1.7 C
Toronto
Wednesday, January 7, 2026
spot_img
Homeਰੈਗੂਲਰ ਕਾਲਮਥਾਣਾ ਚੱਲਦਾ ਹੋਟਲ 'ਚੋਂ!

ਥਾਣਾ ਚੱਲਦਾ ਹੋਟਲ ‘ਚੋਂ!

ਦੀਪਕ ਸ਼ਰਮਾ ਚਨਾਰਥਲ, 98152-52959
ਦਿਨ ਤੋਂ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਦਾ ਨਾਮ ਐਲਾਨਿਆ ਗਿਆ ਹੈ, ਉਸੇ ਦਿਨ ਤੋਂ ਸ਼ਾਹਕੋਟ ਸਿਆਸਤ ਦਾ ਗੜ੍ਹ ਬਣ ਗਿਆ ਹੈ ਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਇਸ ਸਿਆਸੀ ਅਖਾੜੇ ਦਾ ਕੇਂਦਰਬਿੰਦੂ। ਜਿਵੇਂ ਹੀ ਲਾਡੀ ਦਾ ਨਾਂ ਉਮੀਦਵਾਰ ਲਈ ਸਾਹਮਣੇ ਆਇਆ, ਤੁਰੰਤ ਸਾਹਮਣੇ ਆਏ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਤੇ ਨਾਲ ਹੀ ਸਾਹਮਣੇ ਆ ਗਿਆ ਲਾਡੀ ਖਿਲਾਫ ਮਾਈਨਿੰਗ ਦਾ ਪਰਚਾ। ਇਸ ਪਰਚੇ ਨੇ ਹੀ ਕਈ ਸਵਾਲ ਖੜ੍ਹੇ ਕਰ ਦਿੱਤੇ ਕਿ ਜੇਕਰ ਲਾਡੀ ਨਜਾਇਜ਼ ਮਾਈਨਿੰਗ ਦੇ ਧੰਦੇ ਵਿਚ ਸ਼ਾਮਲ ਹੈ ਜਾਂ ਉਸ ‘ਤੇ ਗੈਰ ਕਾਨੂੰਨੀ ਧੰਦੇ ਦੇ ਦੋਸ਼ ਲੱਗੇ ਹਨ ਤਦ ਪਰਚਾ ਪਹਿਲਾਂ ਦਰਜ ਕਿਉਂ ਨਹੀਂ ਕੀਤਾ ਗਿਆ? ਉਮੀਦਵਾਰ ਵਜੋਂ ਨਾਮ ਐਲਾਨੇ ਜਾਣ ਦਾ ਇੰਤਜ਼ਾਰ ਕਿਉਂ ਕੀਤਾ ਗਿਆ? ਇਹ ਪਰਚਾ ਜਾਇਜ਼ ਹੈ ਤਾਂ ਫਿਰ ਐਸ ਐਚ ਓ ਬਾਜਵਾ ਦਾ ਸਾਥ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਉਂ ਨਹੀਂ ਦਿੱਤਾ?
ਇਕ ਵਾਰ ਤਾਂ ਕਾਂਗਰਸੀ ਉਮੀਦਵਾਰ ਲਾਡੀ ਖਿਲਾਫ ਪਰਚਾ ਦਰਜ ਕਰਕੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਮੀਡੀਆ ਵਿਚ, ਖਾਸਕਰ ਸ਼ੋਸ਼ਲ ਮੀਡੀਆ ਵਿਚ ਛਾ ਗਏ ਸਨ। ਕਾਂਗਰਸ ਦੇ ਨਾਲ-ਨਾਲ ਲਾਡੀ ਦਾ ਵੀ ਰੰਗ ਉਡ ਗਿਆ ਸੀ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਸੀ। ਪਰ ਲੱਸੀ ਉਸ ਵੇਲੇ ਹੋ ਗਈ ਜਦੋਂ ਥਾਣੇਦਾਰ ਦੀ ਹੋਟਲ ਵਾਲੀ ਵੀਡੀਓ ਸਾਹਮਣੇ ਆ ਗਈ। ਬੇਸ਼ੱਕ ਹੋਟਲ ਜਾਣਾ ਕੋਈ ਗੁਨਾਹ ਨਹੀਂ, ਕਿਸੇ ਨਾਲ ਸਹਿਮਤੀ ਨਾਲ ਰਿਸ਼ਤੇ ਬਣਾਉਣਾ ਕੋਈ ਗੈਰ ਕਾਨੂੰਨੀ ਕਾਰਾ ਨਹੀਂ, ਪਰ ਇਕ ਵਿਆਹੁਤਾ ਵਿਅਕਤੀ ਲਈ ਗੈਰ ਔਰਤ ਨਾਲ ਸਬੰਧ ਰੱਖਣਾ ਜਾਇਜ਼ ਨਹੀਂ। ਪਰ ਇੱਥੇ ਮਾਮਲਾ ਨਿੱਜਤਾ ਨਾਲ ਵੀ ਜੁੜਿਆ ਹੈ। ਹੋਟਲ ਤੋਂ ਨਾ ਤਾਂ ਪੁਲਿਸ ਨੇ, ਨਾ ਚੋਣ ਕਮਿਸ਼ਨ ਨੇ, ਨਾ ਕਿਸੇ ਜਾਂਚ ਏਜੰਸੀ ਨੇ ਵੀਡੀਓ ਦੀ ਮੰਗ ਕੀਤੀ, ਫਿਰ ਵੀਡੀਓ ਜਨਤਕ ਕਿਵੇਂ ਹੋ ਗਈ? ਹੋਟਲ ਇੰਡਸਟਰੀ ‘ਤੇ ਇਹ ਵੱਡਾ ਦਾਗ ਹੈ ਕਿ ਤੁਸੀਂ ਕਿਸੇ ਦੀ ਨਿੱਜਤਾ ਦਾ ਕਿੰਝ ਖਲਾਰਾ ਪਾਇਆ। ਪਰ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲਾਡੀ ਖਿਲਾਫ ਪਰਚਾ ਤੇ ਐਸ ਐਚ ਓ ਦੀ ਹੋਟਲ ਵਾਲੀ ਵੀਡੀਓ ਦੀ ਕਿਤੇ ਨਾ ਕਿਤੇ ਕੜੀ ਜੁੜਦੀ ਹੈ, ਜਾਂਚ ਕਰਨਾ ਹੁਣ ਸਰਕਾਰਾਂ, ਚੋਣ ਕਮਿਸ਼ਨ, ਜਾਂਚ ਏਜੰਸੀਆਂ ਦਾ ਕੰਮ ਹੈ। ਜਿਹੋ ਜਿਹਾ ਮਾਮਲਾ ਵੀਡੀਓ ਦੇ ਹਵਾਲੇ ਨਾਲ ਤੇ ਸਰਕਾਰੀ ਦਾਅਵਿਆਂ ਅਨੁਸਾਰ ਸਾਹਮਣੇ ਆਇਆ ਹੈ ਉਸ ਹਿਸਾਬ ਨਾਲ ਤਾਂ ਪਹਿਲਾਂ ਹੋਟਲ ਵਿਚ ਕਮਰਾ ਬੁੱਕ ਹੋਇਆ, ਫਿਰ ਬੀਬੀ ਤੇ ਥਾਣੇਦਾਰ ਹੋਟਲ ਪਹੁੰਚੇ, ਫਿਰ ਹੋਟਲ ਦੇ ਕਮਰੇ ‘ਚੋਂ ਨਿਕਲ ਕੇ ਹੀ ਤੜਕੇ ਚਾਰ ਕੁ ਵਜੇ ਐਸ ਐਚ ਓ ਨੇ ਲਾਡੀ ਖਿਲਾਫ ਪਰਚਾ ਕੱਟਿਆ ਤੇ ਪਰਚਾ ਕੱਟਣ ਤੋਂ ਬਾਅਦ ਫਿਰ ਉਸੇ ਹੋਟਲ ਆਪਣੀ ਮਹਿਲਾ ਮਿੱਤਰ ਕੋਲ ਜਾ ਪਹੁੰਚੇ। ਇਸ ਲਈ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੀਆਂ ਤਾਰਾਂ ਨੂੰ ਜੇ ਜੋੜ ਕੇ ਵੇਖਿਆ ਜਾਵੇ ਤੇ ਸਰਕਾਰ ਦੇ ਕਹਿਣ ਅਨੁਸਾਰ ਅਤੇ ਵਿਰੋਧੀ ਧਿਰ ਦਾ ਕਹਿਣਾ ਕਿ ਫੋਨ ‘ਤੇ ਕੁਝ ਸਕਿੰਟਾਂ ਲਈ ਗੱਲ ਹੋਈ ਸੀ। ਕਿਤੇ ਨਾ ਕਿਤੇ ਸੰਕੇਤ ਕਰਦਾ ਹੈ ਕਿ ਥਾਣੇਦਾਰ ਵਿਰੋਧੀ ਦਲਾਂ ਦੇ ਸੀਨੀਅਰ ਆਗੂਆਂ ਦੇ ਸੰਪਰਕ ਵਿਚ ਸੀ। ਹੁਣ ਇਹ ਕਿਸ ਪੱਧਰ ਤੱਕ ਸੰਪਰਕ ਵਿਚ ਸੀ, ਇਸਦੀ ਜਾਂਚ ਵੀ ਸਰਕਾਰ ਕਰੇ, ਚੋਣ ਕਮਿਸ਼ਨ ਕਰੇ, ਜਾਂਚ ਏਜੰਸੀਆਂ ਕਰਨ। ਪਰ ਸਵਾਲ ਤਾਂ ਇਹ ਵੀ ਹੈ ਕਿ ਰਾਤ ਨੂੰ ਗਿਆਰਾਂ-ਸਾਢੇ ਗਿਆਰਾਂ ਵਜੇ ਹੋਟਲ ਦੇ ਕਮਰੇ ਵਿਚੋਂ ਥਾਣੇਦਾਰ ਨਾਲ ਵਿਰੋਧੀ ਧਿਰ ਦੇ ਲੀਡਰਾਂ ਦੀ ਫੋਨ ‘ਤੇ ਗੱਲ ਤਾਂ ਹੁੰਦੀ ਹੀ ਹੈ। ਹੁਣ ਅੱਧੀ ਰਾਤ ਨੂੰ ਫੋਨ ਚੁਟਕਲੇ ਸੁਣਾਉਣ ਲਈ ਤਾਂ ਨਹੀਂ ਕੀਤਾ ਹੋਵੇਗਾ। ਇਸ ਲਈ ਸਾਰੀ ਦਾਲ ਹੀ ਕਾਲੀ ਨਜ਼ਰ ਆ ਰਹੀ ਹੈ। ਐਸ ਐਚ ਓ ਅਜੇ ਵੀ ਆਪਣੇ ਦਾਅਵੇ ‘ਤੇ ਅੜਿਆ ਹੈ ਕਿ ਮੇਰੀ ਛੁੱਟੀ ਰੱਦ ਕਰੋ, ਮੈਂ ਲਾਡੀ ਨੂੰ ਗ੍ਰਿਫਤਾਰ ਕਰਨਾ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਹੋਟਲ ਵਾਲੀ ਵੀਡੀਓ ਮੇਰਾ ਨਿੱਜੀ ਮਾਮਲਾ ਹੈ। ਉਸ ਨੇ ਸਿੱਧਾ ਆਢਾ ਮੁੱਖ ਮੰਤਰੀ ਨਾਲ ਲੈਂਦਿਆਂ ਕਿਹਾ ਹੈ ਕਿ ਜੇ ਉਹ ਆਪਣੀ ਸਹੇਲੀ ਅਰੂਸਾ ਨਾਲ ਘੁੰਮ ਸਕਦਾ ਹੈ ਤਾਂ ਮੈਂ ਕਿਉਂ ਨਹੀਂ। ਕੁਝ ਅਜਿਹੇ ਹੀ ਸਵਾਲ ਵਿਰੋਧੀ ਧਿਰ ਦੇ ਆਗੂ ਦੇ ਵੀ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਹਕੋਟ ਜ਼ਿਮਨੀ ਚੋਣ ਤੱਕ ਛੁੱਟੀ ਦੇ ਕੇ ਉਸਦੀ ਸਹੇਲੀ ਅਰੂਸਾ ਨਾਲ ਸ਼ਿਮਲੇ ਭੇਜ ਦੇਣਾ ਚਾਹੀਦਾ ਹੈ। ਐਸ ਐਚ ਓ ਅਤੇ ਵਿਰੋਧੀ ਧਿਰ ਦੇ ਲੀਡਰ ਦੇ ਬੋਲ ਲਗਭਗ ਇਕੋ ਜਿਹੇ ਹਨ। ਇਸ ਲਈ ਇਹ ਵੀ ਜਾਂਚ ਦਾ ਵਿਸ਼ਾ ਹੈ। ਪਰ ਜਾਂਚ ਤਾਂ ਇਹ ਵੀ ਹੋਣੀ ਚਾਹੀਦੀ ਹੈ ਕਿ ਜੇ ਲਾਡੀ ਨਜਾਇਜ਼ ਮਾਈਨਿੰਗ ਧੰਦੇ ਨਾਲ ਸਬੰਧ ਰੱਖਦਾ ਹੈ ਤਦ ਉਸਦੀ ਉਮੀਦਵਾਰੀ ਰੱਦ ਕਿਉਂ ਨਹੀਂ ਕੀਤੀ ਜਾ ਰਹੀ ਤੇ ਜੇ ਨਹੀਂ ਰੱਖਦਾ ਤਦ ਚੋਣ ਕਮਿਸ਼ਨ ਸਾਹਮਣੇ ਆ ਕੇ ਆਪਣਾ ਪੱਖ ਕਿਉਂ ਨਹੀਂ ਰੱਖਦਾ। ਫਿਲਹਾਲ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਦੇ ਸਿਰ ‘ਤੇ ਸ਼ਾਹਕੋਟ ਚੋਣ ਜਿੱਤਣੀ ਚਾਹੁੰਦੀ ਹੈ ਤੇ ਵਿਰੋਧੀ ਧਿਰਾਂ ਥਾਣੇਦਾਰੀ ਦੇ ਸਹਾਰੇ ਕਾਂਗਰਸ ਤੇ ਸਰਕਾਰ ਨੂੰ ਲਾਡੀ ਦੇ ਰੂਪ ਵਿਚ ਮਾਤ ਦੇਣ ਵਿਚ ਜੁਟੀਆਂ ਹਨ। ਇੰਝ ਥਾਣਾ ਚੱਲ ਰਿਹਾ ਹੈ ਹੋਟਲ ‘ਚੋਂ।

RELATED ARTICLES
POPULAR POSTS