ ਨੂੰ ਮੂੰਹ ਮੰਗੇ ਮੁੱਲ ਵੇਚ ਕੇ ਖੂਬ ਕਮਾਈ ਕਰਦੇ ਸਨ। ਸਾਊਦੀ ਅਰਬ ਅਤੇ ਮਿਸਰ ਵਿਚ ਦੰਦਾਸੇ ਦੀ ਭਾਰੀ ਮੰਗ ਸੀ। ਉਥੋਂ ਦੇ ਸ਼ਾਹੀ ਹਰਮਾਂ ਦੀਆਂ ਔਰਤਾਂ ਬੜੇ ਸ਼ੌਕ ਨਾਲ ਦੰਦਾਸੇ ਦੀ ਵਰਤੋਂ ਕਰਦੀਆਂ ਸਨ। ਪੁਰਾਤਤਵ ਖੋਜੀਆਂ ਨੂੰ ਮਿਸਰ ਵਿਚੋਂ ਜੋ 5 ਹਜ਼ਾਰ ਸਾਲ ਪੁਰਾਣੀਆਂ ਮੰਮੀਆਂ ਮਿਲੀਆਂ ਹਨ ਉਨ੍ਹਾਂ ਦੇ ਦੰਦ ਹੁਣ ਵੀ ਦੁੱਧ ਵਾਂਗ ਚਿੱਟੇ ਦਿਸਦੇ ਹਨ। ਇਹ ਦੰਦਾਸੇ ਦੀ ਹੀ ਕਰਾਮਾਤ ਹੈ। ਪਹਿਲੇ ਸਮਿਆਂ ਵਿਚ ਪਿਸ਼ਾਵਰ ਦਾ ਦੰਦਾਸਾ ਦੂਰ-ਦੂਰ ਤੱਕ ਮਸ਼ਹੂਰ ਸੀ :
ਪਸ਼ਾਵਰ ਸੇ ਮੇਰੀ ਖਾਤਰ ਦੰਦਾਸਾ ਲਾਨਾ,
ਓਹ ਮੇਰੇ ਦਿਲਵਰ ਜਾਨਾ…
ਦੰਦਾਸੇ ਨੂੰ ਸੱਕ ਵੀ ਕਿਹਾ ਜਾਂਦਾ ਸੀ। ਸਸਤਾ ਹੋਣ ਕਾਰਨ ਇਸ ਨੂੰ ਗਰੀਬ ਘਰਾਂ ਦੀਆਂ ਔਰਤਾਂ ਵੀ ਸੌਖ ਨਾਲ ਖਰੀਦ ਕੇ ਆਪਣੀ ਰੀਝ ਪੂਰੀ ਕਰ ਸਕਦੀਆਂ ਸਨ। ਕੋਈ ਸੋਹਣੀ ਸੁਨੱਖੀ ਮੁਟਿਆਰ ਉਸ ਸਮੇਂ ਦੇ ਸਭ ਤੋਂ ਛੋਟੇ ਸਿੱਕੇ ਦਮੜੀ ਦੇ ਖਰੀਦੇ ਹੋਏ ਦੰਦਾਸੇ ਨਾਲ ਆਪਣੇ ਹੁਸਨ ਨੂੰ ਅਜਿਹੀ ਜੁਗਤ ਨਾਲ ਸਾਣ ‘ਤੇ ਚਾੜ੍ਹਦੀ ਕਿ ਕੋਈ ਛੈਲ ਛਬੀਲਾ ਤਬੀਤਾਂ ਵਾਲਾ ਗੱਭਰੂ ਪਹਿਲੀ ਤਕਣੀ ਹੀ ਮੋਹਿਆ ਜਾਂਦਾ :
ਜੇਠ ਮਹੀਨੇ ਲੋਆਂ ਚੱਲਣ, ਪੋਹ ਵਿਚ ਪੈਂਦਾ ਪਾਲਾ।
ਦਮੜੀ ਦਾ ਸੱਕ ਮਲ ਕੇ, ਮੁੰਡਾ ਮੋਹ ਲਿਆ ਤਬੀਤਾਂ ਵਾਲਾ।
ਦੰਦਾਸੇ ਨੂੰ ਬੜੀ ਸਾਵਧਾਨੀ ਨਾਲ ਦੰਦਾਂ ‘ਤੇ ਮਲਿਆ ਜਾਂਦਾ। ਥੋੜ੍ਹੀ ਜਿਹੀ ਬੇਧਿਆਨੀ ਨਾਲ ਹੱਥਾਂ ਦੀਆਂ ਉਂਗਲਾਂ ਦੰਦਾਸੇ ਦੇ ਰੰਗ ਨਾਲ ਰੰਗੀਆਂ ਜਾਂਦੀਆਂ। ਦੰਦਾਸੇ ਵਿਚਲੇ ਤੱਤ ਬਹੁਤ ਤੇਜ਼ ਹੁੰਦੇ ਹਨ ਜਿਸ ਕਾਰਨ ਕਈ ਵਾਰ ਦੰਦਾਸਾ ਚੱਬਣ ਵਾਲੀ ਔਰਤ ਦੇ ਮਸੂੜਿਆਂ ਤੇ ਮੂੰਹ ਦੇ ਅੰਦਰਲੇ ਹਿੱਸੇ ਵਿਚ ਤੇਜ਼ ਜਲੂਣ ਜਾਂ ਜਲਣ ਹੋਣ ਲੱਗਦੀ ਤੇ ਉਹ ਬੇਚੈਨ ਹੋ ਜਾਂਦੀ। ਦੰਦਾਸਾ ਮਸੂੜਿਆਂ ਤੇ ਬੁੱਲ੍ਹਾਂ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਸਗੋਂ ਇਸ ਦੇ ਚੱਬਣ ਨਾਲ ਮਸੂੜਿਆਂ ਤੇ ਬੁੱਲ੍ਹਾਂ ਉਤੇ ਤ੍ਰੇਲ ਧੋਤੇ ਫੁੱਲਾਂ ਵਾਂਗ ਤਾਜ਼ਗੀ ਤੇ ਚਮਕ ਆ ਜਾਂਦੀ। ਮੂੰਹ ਦੀ ਬਦਬੋ ਦੂਰ ਹੋ ਕੇ ਮੂੰਹ ਸੁਗੰਧੀ ਨਾਲ ਭਰ ਜਾਂਦਾ।
ਦੰਦਾਸਾ, ਹੁਸੀਨ ਮੁਟਿਆਰਾਂ ਵਲੋਂ ਦਿਲਾਂ ‘ਤੇ ਡਾਕੇ ਮਾਰਨ ਲਈ ਵਰਤਿਆ ਜਾਣ ਵਾਲਾ ਸਦੀਆਂ ਪੁਰਾਣਾ ਹਥਿਆਰ ਹੈ। ਕਿਸੇ ਦੰਦਾਸੇ ਵਾਲੀ ਮੁਟਿਆਰ ਦੀ ਮਨਮੋਹਣੀ ਤਿਲਸਮੀ ਮੁਸਕਾਨ ਨੂੰ ਦੇਖ ਕੇ ਕਿਸੇ ਗੱਭਰੂ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਰੁੱਗ ਕੱਢਿਆ ਕਾਲਜੇ ‘ਚੋਂ, ਤੇਰੇ ਸੋਹਣੇ ਹਾਸੇ ਨੇ।
ਸੁਰਮੇ ਨੇ ਪੱਟ ਸੁੱਟਿਾ, ਲੁੱਟ ਲਿਆ ਏ ਦੰਦਾਸੇ ਨੇ।
ਕੋਈ ਗੱਭਰੂ ਕਿਸੇ ਰੂਪਮਤੀ ਮੁਟਿਆਰ ਦੇ ਹੁਸਨ ਦੀ ਸਿਫ਼ਤ ਕਰਦਾ ਹੋਇਆ ਕਹਿੰਦਾ :
ਵਾਲ ਗੋਰੀ ਤੇਰੇ ਵਿਸੀਅਰ ਕਾਲੇ, ਜ਼ੁਲਫਾਂ ਲੈਣ ਹੁਲਾਰੇ,
ਅੱਖਾਂ ਗੋਰੀ ਤੇਰੀਆਂ ਅੰਬ ਦੀਆਂ ਫਾੜੀਆਂ, ਕਜਲਾ ਲਿਸ਼ਕਾਂ ਮਾਰੇ,
ਬੁੱਲ੍ਹ ਦੰਦਾਸੇ ਵਾਲੇ ਗੋਰੀ ਤੇਰੇ, ਗੱਲ੍ਹਾਂ ਸ਼ਕਰਪਾਰੇ,
ਟਿੱਲੇ ਚੜ੍ਹ ਕੇ ਜੋਗੀ ਬੀਨ ਵਜਾਈ ਤੇਰੇ ਇਸ਼ਕ ਦੇ ਮਾਰੇ,
ਬੇੜੀ ‘ਚ ਬੈਠ ਕੇ ਮਲਾਹਾਂ ਕੋਲੋਂ ਪੁੱਛਦਾ ਕਿੱਥੇ ਹੀਰ ਦੇ ਦੁਆਰੇ,
ਨੀ ਸੁਣ ਪਤਲੀਏ ਨਾਰੇ, ਰਾਂਝਾ ਹਾਕਾਂ ਨੀ ਮਾਰੇ…
ਪੁਰਾਣੇ ਸਮਿਆਂ ਵਿਚ ਵਣਜਾਰੇ ਪਿੰਡਾਂ ਦੀਆਂ ਗਲੀਆਂ ਵਿਚ ਘੁੰਮ ਫਿਰ ਕੇ ਔਰਤਾਂ ਦੇ ਹਾਰ-ਸ਼ਿੰਗਾਰ ਦੀਆਂ ਵਸਤਾਂ ਵੇਚਦੇ ਸਨ। ਔਰਤਾਂ ਬੜੀ ਬੇਸਬਰੀ ਨਾਲ ਇਨ੍ਹਾਂ ਦੀ ਉਡੀਕ ਕਰਦੀਆਂ। ਇਹ ਵਣਜਾਰੇ ਮਹੀਨੇ ਦੋ ਮਹੀਨੇ ਬਾਅਦ ਪਿੰਡ ਵਿਚ ਫੇਰਾ ਪਾਉਂਦੇ ਤਾਂ ਔਰਤਾਂ ਉਨ੍ਹਾਂ ਤੋਂ ਲੋੜ ਅਨੁਸਾਰ ਦੰਦਾਸਾ ਖਰੀਦ ਲੈਂਦੀਆਂ। ਵਣਜਾਰੇ ਪਿੰਡਾਂ ਵਿਚ ਲੱਗਣ ਵਾਲੇ ਮੇਲਿਆਂ ‘ਤੇ ਵੀ ਦੁਕਾਨਾਂ ਲਾ ਕੇ ਹਾਰ-ਸ਼ਿੰਗਾਰ ਦਾ ਸਮਾਨ ਵੇਚਦੇ :
ਆਰੇ…ਆਰੇ…ਆਰੇ
ਮੇਲਾ ਛਪਾਰ ਲੱਗਦਾ ਲੋਕ ਜਾਣਦੇ ਸਾਰੇ,
ਨੇੜੇ ਤੇੜੇ ਦੇ ਲਾਉਂਦੇ ਹੱਟੀਆਂ ਬਾਣੀਏ ਮੰਡੀ ਦੇ ਸਾਰੇ,
ਲੱਡੂ, ਜਲੇਬੀ ਲੋਕੀਂ ਖਾਂਦੇ ਨਾਲੇ ਸ਼ਕਰਪਾਰੇ,
ਦੂਰੋਂ-ਦੂਰੋਂ ਆਉਣ ਮੁਟਿਆਰਾਂ ਨਾਲੇ ਆਉਣ ਵਣਜਾਰੇ,
ਵੰਗਾਂ, ਦੰਦਾਸਾ, ਸੁਰਮਾ, ਬਿੰਦੀ, ਵਿਕਣ ਰੇਸ਼ਮੀ ਨਾਲੇ,
ਮੇਲੇ ਮਾੜੀ ਦੇ ਚੱਲ ਚੱਲੀਏ ਮੁਟਿਆਰੇ …
ਮੇਲੇ ਜਾਣ ਸਮੇਂ ਮੁਟਿਆਰਾਂ ਰੀਝ ਨਾਲ ਹਾਰ-ਸ਼ਿੰਗਾਰ ਕਰਕੇ, ਗਹਿਣੇ-ਗੱਟੇ ਪਾ ਕੇ ਟੌਹਰਾਂ ਕੱਢਦੀਆਂ। ਅੱਖਾਂ ਵਿਚ ਧਾਰੀ ਕੱਢ ਕੇ ਲੱਪ-ਲੱਪ ਸੁਰਮਾ ਪਾਇਆ ਜਾਂਦਾ, ਹੱਥਾਂ ਪੈਰਾਂ ਨੂੰ ਮਹਿੰਦੀ ਨਾਲ ਸ਼ਿੰਗਾਰਿਆ ਜਾਂਦਾ, ਦੰਦਾਸਾ ਮਲ ਕੇ ਮਸੂੜੇ ਤੇ ਬੁੱਲ੍ਹਾਂ ਨੂੰ ਰੰਗਲਾ ਬਣਾਇਆ ਜਾਂਦਾ। ਅੱਡੀਆਂ ਕੂਚ ਕੇ ਪੈਰਾਂ ਵਿਚ ਝਾਂਜਰਾਂ ਪਾਈਆਂ ਜਾਂਦੀਆਂ ਅਤੇ ਟੇਢੇ ਚੀਰ ਕੱਢ ਕੇ ਗੁੱਤਾਂ ਕੀਤੀਆਂ ਜਾਂਦੀਆਂ। ਸਾਟਨ ਜਾਂ ਕਾਲੀ ਸੂਫ ਦੇ ਘੱਗਰੇ, ਸਿਲਮੇ ਸਿਤਾਰਿਆਂ ਵਾਲੇ ਲਮਕਦੇ ਨਾਲੇ, ਟੂਲ ਦੀਆਂ ਕੁੜਤੀਆਂ, ਸਿਰਾਂ ‘ਤੇ ਟਸਰ ਦੀਆਂ ਕੱਢੀਆਂ ਹੋਈਆਂ ਚੁੰਨੀਆਂ, ਪੈਰਾਂ ਵਿਚ ਖੱਲ ਦੀਆਂ ਨਰਮ ਜੁੱਤੀਆਂ ਪਾ ਕੇ ਜਦੋਂ ਉਹ ਹੱਥਾਂ ਵਿਚ ਰੇਸ਼ਮੀ ਰੁਮਾਲ ਫੜ ਕੇ ਬਾਹਵਾਂ ਵਿਚ ਪਾਈਆਂ ਹੋਈਆਂ ਚੂੜੀਆਂ ਨੂੰ ਛਣਕਾਉਂਦੀਆਂ ਹੋਈਆਂ ਠੁਮਕ-ਠੁਮਕ ਤੁਰਦੀਆਂ ਤਾਂ ਦੇਖਣ ਵਾਲਿਆਂ ਦੇ ਹੋਸ਼ ਉਡ ਜਾਂਦੇ :
ਢਾਈਆਂ…ਢਾਈਆਂ…ਢਾਈਆਂ
ਮੇਲੇ ਮੱਸਿਆ ਦੇ ਹੂਰਾਂ ਪਹਿਨ ਪੱਚਰ ਕੇ ਆਈਆਂ,
ਹੱਥਾਂ ‘ਚ ਰੁਮਾਲ ਰੇਸ਼ਮੀ, ਪੈਰਾਂ ‘ਚ ਪੰਜੇਬਾਂ ਪਾਈਆਂ,
ਬੁੱਲ੍ਹਾਂ ‘ਤੇ ਦੰਦਾਸਾ ਮਲ ਕੇ, ਗੋਰੀ ਧੌਣ ‘ਚ ਤਬੀਤੀਆਂ ਪਾਈਆਂ,
ਚੰਦ ਮਾਂਗੂੰ ਚਮਕਦੀਆਂ, ਵੱਡੇ ਘਰਾਂ ਦੀਆਂ ਜਾਈਆਂ …
ਪਹਿਲੇ ਸਮਿਆਂ ਵਿਚ ਮਾਲਵੇ ਦੇ ਪਿੰਡਾਂ ਵਿਚ ਗਿੱਧਾ ਬਹੁਤ ਹੀ ਹਰਮਨ ਪਿਆਰਾ ਸੀ। ਵਿਆਹੁਲੇ ਗਿੱਧੇ ਵਿਚ ਆਂਢ-ਗੁਆਂਢ ਦੀਆਂ ਔਰਤਾਂ ਤੇ ਮੇਲਣਾ ਵਧ ਚੜ੍ਹ ਕੇ ਹਿੱਸਾ ਲੈਂਦੀਆਂ। ਗਿੱਧੇ ਦੇ ਪਿੜ ਵਿਚ ਆਪਣੀ ਨਾਚ ਕਲਾ ਦੇ ਜੌਹਰ ਦਿਖਾਉਣ ਲਈ ਮੁਟਿਆਰਾਂ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ। ਸਾਰੀ ਸਾਰੀ ਰਾਤ ਗਿੱਧਾ ਪਾਉਂਦੀਆਂ ਤੇ ਨੱਚਦੀਆਂ ਉਹ ਨਾ ਅੱਕਦੀਆਂ ਨਾ ਥੱਕਦੀਆਂ :
ਨੌਂ ਵਜਦੇ ਨੂੰ ਕਰੀ ਮਨਿਆਦੀ, ਕਰਤੀ ਗਿੱਧੇ ਦੀ ਤਿਆਰੀ,
ਵਿਚ ਵਿਹੜੇ ਦੇ ਵਿਛੀਆਂ ਦਰੀਆਂ, ਖਿਲਕਤ ਆ ਗਈ ਸਾਰੀ,
ਕਿਸ਼ਨੋ, ਬਿਸ਼ਨੋ ਕੂੰਜਾਂ ਵਾਂਗੂੰ ਆਈਆਂ ਮਾਰ ਉਡਾਰੀ,
ਬੁੱਲ੍ਹਾਂ ਉਤੇ ਦੰਦਾਸਾ ਮਲਿਆ, ਸਭ ਦੀ ਚੜ੍ਹਤ ਨਿਆਰੀ,
ਨਾ ਸੰਤੀ ਨੇ ਖਾਧੀ ਰੋਟੀ ਚਾਹ ਤੇ ਰਾਤ ਗੁਜ਼ਾਰੀ,
ਏਸ ਜੁਆਨੀ ਦੇ ਸਾਰੇ ਲੋਕ ਵਪਾਰੀ …
ਉਨ੍ਹਾਂ ਵੇਲਿਆਂ ਵਿਚ ਮੁੰਡੇ ਕੁੜੀ ਦੇ ਵਿਆਹ ਸਮੇਂ ਕੰਮਾਂ ਧੰਦਿਆਂ ਵਿਚ ਰੁੱਝੀਆਂ ਹੋਈਆਂ ਔਰਤਾਂ ਨੂੰ ਜਦੋਂ ਵੀ ਵਿਹਲ ਮਿਲਦੀ ਤਾਂ ਇਕ ਦੂਜੀ ਨੂੰ ਸਿੱਠਣੀਆਂ ਦੇ ਕੇ ਆਪਣਾ ਮਨੋਰੰਜਨ ਕਰਦੀਆਂ ਰਹਿੰਦੀਆਂ। ਇਨ੍ਹਾਂ ਸਿੱਠਣੀਆਂ ਵਿਚ ਬਹੁਤ ਹੀ ਸੂਖਮ ਗੁੱਝੇ ਵਿਅੰਗ ਛੁਪੇ ਹੋਏ ਹੁੰਦੇ ਸਨ :
ਬੀਰਾਂ ਕੁੜੀ ਦੇ ਚੌੜੇ ਚੌੜੇ ਵਾਲੇ,
ਵਿਚ ਦੀ ਲੰਘ ਗੇ’ ਮੁਲਾਹਜ਼ਿਆਂ ਵਾਲੇ,
ਨਸ਼ੇ ਦਾ ਘੁੱਟ ਦੇਹ ਮਿੱਤਰਾ,
ਬੁੱਲ੍ਹ ਸੁੱਕਗੇ ਦੰਦਾਸੇ ਵਾਲੇ…
ਤੀਆਂ ਦੇ ਤਿਉਹਾਰ ਸਮੇਂ ਮੁਟਿਆਰਾਂ ਪਿੰਡ ਦੀਆਂ ਹੱਟੀਆਂ ਤੋਂ ਵੀ ਦੰਦਾਸਾ ਖਰੀਦ ਲੈਂਦੀਆਂ। ਕਈ ਵਾਰ ਦੰਦਾਸੇ ਦੀ ਮੰਗ ਐਨੀ ਜ਼ਿਆਦਾ ਵਧ ਜਾਂਦੀ ਕਿ ਹੱਟੀਆਂ ਤੋਂ ਭਾਲਿਆਂ ਵੀ ਨਾ ਲੱਭਦਾ :
ਪਿੰਡ ਦੀ ਹਰ ਇਕ ਹੱਟੀ ਉਤੇ,
ਮੁੱਕ ਜੇ ਰੋਜ਼ ਦੰਦਾਸਾ।
ਸ਼ਰਮ ਹਯਾ ਦੇ ਘੁੰਗਟ ਵਿਚੋਂ,
ਡੁੱਲ੍ਹ ਡੁੱਲ੍ਹ ਪੈਂਦਾ ਹਾਸਾ। (ਬਚਨ ਬੇਦਿਲ)
ਤੀਆਂ ਦੇ ਦਿਨ ਮੁਟਿਆਰਾਂ ਨੈਣਾਂ ਕੋਲੋਂ ਸਿਰ ਗੁੰਦਵਾਉਂਦੀਆਂ, ਦੰਦਾਸਾ ਮਲ ਕੇ ਹਾਰ-ਸ਼ਿੰਗਾਰ ਲਾਉਂਦੀਆਂ ਤੇ ਸੋਹਣੇ-ਸੋਹਣੇ ਕੱਪੜੇ ਪਾ ਕੇ ਤੀਆਂ ਵਿਚ ਜਾਣ ਲਈ ਤਿਆਰ ਹੋ ਜਾਂਦੀਆਂ :
ਬੁੱਲ੍ਹੀਆਂ ਉਤੇ ਸੁਰਖ ਦੰਦਾਸੇ,
ਨੈਣੀਂ ਸੁਰਮੇਂ ਕਾਲੇ।
ਨਵੇਂ ਨਕੋਰੇ ਸੂਟਾਂ ਉਤੇ,
ਤੇਲ ਮੁਸ਼ਕਣੇ ਲਾ ਲੇ। (ਬੇਦਿਲ)
ਪੁਰਾਣੇ ਸਮਿਆਂ ਵਿਚ ਜਦੋਂ ਸ਼ਾਮ ਢਲਦੀ ਤਾਂ ਭੱਠੀਆਂ ਤਪਣੀਆਂ ਸ਼ੁਰੂ ਹੋ ਜਾਂਦੀਆਂ। ਦਾਣੇ ਭੁਨਾਉਣ ਲਈ ਉਤਾਵਲੇ ਨਿੱਕੇ-ਨਿੱਕੇ ਮੁੰਡੇ ਕੁੜੀਆਂ ਦੁੜੰਗੇ ਲਾਉਂਦੇ ਹੋਏ ਭੱਠੀ ‘ਤੇ ਪਹੁੰਚ ਜਾਂਦੇ। ਸ਼ੁਕੀਨ ਮੁਟਿਆਰਾਂ ਦੰਦਾਸੇ ਮਲ ਕੇ, ਸਜ ਧਜ ਕੇ ਭੱਠੀ ਵੱਲ ਤੁਰ ਪੈਂਦੀਆਂ। ਪਿੰਡ ਦੇ ਮਨਚਲੇ ਗੱਭਰੂ ਉਨ੍ਹਾਂ ਹੁਸੀਨ ਮੁਟਿਆਰਾਂ ਦਾ ਝਾਕਾ ਲੈਣ ਲਈ ਗਲੀਆਂ ਦੇ ਮੋੜ ਮੱਲ ਕੇ ਬੈਠ ਜਾਂਦੇ : ਪਾ ਸੂਟ ਦੰਦਾਸੇ ਮਲ ਸੋਹਣੇ,
ਕੁੜੀਆਂ ਦਾਣੇ ਭੁਨਾਉਣ ਨੂੰ ਚੱਲੀਆਂ ਨੇ।
ਚਾਰੇ ਗੁੱਠਾਂ ਹੀ ਮਹਿਕੀਆਂ ਪਿੰਡਾਂ ਦੀਆਂ,
ਚਧਰ ਆਸ਼ਕਾਂ ਨੇ ਗਲੀਆਂ ਮੱਲੀਆਂ ਨੇ।
ਫੁੱਲੇ ਫੁੱਲੇ ਤਾਂ ਚੁਗ ਲਏ ਆਸ਼ਕਾਂ ਨੇ,
ਰੋੜ ਲੈ ਘਰਾਂ ਨੂੰ ਚੱਲੀਆਂ ਨੇ।
ਦੁਰਗਾ ਦਾਸਾ ਇਹ ਕੁੜੀਆਂ ਨਿੱਜ ਜੰਮਣ,
ਚਿੱਟੀ ਪੱਗ ਨੂੰ ਦਾਗ ਲਾ ਚੱਲੀਆਂ ਨੇ।
ਜੋਬਨ ਰੁੱਤੇ ਬ੍ਰਿਹਾ ਦਾ ਦਰਦ ਹੰਢਾ ਰਹੀ ਕਿਸੇ ਫੌਜੀ ਦੀ ਵਹੁਟੀ ਔਂਸੀਆਂ ਪਾ-ਪਾ ਕੇ ਮਾਹੀ ਦੀ ਉਡੀਕ ਕਰਦੀ, ਜੋ ਉਸ ਦੇ ਰੰਗਲੇ ਅਰਮਾਨਾਂ ਦਾ ਗਲਾ ਘੁੱਟ ਕੇ ਫੌਜ ਵਿਚ ਭਰਤੀ ਹੋ ਕੇ ਜੰਗ ਦੇ ਮੁਹਾਜ ‘ਤੇ ਚਲਾ ਗਿਆ ਸੀ। ਆਖਰ ਮੁਟਿਆਰ ਦੀ ਅਰਜੋਈ ਰੱਬ ਦੇ ਘਰ ਸੁਣੀ ਜਾਂਦੀ। ਨੌਕਰ ਦੇ ਆਉਣ ਦੀ ਖੁਸ਼ਖਬਰੀ ਸੁਣ ਕੇ ਉਹ ਖੁਸ਼ੀ ਨਾਲ ਫੁੱਲੀ ਨਾ ਸਮਾਉਂਦੀ। ਜਿਸ ਸੁਭਾਗੇ ਦਿਨ ਢੋਲ ਸਿਪਾਹੀ ਨੇ ਆਉਣਾ ਹੁੰਦਾ ਉਹ ਬੜੇ ਚਾਅ ਤੇ ਰੀਝ ਨਾਲ ਹਾਰ ਸ਼ਿੰਗਾਰ ਕਰਕੇ, ਬਣ ਠਣ ਕੇ ਉਸ ਦੇ ਸਵਾਗਤ ਲਈ ਤਿਆਰ ਹੋ ਜਾਂਦੀ :
ਬਿਸ਼ਨ ਕੌਰ ਨੇ ਕੀਤੀ ਤਿਆਰੀ,
ਹਾਰ ਸ਼ਿੰਗਾਰ ਲਗਾਇਆ।
ਮੋਮ ਢਾਲ ਕੇ ਗੁੰਦੀਆਂ ਪੱਟੀਆਂ,
ਅੱਖੀਂ ਕਜਲਾ ਪਾਇਆ।
ਚੱਬ ਦੰਦਾਸਾ ਵੇਖਿਆ ਸ਼ੀਸ਼ਾ,
ਚੜ੍ਹਿਆ ਰੂਪ ਸਵਾਇਆ।
ਸਿਪਾਹੀਆ, ਵੇਖ ਲੈ ਵੇ,
ਮੇਰੇ ਜ਼ੋਬਨ ਦਾ ਹੜ੍ਹ ਆਇਆ।
ਮੁਟਿਆਰਾਂ ਦਾ ਇਸ ਤਰ੍ਹਾਂ ਬੁੱਲ੍ਹਾਂ ‘ਤੇ ਦੰਦਾਸਾ ਮਲ ਕੇ ਹਾਰ-ਸ਼ਿੰਗਾਰ ਕਰਨਾ ਪੁਰਾਤਨ ਖਿਆਲਾਂ ਦੀਆਂ ਬਜ਼ੁਰਗ ਔਰਤਾਂ ਨੂੰ ਚੰਗਾ ਨਾ ਲੱਗਦਾ :
ਏਸ ਪਿੰਡ ਦੇ ਹਾਕਮਾਂ ਵੇ,
ਵਹੁਟੀਆਂ ਨੂੰ ਸਮਝਾ ਬੀਬਾ।
ਦੰਦੀਂ ਦੰਦਾਸਾ ਮਲਦੀਆਂ ਵੇ,
ਕੀ ਅੱਖ ਮਟਕਾਉਣ ਦਾ ਰਾਹ ਬੀਬਾ।
ਹੌਲੀ-ਹੌਲੀ ਸਮੇਂ ਨੇ ਕਰਵਟ ਬਦਲੀ ਤਾਂ ਨਵੇਂ ਜ਼ਮਾਨੇ ਦੇ ਫੈਸ਼ਨ ਦੀ ਹਵਾ ਵਗਣ ਲੱਗੀ। ਸਰੀਰ ਦੇ ਹਰ ਅੰਗ ਨੂੰ ਨਿਖਾਰਨ ਤੇ ਸਜਾਉਣ ਲਈ ਰਸਾਇਣਕ ਸੁੰਦਰਤਾ ਉਤਪਾਦ ਬਾਜ਼ਾਰ ਵਿਚ ਵਿਕਣ ਲੱਗੇ। ਇਨ੍ਹਾਂ ਪਦਾਰਥਾਂ ਨੂੰ ਬਨਾਉਣ ਵਾਲੀਆਂ ਕੰਪਨੀਆਂ ਨੇ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਇਸ਼ਤਿਹਾਰਬਾਜ਼ੀ ਸ਼ੁਰੂ ਕੀਤੀ ਕਿ ਮੁਟਿਆਰਾਂ ਧੜਾਧੜ ਇਨ੍ਹਾਂ ਸੁੰਦਰਤਾ ਉਤਪਾਦਾਂ ਨੂੰ ਖਰੀਦਣ ਲੱਗੀਆਂ।
ਪੇਂਡੂ ਮੁਟਿਆਰਾਂ ਨੇ ਸ਼ਹਿਰੀ ਔਰਤਾਂ ਦੀ ਦੇਖਾ-ਦੇਖੀ ਆਪਣੇ ਬੁੱਲ੍ਹਾਂ ਨੂੰ ਸਜਾਉਣ ਲਈ ਦੰਦਾਸੇ ਦੀ ਥਾਂ ਰਸਾਇਣਕ ਲਿਪਸਟਿਕ ਵਰਤਣੀ ਸ਼ੁਰੂ ਕਰ ਦਿੱਤੀ। ਪਰ ਬਹੁਤੀਆਂ ਮੁਟਿਆਰਾਂ ਨੂੰ ਇਨ੍ਹਾਂ ਲਿਪਸਟਿਕਾਂ ਵਿਚ ਛੁਪੇ ਹੋਏ ਜ਼ਹਿਰੀਲੇ ਰਸਾਇਣਾਂ ਦੇ ਮਾਰੂ ਪ੍ਰਭਾਵ ਦੀ ਜਾਣਕਾਰੀ ਨਹੀਂ। ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਲਿਪਸਟਿਕ ਦੀ ਵਰਤੋਂ ਕਰਨ ਨਾਲ ਕੈਂਸਰ ਅਤੇ ਪ੍ਰਜਣਨ ਸਬੰਧੀ ਸਮੱਸਿਆਵਾਂ ਆਦਿ ਭਿਆਨਕ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
ਲਿਪਸਟਿਕ ਲਾਉਣ ਨਾਲ ਬੁੱਲ੍ਹਾਂ ਨੂੰ ਤਾਜ਼ੀ ਹਵਾ ਨਹੀਂ ਮਿਲਦੀ ਤੇ ਹੌਲੀ-ਹੌਲੀ ਬੁੱਲ੍ਹਾਂ ‘ਤੇ ਝੁਰੜੀਆਂ ਪੈਣ ਕਾਰਨ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਨਸ਼ਟ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਲਿਪਸਟਿਕ ਦੇ ਰੰਗ ਨੂੰ ਲਾਲ ਬਣਾਉਣ ਲਈ ਨਿਰਮਾਤਾ ਜਾਨਵਰਾਂ ਦੇ ਖੂਨ ਵਿਚਲੀ ਹਿਮੋਗਲੋਬਿਨ ਦੀ ਵਰਤੋਂ ਕਰਦੇ ਹਨ, ਜੋ ਆਮ ਤੌਰ ‘ਤੇ ਬੁੱਚੜਖਾਨਿਆਂ ਵਿਚ ਮਾਰੇ ਜਾਣ ਵਾਲੇ ਬੇਜ਼ੁਬਾਨ ਜਾਨਵਰਾਂ ਦੇ ਖੂਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ।
ਜਿਸ ਤਰ੍ਹਾਂ ਮੁਟਿਆਰਾਂ ਨੇ ਬੁੱਲ੍ਹਾਂ ਦੇ ਸ਼ਿੰਗਾਰ ਲਈ ਸਦੀਆਂ ਤੋਂ ਵਰਤੇ ਜਾਂਦੇ ਦੰਦਾਸੇ ਨੂੰ ਤਿਆਗ ਕੇ ਲਿਪਸਟਿਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਦੰਦਾਂ ਨੂੰ ਸਾਫ ਕਰਨ ਤੇ ਚਮਕਾਉਣ ਲਈ ਟੁੱਬ ਪੇਸਟ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਦੰਦਾਸੇ ਨੂੰ ਮੁਟਿਆਰਾਂ ਨੇ ਬਿਲਕੁਲ ਹੀ ਭੁਲਾ ਦਿੱਤਾ ਹੈ :
ਗੋਰੀ ਭੁੱਲ ਗਈ ਦੰਦਾਸਾ ਮਲਣਾ,
ਗਿੱਝ ਗਈ ਕੌਲਗੇਟ ‘ਤੇ …।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …