Breaking News
Home / ਪੰਜਾਬ / ਖਾਲਸਾ ਯੂਨੀਵਰਸਿਟੀ ਨੂੰ ਖ਼ਤਮ ਕਰਨ ਦਾ ਰਾਹ ਪੱਧਰਾ

ਖਾਲਸਾ ਯੂਨੀਵਰਸਿਟੀ ਨੂੰ ਖ਼ਤਮ ਕਰਨ ਦਾ ਰਾਹ ਪੱਧਰਾ

ਰਾਜਪਾਲ ਵਲੋਂ ਖਾਲਸਾ ਯੂਨੀਵਰਸਿਟੀ ਦੇ ਐਕਟ ਨੂੰ ਖਤਮ ਕਰਨ ਵਾਲੇ ਆਰਡੀਨੈਂਸ ਨੂੰ ਪ੍ਰਵਾਨਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਖਾਲਸਾ ਯੂਨੀਵਰਸਿਟੀ ਦੇ ਐਕਟ ਨੂੰ ਖ਼ਤਮ ਕਰਨ ਵਾਲੇ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉੱਚ ਪੱਧਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ ਜਾਵੇਗਾ। ਕੈਪਟਨ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਕਾਇਮ ਕੀਤੀ ਗਈ ਖਾਲਸਾ ਯੂਨੀਵਰਸਿਟੀ ਨੂੰ ਖ਼ਤਮ ਕਰਨ ਸਬੰਧੀ ਆਰਡੀਨੈਂਸ ਨੂੰ ਮੰਤਰੀ ਮੰਡਲ ਤੋਂ ਪ੍ਰਵਾਨਗੀ ਦਿਵਾ ਕੇ ਰਾਜਪਾਲ ਨੂੰ ਭੇਜਿਆਂ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸੀ ਪਰ ਇਸ ‘ਤੇ ਰਾਜਪਾਲ ਬਦਨੌਰ ਦੀ ਮੋਹਰ ਨਾ ਲੱਗਣ ਕਾਰਨ ਮਾਮਲਾ ਲਟਕਿਆ ਪਿਆ ਸੀ। ਇਸ ਯੂਨੀਵਰਸਿਟੀ ਨੂੰ ਖ਼ਤਮ ਕਰਨ ਦਾ ਰਾਹ ਪੱਧਰਾ ਹੋਣ ਕਾਰਨ ਮਜੀਠੀਆ ਪਰਿਵਾਰ ਨੂੰ ਵੱਡਾ ਧੱਕਾ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਵੀ ਰਹੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਖਾਲਸਾ ਯੂਨੀਵਰਸਿਟੀ ਨੂੰ ਖ਼ਤਮ ਕਰਨ ਦਾ ਮਾਝੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਕਾਨੂੰਨ ਖ਼ਤਮ ਕਰਕੇ ਉਨ੍ਹਾਂ ਵੱਲੋਂ ਆਪਣਾ ਵਾਅਦਾ ਨਿਭਾ ਦਿੱਤਾ ਗਿਆ ਹੈ।ਇਹ ਮਾਮਲਾ ਮਾਝੇ ਖਿੱਤੇ ਵਿੱਚ ਸਿਆਸੀ ਪੱਖ ਤੋਂ ਵੀ ਤੂਲ ਫੜ ਸਕਦਾ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਖਾਲਸਾ ਕਾਲਜ ਦੇ ਇੱਕ ਵੱਡੇ ਹਿੱਸੇ ‘ਤੇ ਹੀ ਨਿੱਜੀ ਯੂਨੀਵਰਸਿਟੀ ਕਾਇਮ ਕਰਨ ਲਈ ਵਿਸ਼ੇਸ਼ ਕਾਨੂੰਨ ਵਿਧਾਨ ਸਭਾ ਤੋਂ ਪਾਸ ਕਰਾਇਆ ਸੀ। ਇਸ ਯੂਨੀਵਰਸਿਟੀ ਨੂੰ ਚਲਦਿਆਂ ਮਹਿਜ਼ ਇੱਕ ਸਾਲ ਦਾ ਹੀ ਸਮਾਂ ਹੋਇਆ ਹੈ। ਕੈਪਟਨ ਸਰਕਾਰ ਦੇ ਤਾਜ਼ਾ ਫ਼ੈਸਲੇ ਨੇ ਇੱਕ ਸਾਲ ਪਹਿਲਾਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਭਵਿੱਖ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਪੰਜਾਬ ਸਰਕਾਰ ਵਲੋਂ ਖ਼ਾਲਸਾ ਕਾਲਜ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿਵਾਉਣ ਦਾ ਯਤਨ
ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਵੱਲੋਂ ਉਸਾਰੀਆਂ ਇਮਾਰਤਾਂ ਨੂੰ ‘ਵਿਸ਼ਵ ਵਿਰਾਸਤ’ ਦਾ ਦਰਜਾ ਦਿਵਾਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ, ਜਿਸ ਵਿੱਚ ਇਤਿਹਾਸਕ ਖ਼ਾਲਸਾ ਕਾਲਜ ਦੀ ਇਮਾਰਤ ਵੀ ਸ਼ਾਮਲ ਹੈ। ਇਸੇ ਮੰਤਵ ਨਾਲ ਯੂਨੈਸਕੋ ਟੀਮ ਵੱਲੋਂ ਕਾਲਜ ਦਾ ਦੌਰਾ ਕੀਤਾ ਗਿਆ। ਦੂਜੇ ਪਾਸੇ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਕਾਲਜ ਦੀ ਇਮਾਰਤ ਨੂੰ ਵਿਰਾਸਤੀ ਸੂਚੀ ਵਿੱਚ ਸ਼ਾਮਲ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਭਾਈ ਰਾਮ ਸਿੰਘ ਵੱਲੋਂ ઠਉਸਾਰੀਆਂ ਗਈਆਂ ਇਮਾਰਤਾਂ ਵਿੱਚ ਅੰਮ੍ਰਿਤਸਰ ਦਾ ਖ਼ਾਲਸਾ ਕਾਲਜ, ਕਪੂਰਥਲਾ ਦਾ ਦਰਬਾਰ ਹਾਲ ਅਤੇ ਸੰਗਰੂਰ ਦਾ ਬਨਾਰਸ ਬਾਗ਼ ਪ੍ਰਮੁੱਖ ਹਨ। ਇਨ੍ਹਾਂ ਨੂੰ ਭਾਈ ਰਾਮ ਸਿੰਘ ਵੱਲੋਂ ਆਜ਼ਾਦੀ ਤੋਂ ਪਹਿਲਾਂ ਉਸਾਰਿਆ ਗਿਆ ਸੀ, ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਇਮਾਰਤਸਾਜ਼ੀ ਦੀ ਕਲਾ ਦੇ ਦਸਤਾਵੇਜ਼ੀ ਪ੍ਰਮਾਣਾਂ ਵਜੋਂ ਸਾਂਭਣਾ ਚਾਹੁੰਦੀ ਹੈ। ਇਸੇ ਮੰਤਵ ਨਾਲ ਯੂਨੈਸਕੋ ਟੀਮ ਨੇ ਖ਼ਾਲਸਾ ਕਾਲਜ ਦਾ ਦੌਰਾ ਕੀਤਾ, ਜਿਸ ਵਿੱਚ ਯੂਨੈਸਕੋ ਦੀ ਭਾਰਤ ਵਿਚ ਮੁਖੀ ਮੋਏ ਚਿਬਾ ਅਤੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਤੇ ਹੋਰ ਪਤਵੰਤੇ ਸ਼ਾਮਲ ਸਨ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …