Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ
(ਕਿਸ਼ਤ-7)
ਘੁੰਡ ਕੱਢ ਲੈ ਪੱਤਣ ‘ਤੇ ਖੜੀਏ
(ਪਿਛਲੇ ਹਫ਼ਤੇ ਦੀ ਬਾਕੀ)
ਨਵੀਂ ਵਿਆਹੀ ਵਹੁਟੀ ਨੂੰ ਸਹੁਰੇ ਪਿੰਡ ਘੁੰਡ ਕੱਢ ਕੇ ਮੜ੍ਹਕ ਨਾਲ ਤੁਰਨਾ ਪੈਂਦਾ ਤਾਂ ਕਿ ਦੇਖਣ ਵਾਲਿਆਂ ‘ਤੇ ਉਸ ਦੀ ਸੋਹਣੀ ਬਾਂਕੀ ਤੋਰ ਦਾ ਪ੍ਰਭਾਵ ਪੈ ਸਕੇ। ਪਰ ਹਰ ਰੋਜ਼ ਇਸ ਤਰ੍ਹਾਂ ਤੁਰਨਾ ਮੁਟਿਆਰ ਨੂੰ ਬੜਾ ਔਖਾ ਕਾਰਜ ਜਾਪਦਾ ਤੇ ਉਹ ਖਿੱਝੀ ਹੋਈ ਦੁਖੀ ਹੋ ਕੇ ਕਹਿਣ ਲਈ ਮਜਬੂਰ ਹੋ ਜਾਂਦੀ :ਘੁੰਡ ਕੱਢਣਾ ਮੜ੍ਹਕ ਨਾਲ ਤੁਰਨਾ,
ਸਹੁਰੇ ਆ ਕੇ ਦੋ-ਦੋ ਪਿੱਟਣੇ…
ਮੁਟਿਆਰ ਜਦੋਂ ਬਣ ਠਣ ਕੇ ਘੁੰਡ ਕੱਢ ਕੇ ਤੁਰਦੀ ਤਾਂ ਕੋਈ ਮਨਚਲਾ ਦਰਸ਼ਕ ਟਕੋਰ ਕਰਕੇ ਕਹਿੰਦਾ :
ਬਾਰੀ ਬਰਸੀਂ ਖੱਟਣ ਗਏ ਸੀ, ਖੱਟ ਕੇ ਲਿਆਂਦੀਆਂ ਪੱਖੀਆਂ,
ਘੁੰਡ ਵਿਚ ਕੈਦ ਕੀਤੀਆਂ ਗੋਰਾ ਰੰਗ ਤੇ ਸ਼ਰਬਤੀ ਅੱਖੀਆਂ …
ਜਦੋਂ ਉਹ ਹੱਸ ਹੱਸ ਕੇ ਗੱਲਾਂ ਕਰਦੀ ਤਾਂ ਉਸਦੇ ਮੋਤੀਆਂ ਵਰਗੇ ਦੁੱਧ ਚਿੱਟੇ ਦੰਦ ਘੁੰਡ ਵਿਚੋਂ ਦੀ ਲਿਸ਼ਕਾਰੇ ਮਾਰ ਕੇ ਦੇਖਣ ਵਾਲਿਆਂ ਦਾ ਮਨ ਮੋਹ ਲੈਂਦੇ :
ਘੁੰੰਡ ਵਿਚ ਹੱਸਦੀ ਦੇ ਤੇਰੇ ਦੰਦ ਲਿਸ਼ਕਣ ਮੁਟਿਆਰੇ …
ਕਿਸੇ ਦਰਸ਼ਕ ਨੂੰ ਉਸ ਦੀਆਂ ਚਮਕੀਲੀਆਂ ਬਲੌਰੀ ਅੱਖਾਂ ਬੱਦਲਾਂ ਵਿਚ ਚਮਕਦੇ ਤਾਰਿਆਂ ਵਾਂਗ ਸੋਹਣੀਆਂ ਲੱਗਦੀਆਂ :
ਘੁੰਡ ਵਾਲੀ ਦੇ ਨੇਤਰ ਸੋਹਣੇ, ਜਿਉਂ ਬੱਦਲਾਂ ਵਿਚ ਤਾਰੇ …
ਜਦੋਂ ਉਹ ਆਪਣੇ ਚੰਦ ਵਰਗੇ ਸੋਹਣੇ ਮੁੱਖੜੇ ਨੂੰ ਘੁੰਡ ਕੱਢ ਕੇ ਲੁਕਾ ਲੈਂਦੀ ਤਾਂ ਦੇਖਣ ਵਾਲਿਆਂ ਦੇ ਮੂੰਹੋਂ ਬੋਲ ਨਿਕਲ ਜਾਂਦੇ :
ਨਿੰਮਾ ਹੱਸ ਕੇ ਜਦੋਂ ਘੁੰਡ ਕੱਢਿਆ,
ਚੰਦ ਉਤੇ ਛਾ ਗਈ ਬੱਦਲੀ …
ਉਹ ਆਪਣਾ ਨਗ ਵਾਲਾ ਸੋਨੇ ਦਾ ਸੋਹਣਾ ਕਲਿੱਪ ਲੋਕਾਂ ਨੂੰ ਦਿਖਾਉਣ ਲਈ ਬੜੀ ਜੁਗਤ ਨਾਲ ਘੁੰਡ ਕੱਢਦੀ :
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ,
ਸਹੁਰੇ ਕੋਲੋਂ ਘੁੰਡ ਕੱਢਦੀ …
ਭਾਵੇਂ ਉਹ ਆਪਣੇ ਹੁਸਨ ਨੂੰ ਘੁੰਡ ਵਿਚ ਲੁਕਾਉਣ ਦਾ ਲੱਖ ਯਤਨ ਕਰਦੀ ਪਰ ਜਿਵੇਂ ਚੰਨ ਚੜ੍ਹਿਆ ਨਹੀਂ ਛੁਪਦਾ। ਇਸੇ ਤਰ੍ਹਾਂ ਹੀ ਉਸ ਦਾ ਗੋਰਾ ਨਿਛੋਹ ਰੰਗ ਤੇ ਦਿਲਕਸ਼ ਸੁੰਦਰ ਨੈਣ ਨਕਸ਼ ਘੁੰਡ ਵਿਚ ਲੁਕਾਇਆ ਨਾ ਲੁਕਦੇ :
ਅੰਗ ਸੰਗ ਵਿਚ ਰਚੀ ਜਵਾਨੀ, ਚੱਲਦੇ ਹੁਸਨ ਫੁਹਾਰੇ,
ਛਣ-ਛਣ ਮੇਰੀ ਝਾਂਜਰ ਛਣਕੇ, ਝੁਮਕੇ ਲੈਣ ਹੁਲਾਰੇ,
ਘੁੰਡ ਵਿਚ ਨਹੀਂ ਛੁਪਦੇ ਸੱਜਣਾ ਨੈਣ ਕੁਆਰੇ…
ਪਹਿਲੇ ਸਮਿਆਂ ਵਿਚ ਸ਼ਰੀਫ ਛੜੇ ਜੇਠ ਘਰ ਵੜਨ ਸਮੇਂ ਖੰਘੂਰਾ ਮਾਰ ਕੇ ਜਾਂ ਦਰਵਾਜ਼ਾ ਖੜਕਾ ਕੇ ਭਰਜਾਈਆਂ ਨੂੰ ਸਾਵਧਾਨ ਕਰ ਦਿੰਦੇ ਤਾਂ ਕਿ ਉਹ ਘੁੰਡ ਦਾ ਉਹਲਾ ਕਰ ਲੈਣ। ਪਰ ਕਈ ਘਾਗ ਚੁੱਪ ਚੁਪੀਤੇ ਦੱਬੇ ਪੈਰੀਂ ਬਿਨਾ ਆਹਟ ਕਰੇ ਅੰਦਰ ਘੁਸ ਆਉਂਦੇ ਤੇ ਕੰਮ ਧੰਦੇ ਵਿਚ ਰੁੱਝੀ ਹੋਈ ਅਵੇਸਲੀ ਭਾਬੀ ਨੂੰ ਹੱਥਾਂ ਪੈਰਾਂ ਦੀ ਪਾ ਦਿੰਦੇ। ਭਰਜਾਈ ਜੇਠ ਨੂੰ ਦੇਖ ਕੇ ਪਾਣੀ ਪਾਣੀ ਹੋ ਜਾਂਦੀ ਤੇ ਛੇਤੀ ਛੇਤੀ ਪੱਲਾ ਕਰ ਲੈਂਦੀ ਪਰ ਖਰਚਾ ਜੇਠ ਭਾਬੀ ਦਾ ਮੂੰਹ ਦੇਖਣ ਵਿਚ ਕਾਮਯਾਬ ਹੋ ਜਾਂਦਾ। ਭਾਬੀ ਕਿਸੇ ਗੁਆਂਢਣ ਸਹੇਲੀ ਕੋਲ ਰੋਣਾ ਰੋਂਦੀ ਹੋਈ ਕਹਿੰਦੀ :
ਨੀ ਮੈਂ ਕਿੱਦਾਂ ਘੁੰਡ ਕੱਢਾਂ, ਨਾ ਖੰਘੂਰਾ ਮਾਰੇ ਜੇਠ…
ਕੋਈ ਛੜਾ ਹੇਠ ਮਨ ਹੀ ਮਨ ਸੋਚਦਾ ਕਿ ਜੇ ਭਾਬੀ ਘੁੰਡ ਕੱਢਣੋਂ ਹਟ ਜਾਵੇ ਤਾਂ ਮੌਜਾਂ ਲੱਗ ਜਾਣ :
ਜੇ ਭਾਬੀ ਜੀ ਤੋਂ ਘੁੰਡ ਛੱਡ ਦੇਂ, ਸਹੁੰ ਰੱਬ ਦੀ ਮੌਜ ਬਣ ਜਾਵੇ…
ਪਰ ਚੁਸਤ ਚਲਾਕ ਚੁਕੰਨੀ ਭਰਜਾਈ ਭਾਵੇਂ ਕੰਮ ਵਿਚ ਰੁੱਝੀ ਹੁੰਦੀ ਛੜੇ ਜੇਠ ਤੋਂ ਘੁੰਡ ਕੱਢਣਾ ਨਾ ਭੁੱਲਦੀ :
ਛੜਾ ਜੇਠ ਕੁਤਰਾ ਕਰੇ, ਘੁੰਡ ਕੱਢ ਕੇ ਚਰੀ ਦਾ ਰੁੱਗ ਲਾਵਾਂ…
ਕਈ ਠਰਕੀ ਸਹੁਰੇ ਵੀ ਨੂੰਹ ਦਾ ਮੂੰਹ ਦੇਖਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੇ ਰਹਿੰਦੇ। ਅਜਿਹੇ ਹੀ ਕਿਸੇ ਸਹੁਰੇ ਦੇ ਹੱਥੋਂ ਤੰਗ ਪ੍ਰੇਸ਼ਾਨ ਨੂੰਹ ਮਨ ਹੀ ਮਨ ਇਸ ਮੁਸ਼ਕਲ ਦਾ ਹੱਲ ਸੋਚਦੀ :
ਕੋਰੀ ਕੋਰੀ ਕੂੰਡੀ ਵਿਚ ਮਿਰਚਾਂ ਰਗੜਾਂ,
ਸਹੁਰੇ ਦੀ ਅੱਖ ਵਿਚ ਪਾ ਦਿੰਨੀਆਂ,
ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀਆਂ…
ਕੋਈ ਬਿਗੜਿਆ ਹੋਇਆ ਸਾਧ ਭਿੱਛਿਆ ਦੇ ਨਾਲ ਨਾਲ ਖੈਰ ਪਾਉਣ ਵਾਲੀ ਹੁਸੀਨ ਮੁਟਿਆਰ ਦੇ ਘੁੰਡ ਵਿਚ ਛੁਪੇ ਹੋਏ ਹੁਸਨ ਦਾ ਝਾਕਾ ਵੀ ਲੈਣਾ ਚਾਹੁੰਦਾ :
ਘੁੰਡ ਕੱਢ ਕੇ ਖੈਰ ਨਾ ਪਾਈਏ, ਸਾਧੂ ਹੁੰਦੇ ਰੱਬ ਵਰਗੇ …
ਕਿਸੇ ਵਿਆਹੁਲੇ ਗਿੱਧੇ ਵਿਚ ਲੰਮਾ ਘੁੰਡ ਕੱਢ ਕੇ ਨੱਚ ਰਹੀ ਕਿਸੇ ਛੈਲ ਛਬੀਲੀ ਮੇਲਣ ਦੇ ਘੁੰਡ ਉਹਲੇ ਲੁਕੇ ਹੋਏ ਸੋਹਣੇ ਚਿਹਰੇ ਨੂੰ ਦੇਖਣ ਲਈ ਉਤਸਕ ਕੋਈ ਦਰਸ਼ਕ ਗੱਭਰੂ ਉਸ ਨੂੰ ਘੁੰਡ ਕੱਢਣ ਤੋਂ ਵਰਜਦਾ ਹੋਇਆ ਬੋਲੀ ਪਾਉਂਦਾ :
ਘੁੰਡ ਦਾ ਏਥੇ ਕੰਮ ਵੀ ਗਿੱਧੇ ਵਿਚ, ਏਥੇ ਤੇਰੇ ਹਾਣੀ,
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ ਜਾਂ ਘੁੰਡ ਕੱਢਦੀ ਕਾਣੀ,
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ, ਘੁੰਡ ‘ਚੋਂ ਅੱਖ ਪਛਾਣੀ,
ਖੁੱਲ੍ਹ ਕੇ ਨੱਚ ਗੋਰੀਏ, ਬਣ ਜਾ ਗਿੱਧੇ ਦੀ ਰਾਣੀ …
ਝਾਕਾ ਲੈਣ ਦਾ ਸ਼ੁਕੀਨ ਕੋਈ ਹੋਰ ਮਨਚਲਾ ਚੋਬਰ ਗਿੱਧੇ ਦੇ ਪਿੜ ਵਿਚ ਨੱਚ ਰਹੀ ਮੇਲਣ ਨੂੰ ਸੰਬੋਧਨ ਕਰਕੇ ਬੋਲੀ ਪਾਉਂਦਾ :
ਘੁੰਡ ਮੁਖੜੇ ਤੋਂ ਰਤਾ ਕੁ ਪਛਾਂਹ ਕਰਕੇ,
ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂਹ ਕਰਕੇ
ਮੁਕਲਾਵੇ ਆਈ ਨਵੀਂ ਵਹੁਟੀ ਨੂੰ ਉਸਦੀ ਨਣਦ ਗਿੱਧੇ ਵਿਚ ਨੱਚਣ ਲਈ ਕਹਿੰਦੀ :
ਨਵੀਂ ਬਹੂ ਮੁਕਲਾਵੇ ਆਈ, ਤੁਰਦੀ ਬਾਂਹ ਲਮਕਾ ਕੇ,
ਨੱਚ ਲੈ ਨੀ ਭਾਬੀ, ਘੁੰਡ ਨੂੰ ਪਰਾਂ ਹਟਾ ਕੇ…
ਕੋਈ ਭਾਬੀ ਜੁਆਨ ਹੋ ਰਹੇ ਦਿਉਰ ਨੂੰ ਵਿਆ ਕਰਵਾਉਣ ਲਈ ਪ੍ਰੇਰਦੀ ਹੋਈ ਕਹਿੰਦੀ :
ਘੁੰਡ ਕੱਢ ਕੇ ਸਲਾਮੀ ਪਾਮਾਂ, ਵਿਆਹ ਕਰਵਾ ਦੇਵਰਾ …
ਪੱਤਣ ਤੋਂ ਪਾਣੀ ਭਰ ਰਹੀ ਕਿਸੇ ਰੂਪਮਤੀ ਮੁਟਿਆਰ ਦੇ ਅੱਗ ਦੇ ਅੰਗਿਆਰੇ ਵਾਂਗ ਦਗ ਦਗ ਕਰਦੇ ਚਿਹਰੇ ਨੂੰ ਦੇਖ ਕੇ ਕੋਈ ਗੱਭਰੂ ਮਨ ਹੀ ਮਨ ਕਹਿੰਦਾ :
ਘੁੰਡ ਕੱਢ ਲੈ ਪੱਤਣ ‘ਤੇ ਖੜ੍ਹੀਏ, ਪਾਣੀਆਂ ਨੂੰ ਅੱਗ ਲੱਗ ਜੂ…
ਗੰਢੇ ਦੀ ਛਿੱਲ ਵਰਗੇ ਪਤਲੇ ਡੋਰੀਏ ਦੀ ਚੁੰਨੀ ਨਾਲ ਕੱਢੇ ਘੁੰਡ ਵਿਚੋਂ ਕਿਸੇ ਹੁਸ਼ਨਾਕ ਦੇ ਹੁਸੀਨ ਚਿਹਰੇ ਨੂੰ ਦੇਖ ਕੇ ਕਿਸੇ ਗੱਭਰੂ ਦੇ ਮੂੰਹੋਂ ਮੱਲੋ ਮੱਲੀ ਬੋਲ ਨਿਕਲ ਜਾਂਦੇ :
ਘੁੰਡ ਵਿਚ ਅੱਗ ਮੱਚਦੀ, ਚੁੰਨੀ ਸਾੜ ਨਾ ਲਈਂ ਮੁਟਿਆਰੇ…
ਕੋਈ ਨਟਖਟ ਮੁਟਿਆਰ ਆਪਣੇ ਸੁਲਫੇ ਦੀ ਲਾਟ ਵਰਗੇ ਹੁਸਨ ਦਾ ਜਲਵਾ ਦਿਖਾ ਕੇ ਛੜਿਆਂ ਦਾ ਕਾਲਜਾ ਲੂਹ ਸੁੱਟਦੀ :
ਘੁੰਡ ਚੱਕ ਕੇ ਬੀਹੀ ‘ਚੋਂ ਜਾਣਾ, ਛੜਿਆ ਦੀ ਹਿੱਕ ਲੂਹਣ ਨੂੰ…
ਇਸ਼ਕ ਦੇ ਡੰਗੇ ਆਸ਼ਕਾਂ ਲਈ ਘੁੰਡ ਅਸਹਿ ਪੀੜ ਦੇਣ ਵਾਲਾ ਹੁੰਦਾ ਹੈ ਕਿਉਂਕਿ ਘੁੰਡ ਪ੍ਰੇਮਿਕਾ ਦਾ ਦੀਦਾਰ ਕਰਨ ਵਿਚ ਰੋਕ ਖੜ੍ਹੀ ਕਰ ਦਿੰਦਾ ਹੈ :
ਹਿੱਕ ਸੜ ਕੇ ਖੰਘਰ ਅੱਜ ਹੋਈ, ਲੰਘ ਗਈ ਘੁੰਡ ਕੱਢ ਕੇ…
ਕੋਈ ਸੱਸ ਤਰ੍ਹਾਂ ਤਰ੍ਹਾਂ ਦੇ ਦੂਸ਼ਣ ਲਾ ਕੇ ਨੂੰਹ ਨੂੰ ਭੰਡਦੀ ਤੇ ਘਰ ਆਏ ਪੁੱਤ ਦੇ ਕੰਨ ਭਰ ਕੇ ਨੂੰਹ ਦੇ ਵਿਰੁੱਧ ਉਕਸਾਉਂਦੀ। ਜਦੋਂ ਨੂੰਹ ਦੇ ਸਬਰ ਦਾ ਪਿਆਲਾ ਭਰ ਜਾਂਦਾ ਤਾਂ ਉਹ ਸੱਸ ਨੂੰ ਚਿਤਾਵਨੀ ਦਿੰਦੀ ਹੋਈ ਕਹਿੰਦੀ :
ਆਰੇ…ਆਰੇ…ਆਰੇ
ਸੱਸ ਮੇਰੀ ਬੜੀ ਔਂਤਰੀ, ਨੀ ਉਹ ਧੁਖਦੀ ਤੇ ਫੂਕਾਂ ਮਾਰੇ,
ਮਾਹੀ ਕੋਲ ਲਾਵੇ ਲੂਤੀਆਂ, ਚੜ੍ਹ ਕੇ ਵਿਚ ਚੁਬਾਰੇ,
ਕਹਿੰਦੀ ਇਹ ਨਾ ਘੁੰਡ ਕੱਢਦੀ, ਇਹਨੂੰ ਗੱਭਰੂ ਕਰਨ ਇਸ਼ਾਰੇ,
ਸੱਸੇ ਸੰਭਲ ਜਾ ਨੀ, ਦਿਨੇ ਦਿਖਾ ਦੂੰ ਤਾਰੇ …
ਪੰਜਾਬ ਵਿਚ ਅੰਗਰੇਜ਼ੀ ਰਾਜ ਸਥਾਪਤ ਹੋਣ ਮਗਰੋਂ, ਵਿੱਦਿਆ ਦੇ ਪਾਸਾਰ ਤੇ ਸਿੰਘ ਸਭਾ ਵਲੋਂ ਫੋਕੇ ਰਸਮੋਂ ਰਿਵਾਜ਼ ਤੇ ਸਮਾਜਕ ਕੁਰੀਤੀਆਂ ਵਿਰੁੱਧ ਕੀਤੇ ਪ੍ਰਚਾਰ ਕਾਰਨ ਔਰਤਾਂ ਵਿਚ ਜਾਗ੍ਰਿਤੀ ਆਉਣ ਲੱਗੀ ਤੇ ਹੌਲੀ ਹੌਲੀ ਘੁੰਡ ਦਾ ਰਿਵਾਜ਼ ਘਟਣਾ ਸ਼ੁਰੂ ਹੋ ਗਿਆ। ਪੰਜਾਬ ਦੀ ਬਜ਼ੁਰਗ ਪੀੜ੍ਹੀ ਨੂੰ ਨੂੰਹਾਂ ਦਾ ਅਜਿਹਾ ਕਰਨਾ ਚੰਗਾ ਨਾ ਲੱਗਾ, ਜਿਸ ਦੀ ਝਲਕ ਸਾਡੇ ਲੋਕ ਗੀਤਾਂ ਵਿਚੋਂ ਵੀ

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …