ਮਾਂ……ਮੇਰੀ ਪਿਆਰੀ ਮਾਂ
ਮਾਂ……ਸਭ ਤੋਂ ਨਿਆਰੀ ਮਾਂ
ਕਿਉਂ ਤੂੰ ਮੈਨੂੰ ਛੱਡ ਕੇ ਤੁਰ ਗਈ
ਮੇਰੀ ਕਿਸਮਤ ਹਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਲਾ ਲੈਂਦੀ ਮੈਨੂੰ ਸੀਨੇ ਮਾਂ ਤੂੰ
ਜਦੋਂ ਰਾਤਾਂ ਨੂੰ ਡਰ ਜਾਂਦਾ ਸਾਂ
ਪਾਉਂਦੀ ਮੈਨੂੰ ਸੁੱਕੀ ਥਾਂ ‘ਤੇ
ਗਿੱਲਾ ਹੋ ਠਰ ਜਾਂਦਾ ਸਾਂ
ਰਿਸ਼ਤੇ ਜੱਗ ‘ਤੇ ਹੋਰ ਬਥੇਰੇ
ਪਰ ਸਭ ਨੇ ਗੱਲ ਚਿਤਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
‘ਕੱਲਾ ਬਹਿ ਕੇ ਰੋ ਲੈਂਦਾ ਹਾਂ
ਕੋਈ ਨਾ ਕੋਈ ਮੈਂ ਲਾ ਕੇ ਪੱਜ
ਘਾਟ ਕਦੇ ਨਾ ਹੋਈ ਪੂਰੀ
ਕਿਵੇਂ ਦੁੱਖ ਸੁਣਾਵਾਂ ਅੱਜ
ਯਾਦ ਤੇਰੀ ‘ਚ ਹਰ ਪਲ ਰੋਇਆ
ਉਮਰ ਬੀਤੀ ਇੰਜ ਸਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਖੇਡਣ ਜਾਂਦਾ ਨਿੱਕਾ ਹੁੰਦਾ ਮੈਂ
ਸੱਟ ਵੀ ਕਦੇ ਲੱਗ ਜਾਂਦੀ ਸੀ
ਰੋਂਦੇ ਨੂੰ ਤੂੰ ਗਲ ਨਾਲ ਲਾ ਕੇ
ਮੈਨੂੰ ਚੁੱਪ ਕਰਾਉਂਦੀ ਸੀ
ਨਾ ਕੋਈ ਮਲ੍ਹਮ ਦਵਾਈ ‘ਲੌਣੀ
ਤੂੰ ਫੂਕ ਗੋਡੇ ‘ਤੇ ਮਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਬੱਚਿਆਂ ਵਾਲੇ ਹੋ ਗਏ ਹਾਂ
ਪਰ ਅਜੇ ਵੀ ਤੇਰਾ ਮੋਹ ਲੱਭੀਏ
ਮਿਲਿਆ ਨਾ ਨਿੱਘ ਮਮਤਾ ਦਾ
ਅੱਜ ਵੀ ਤੇਰੀ ਛੋਹ ਲੱਭੀਏ
ਕੀ ਦੱਸਾਂ ਸੁਪਨਿਆਂ ਵਿੱਚ ਵੀ
ਮੈਂ ਸੌ ਸੌ ਵਾਰ ਪੁਕਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਜਿਹੜੇ ਘਰ ਵਿੱਚ ਮਾਂ ਨਾ ਹੋਵੇ
ਘਰ ‘ਨੀ ਉਹ ਸਰਾਂ ਲੱਗਦਾ
ਵਿਲਕਣ ਬੱਚੇ ਸੁੰਨਾਂ ਵਿਹੜਾ
ਕੌਣ ਕਿਸੇ ਦੀ ਬਾਂਹ ਫੜ੍ਹਦਾ
ਕੋਈ ਨਾ ਆਉਂਦਾ ਨੇੜੇ, ਸਾਰੇ
ਜਾਂਦੇ ਮਾਰ ਉਡਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਨਿੱਕੇ ਹੁੰਦੇ ਨੂੰ ਛੱਡ ਕੇ ਤੁਰ ਗਈ
ਕਿਹਦੇ ਤੂੰ ਸਹਾਰੇ ਨੀ
ਸਾਰੀ ਉਮਰ ਦਾ ਰੋਣਾ ਪੱਲੇ
ਔਖੇ ਵਕਤ ਗੁਜ਼ਾਰੇ ਨੀ
ਰੁਲ਼ ਗਿਆ ਮੇਰਾ ਬਚਪਨ ਸਾਰਾ
ਤੁਰ ਗਈ ਪਾਲਣਹਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਸੁਣ ਦਾਤਾ ਅਰਦਾਸ ਮੇਰੀ ਨੂੰ
ਬੱਚਾ ਯਤੀਮ ਕਹਾਵੇ ਨਾ
ਕੋਈ ਨਾ ਲਾਡ ‘ਲਡੌਣਾ ਚਾਹੇ
ਸੌਂ ਜਾ ਕਹਿ ਕੇ ਲੋਰੀ ਗਾਵੇ ਨਾ
ਖੋਹ ਲਈ ਕਿਉਂ ‘ਹਕੀਰ’ ਕੋਲੋਂ ਤੂੰ
ਨਾ ਰੱਬ ਨੇ ਗੱਲ ਵਿਚਾਰੀ ਮਾਂ……
ਮਾਂ……ਮੇਰੀ ਪਿਆਰੀ ਮਾਂ
ਮਾਂ……ਸਭ ਤੋਂ ਨਿਆਰੀ ਮਾਂ
– ਸੁਲੱਖਣ ਸਿੰਘ
+647-786-6329