Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਬਚਪਨ

ਇਹੋ ਜਿਹਾ ਸੀ ਬਚਪਨ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ, 94174-21700
ਬਚਪਨ ਤੋਂ ਮੈਨੂੂੰ ਗੁਰਬਾਣੀ ਨਾਲ ਲਗਾਵ ਹੋ ਗਿਆ ਸੀ ਤੇ ਪਿੰਡ ਵਿਚ ਜਿਸ ਵੀ ਕਿਸੇ ਦੇ ਘਰ ਜਾਂ ਗੁਰਦਵਾਰੇ ਪਾਠ ਖੁੱਲ੍ਹਣਾ ਹੁੰਦਾ ਤਾਂ ਮੈਂ ਬਿਨਾਂ ਬੁਲਾਏ ਅਵੱਸ਼ ਉਥੇ ਪੁੱਜਾ ਹੁੰਦਾ। ਕਈ ਕਈ ਦਿਨ ਸੇਵਾ ਕਰਿਆ ਕਰਨੀ। ਗੁਰਦਵਾਰੇ ਤਾਂ ਹਫਤਾ ਹਫਤਾ ਭਰ ਸੇਵਾ ਕਰਨੀ। ਫਰਸ਼ਾਂ ਧੋਂਦੇ ਤੇ ਪਿੰਡ ਵਿਚੋਂ ਰਾਸ਼ਨ ਤੇ ਲੱਕੜਾਂ ਇਕੱਠਾ ਕਰਦੇ। ਸੰਗਤਾਂ ਦੀ ਚਾਹ ਪਾਣੀ ਤੇ ਪ੍ਰਸ਼ਾਦਿਆਂ ਨਾਲ ਸੇਵਾ ਕਰਦੇ। ਸਭ ਤੋਂ ਵਧੇਰੇ ਸਤੁੰਸ਼ਟੀ ਦਿੰਦਾ ਸੀ ਗੁਰੂ ਘਰ ਦੇ ਪਾਠੀਆਂ ਨੂੰ ਜਲ-ਪਾਣੀ ਤੇ ਪ੍ਰਸ਼ਾਦਾ ਛਕਾਉਣਾ। ਇਹ ਸੇਵਾ ਮੈਂ ਚਾਈਂ-ਚਾਈਂ ਤੇ ਬੜੀ ਸ਼ਰਧਾ-ਭਾਵਨਾ ਨਾਲ ਨਿਭਾਉਂਦਾ ਸਾਂ। ਇਗ ਗੱਲਾਂ ਚੌਥੀ, ਪੰਜਵੀਂ ਜਾਂ ਛੇਵੀਂ ਜਮਾਤੇ ਪੜ੍ਹਨ ਵੇਲੇ ਦੀਆਂ ਨੇ। ਸਾਡੇ ਪਿੰਡਾਂ ਨੇੜੇ ਪਿੰਡ ਮਹਿਮੂਆਣਾ ਦੇ ਬੜੇ ਗੁਣੀ-ਗਿਆਨੀ ਤੇ ਪ੍ਰਕਾਂਡ ਪਾਠੀ ਸਨ ਗਿਆਨੀ ਪ੍ਰੀਤਮ ਸਿੰਘ ਕੰਚਨ। ਉਹ ਸਾਡੇ ਪਿੰਡ ਸਹਿਜ ਪਾਠ ਕਰਨ ਆਉਂਦੇ ਤੇ ਮੇਰੇ ਰੁਚੀ ਤੇ ਸ਼ਰਧਾ ਦੇਖ ਬੜੇ ਪ੍ਰਸੰਨ ਹੁੰਦੇ। ਉਂਜ ਵੀ ਚੇਤੇ ਹੈ ਸ਼ੁੱਧ ਪਾਠ ਕਰਨ ਦੀਆਂ ਕਈ ਵਿਧੀਆਂ ਉਹ ਦੱਸਣ ਲਗਦੇ ਤੇ ਮੈਂ ਬੜੇ ਧਿਆਨ ਪੂਰਬਕ ਸੁਣਦਾ ਰਹਿੰਦਾ। ਉਹ ਸਾਈਕਲ ਉੱਤੇ ਆਉਂਦੇ। ਲੰਬਾ ਦੁੱਧ ਧੋਤਾ ਦਾਹੜਾ।
ਚਿੱਟਾ ਕੁਰਤਾ ਪਜਾਮਾ। ਨਿੱਕੀ ਪੱਗ। ਭੋਲ ਉੱਚਾ ਤੇ ਹੱਥ ਵਿਚ ਤਕੜਾ ਖੂੰਡਾ। ਛਾਲ-ਢਾਲ ਚੁਸਤ ਹੁੰਂਦੀ। ਮੈਂ ਖੂੰਡਾ ਦੇਖ ਕੇ ਸੋਚਦਾ ਕਿ ਬਾਬਾ ਜੀ ਨੂੰ ਇਸਦੀ ਕੀ ਲੋੜ ਹੈ? ਸਾਈਕਲ ਦੇ ਨਾਲ ਹੀ ਟੰਗੀ ਰੱਖਦੇ ਨੇ ਖੂੰਡਾ! ਇੱਕ ਦਨਿ ਭੋਲੇ ਪਣ ਵਿਚ ਪੁੱਛ ਬੈਠਿਆ ਤਾਂ ਹੱਸਦੇ ਹੋਏ ਬੋਲੇ, ”ਏਹ ਤੇਰੇ ਵਰਗਿਆਂ ਦੀ ਭੁਗਤ ਸੰਵਾਰਨ ਨੂੰ ਰੱਖਿਐ।” ਉਂਜ ਵੀ ਜਦ ਕਦੇ ਸਤਵਿੰਦਰ ਬਿੱਟੀ ਦਾ ਗੀਤ ਵਜਦਾ, ”ਚੱਲੋ ਗੁਰੂ ਘਰ ਚੱਲੀਏ” ਤਾਂ ਮਨ ਨੂੰ ਹੁਲਾਰਾ ਜਿਹਾ ਆ ਜਾਂਦਾ ਹੈ ਤੇ ਪਲੋ-ਪਲੀ ਗੁਰੂ ਘਰ ਚਲੇ ਜਾਣ ਲਈ ਦਿਲ ਕਰਦਾ ਹੈ। ਮੇਰੇ ਪਿੰਡ ਦੇ ਲੋਕ, ਖਾਸ ਕਰ ਬੁੱਢੀਆਂ ਮਾਈਆਂ ਮੈਨੂੰ ਅਕਸਰ ਹੀ ਆਖ ਦਿੰਦੀਆਂ ਨੇ, ”ਵੇ ਮੁੰਡਿਆਂ, ਨਿੱਕਾ ਹੁੰਦਾ ਤੂੰ ਗੁਰੂ ਘਰ ਦੀ ਬਾਹਲੀ ਸੇਵਾ ਕਰਦਾ ਹੁੰਦਾ ਸੈਂ, ਉਹੀ ਸੇਵਾ ਤੈਨੂੰ ਤਾਰਗੀ, ਰੱਬ ਰਾਜ਼ੀ ਰੱਖੇ।” ਘਰ ਵਿਚ ਜਦ ਮੈਂ ਗੁਟਕਾ ਸਾਹਬ ਰੱਖ ਕੇ ਪਾਠ ਕਰਿਆ ਕਰਨਾ ਤਾਂ ਮੇਰੀ ਦਾਦੀ ਖੁਸ਼ ਹੋ-ਹੋ ਕੇ ਅਸੀਸਾਂ ਦੀਆਂ ਝੜੀਆਂ ਲਾ ਦਿੰਦੀ। ਉਂਜ ਵੀ ਦਾਦੀ ਦੇ ਬੋਲ ਚੇਤੇ ਨੇ, ”ਮੇਰੇ ਲਾਲ ਨੂੰ ਵਾਖਰੂ ਤਰੱਕੀਆਂ ਬਖਸ਼ੂ।” ਮੈਂ ਉਤਸ਼ਾਹ ਵਿਚ ਆ ਕੇ ਕਈ ਵਾਰ ਸਾਰਾ ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ।
ਦਾਦੀ ਦੇਗ ਬਣਾ ਦਿੰਦੀ ਤੇ ਸਾਰੇ ਟੱਬਰ ਨੂੰ ਵੰਡਦੀ। ਤਾਏ ਦੇ ਚਿੱਟੇ ਰੇਡੀਓ ਉਤੋਂ ਪ੍ਰਸਾਰਿਤ ਹੁੰਦਾ ਕੀਤਰਨ ਮੈਨੂੰ ਇੱਕ ਪਲ ਭਰ ਵੀ ਰੇਡੀਓ ਤੋਂ ਜੁਦਾ ਨਾ ਹੋਣ ਦਿੰਦਾ। ਰੇਡੀਓ ਸਾਡੇ ਘਰ ਦੇ ਵਰਾਂਡੇ ਵਿਚ ਬੇਰੋਕ ਤੇ ਸਾਰਾ ਸਾਰਾ ਦਿਨ ਬੋਲਦਾ। ਥਾਏ ਹੁਰੀਂ ਖੇਤੀ ਕਰਦੇ ਸਨ। ਦਿਹਾਤੀ ਪ੍ਰਗਰਾਮ ਵਿਚ ਪੇਸ਼ ਹੁੰਦੀ ਇੱਕ ਇੱਕ ਗੱਲ ਸੁਣਦੇ। ਮੰਡੀਆਂ ਦੇ ਭਾਅ। ਕਿਵੇਂ ਸਪਰੇ ਕਰਨੀ ਹੈ? (ਉਦੋਂ ਸਪਰੇਆਂ ਬਾਬਤ ਬੜਾ ਘੱਟ ਦੱਸਿਆ ਜਾਂਦਾ ਸੀ, ਕਿਉਂਕਿ ਕਰਦਾ ਹੀ ਕੋਈ ਨਹੀਂ ਸੀ) ਕਿਹੜਾ ਬੀਜ ਵਰਤਣਾ ਤੇ ਕਿੰਨਾਂ ਵਰਤਣਾ? ਪਾਣੀ ਕਿੰਨੇ ਲਾਉਣੇ ਨੇ ਰੂੜੀ ਕਦ ਪਾਉਣੀ ਹੈ? ਫਿਰ ਖੇਤੀ ਨਾਲ ਸਬੰਧਤ ਖਬਰਾਂ ਚਲਦੀਆਂ ਤੇ ਗੀਤ ਵਜਦੇ। ਉਤਸਾਦ ਯਮਲਾ ਜੱਟ ਦੀ ਤੁੰਬੀ ਟੁਣਕਦੀ ਤੇ ਉਹ ਗਾਉਂਦਾ, ਆਪ-ਮੁਹਾਰੇ ਉਹ ਬੋਲ ਅੱਜ ਵੀ ਚੇਤੇ ਵਿਚ ਵੱਸੇ ਨੇ: ਜੱਟਾ ਜੀਵਨ ਜੋਗਿਆ
ਕਿਉਂ ਬਣ ਬੈਠੋਂ ਅਨਜਾਣ
ਤੇਰੀ ਕਣਕ ਦੇ ਦਾਣੇ ਵੇਖ ਕੇ
ਜੱਟਾ ਮੋਤੀ ਪਏ ਸ਼ਰਮਾਣ
ਤੇਰੀ ਹਲ ਤੇ ਪੰਜਾਲੀ ਹੀਰਿਆਂ
ਰੱਖਿਆ ਦੇਸ਼ ਦਾ ਮਾਣ
ਤੇਰੇ ਗੋਰੇ-ਲਾਖੇ ਸੋਹਣਿਆਂ
ਹੱਲ ਦੁਨੀਆਂ ਦੇ ਭਗਵਾਨ
ਦੁੱਧਾ ਵਿਚ ਮਧਾਣੀਆਂ ਪਈਆਂ
ਗੀਤ ਅਗੰਮੀ ਗਾਣ
ਅੱਜ ਜੱਟਾ ਵੇਲਾ ਆ ਗਿਐ
ਤੂੰ ਆਪਣਾ ਫਰਜ਼ ਪਛਾਣ
ਅੱਜ ਇਸ ਗੀਤ ਬਾਰੇ ਸੋਚਦਾ ਹਾਂ ਕਿ ਉਸਤਾਦ ਯਮਲਾ ਜੱਟ ਕਿਰਸਾਨ ਦੀ ਮਹਿਮਾ ਕਰਦੇ ਹੋਏ ਨਾਲ ਦੀ ਨਾਲ ਉਸਨੂੰ ਸਮੇਂ ਅਨੁਸਾਰ ਚੱਲਣ ਵਾਸਤੇ ਸੁਚੇਤ ਵੀ ਕਰਦੇ ਹਨ। ਰੇਡੀਓ ਨਾਲ ਮੈਂ ਬਚਪਨ ਤੋਂ ਜੁੜ ਗਿਆ ਇਸ ਲਈ ਰੇਡੀਓ ਨੇ ਮੈਨੂੰ ਬੜਾਂ ਕੁਝ ਸਿਖਾਇਆ। ਫਿਰ ਜਦ ਸਮਾਂ ਪਿਆ ਰੇਡੀਓ ਉਤੇ ਕੰਮ ਵੀ ਜਾ ਕੀਤਾ, ਅਨਾਊਂਸਰ ਵੀ ਬਣਿਆ। ਘਾਇਆ ਵੀ ਤੇ ਬਥੇਰੇ ਪ੍ਰੋਗਰਾਮ ਪੇਸ਼ ਕੀਤੇ ਤਾਏ ਦੇ ਚਿੱਟੇ ਰੰਗੇ ਰੇਡੀਓ ਨੇ ਕਦੇ ਖਹਿੜਾ ਨਾ ਛੱਡਆ, ਹਮੇਸ਼ਾ ਅੰਗ-ਸੰਗ ਰਿਹਾ ਤਾਏ ਦਾ ਰੇਡੀਓ! ਉਂਜ ਤਾਇਆ ਵੀ ਨਹੀਂ। ਰੇਡੀਓ ਵੀ ਪਤਾ ਨਹੀਂ ਟੁੱਟ ਭੱਜ ਵਿਚ ਕਦੋਂ ਕਿਹੜਾ ਕਬਾੜੀਆ ਲੈ ਗਿਆ ਹੋਣਾ? (ਪਰ ਇਹ ਸਭ ਵਸਤਾਂ ਸਾਨੂੰ ਜ਼ਿੰਦਗੀ ਵਿਚ ਕਿੰਨਾ ਯੋਗਦਾਨ ਦਿੰਦੀਆਂ ਨੇ ਇਹ ਵੱਖਰੇ ਬੈਠ ਕੇ ਸੋਚਣ ਤੇ ਵਾਚਣ ਵਾਲੀ ਗੱਲ ਹੈ।) ਅੱਜ ਕਿਸ ਕੋਲ ਵਿਹਲ ਹੈ ਅਜਿਹੀਆਂ ਗੱਲਾਂ ਬਾਬਤ ਸੋਚਣ ਦੀ? ਕੋਈ ਸੋਚੇ ਨਾ ਸੋਚੇ, ਮੈਂ ਤਾਂ ਸੋਚਦਾ ਹਾਂ।
(ਚਲਦਾ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …