ਸੁਰੱਖਿਆ ਏਜੰਸੀਆਂ ਹੋਈਆਂ ਚੌਕਸ
ਪਠਾਨਕੋਟ : ਪਠਾਨਕੋਟ ਸ਼ਹਿਰ ਦੀ ਡਿਫੈਂਸ ਰੋਡ ‘ਤੇ ਪੈਂਦੀ ਕਰੋਲੀ ਖੱਡ ਕੋਲ ਸੜਕ ਕਿਨਾਰੇ ਆਟੇ ਦੀ ਬੋਰੀ ਵਿੱਚੋਂ ਤਿੰਨ ਫੌਜੀ ਵਰਦੀਆਂ ਮਿਲਣ ਨਾਲ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਤਵਾਰ ਰਾਤ ਸਾਢੇ 8 ਵਜੇ ਦੇ ਕਰੀਬ ਉਥੋਂ ਲੰਘ ਰਹੇ ਕਿਸੇ ਵਿਅਕਤੀ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਸਾਰੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਤੁਰੰਤ ਇਸ ਥਾਂ ਨੂੰ ਸੀਲ ਕਰ ਦਿੱਤਾ ਗਿਆ। ਸਾਰੇ ਖੇਤਰ ਨੂੰ ਹਾਈ ਅਲਰਟ ਕਰ ਦਿੱਤਾ ਗਿਆ। ਭਾਰੀ ਗਿਣਤੀ ਵਿੱਚ ਪੁਲਿਸ, ਸਵੈਟ ਟੀਮਾਂ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਜਵਾਨ ਵੀ ਉਥੇ ਪੁੱਜ ਗਏ ਅਤੇ ਸਾਰੀ ਰਾਤ ਬੁਲਟ ਪਰੂਫ਼ ਟਰੈਕਟਰਾਂ ਤੇ ਗੱਡੀਆਂ ਦੀ ਸਹਾਇਤਾ ਨਾਲ ਇਸ ਖੇਤਰ ਦੀ ਤਲਾਸ਼ੀ ਵਿੱਚ ਜੁਟੇ ਰਹੇ। ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਪੰਜਾਬ ਪੁਲਿਸ ਦੇ ਸਰਹੱਦੀ ਰੇਂਜ ਦੇ ਆਈਜੀ ਨੌਨਿਹਾਲ ਸਿੰਘ ਅਤੇ ਡੀਆਈਜੀ ਬਾਰਡਰ ਰੇਂਜ ਏ.ਕੇ. ਮਿੱਤਲ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਨੂੰ ਇਸ ਘਟਨਾ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਤਲਾਸ਼ੀ ਅਭਿਆਨ ਲਈ ਹੋਰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮਗਰੋਂ ਸਵੈਟ ਟੀਮਾਂ ਅਤੇ ਪੁਲਿਸ ਜਵਾਨਾਂ ਨੇ ਖੇਤਰ ਦਾ ਚੱਪਾ-ਚੱਪਾ ਛਾਣਿਆ ਪਰ ਉਨ੍ਹਾਂ ਦੇ ਹੱਥ ਹੋਰ ਸਬੂਤ ਨਾ ਲੱਗਿਆ। ਜਿਸ ਆਟੇ ਦੀ ਬੋਰੀ ਵਿੱਚੋਂ ਫੌਜੀ ਵਰਦੀਆਂ ਮਿਲੀਆਂ ਹਨ, ਉਸ ਉਪਰ ਅਮਰ ਫਲੋਰ ਮਿੱਲ ਗੰਗਿਆਲ (ਜੰਮੂ) ਲਿਖਿਆ ਹੋਇਆ ਹੈ, ਜਿਸ ਤੋਂ ਸੂਹੀਆ ਏਜੰਸੀਆਂ ਦੀ ਸ਼ੱਕ ਦੀ ਸੂਈ ਇਸ ਫਲੋਰ ਮਿੱਲ ਉਪਰ ਟਿਕ ਗਈ ਹੈ।
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …